ਰੂਪਨਗਰ, 21 ਸਤੰਬਰ (ਸਟਾਫ਼ ਰਿਪੋਰਟਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਚੱਲ ਰਹੇ ਸੇਵਾ ਪੰਦ੍ਹਰਵਾੜੇ ਤਹਿਤ ਰੂਪਨਗਰ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਕਈ ਸੇਵਾ ਕਾਰਜ ਕੀਤੇ ਗਏ | ਇਸ ਅਧੀਨ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਅੱਖਾਂ ਦਾ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ, ਜਿਸ ਰਾਹੀਂ 15 ਲੋੜਵੰਦ ਮਰੀਜ਼ਾਂ ਦੀ ਚੋਣ ਕਰਕੇ ਉਨ੍ਹਾਂ ਦੇ ਨੇਤਰ ਓਪਰੇਸ਼ਨ ਕਰਵਾਏ ਗਏ | ਭਾਜਪਾ ਕੌਮੀ ਸੰਸਦੀ ਬੋਰਡ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਖ਼ੁਦ ਹਸਪਤਾਲ ਪੁੱਜਕੇ ਓਪਰੇਸ਼ਨ ਤੋਂ ਬਾਅਦ ਮਰੀਜ਼ਾਂ ਨਾਲ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਜੀਵਨ ਸੇਵਾ ਹੀ ਸੰਕਲਪ ਦਾ ਪ੍ਰਤੀਕ ਹੈ ਅਤੇ ਅਜੈਵੀਰ ਸਿੰਘ ਵਰਗੇ ਨੌਜਵਾਨ ਸੱਚੀ ਸੇਵਾ ਦੀ ਪੇ੍ਰਰਨਾ ਦੇ ਰਹੇ ਹਨ | ਇਸ ਮੌਕੇ ਡਾ. ਪਵਨ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਚਿਕਿਤਸਿਕ ਕੁਸ਼ਲਤਾ ਨਾਲ ਓਪਰੇਸ਼ਨ ਸਫਲ ਹੋਏ | ਇਸੇ ਪ੍ਰੋਗਰਾਮ ਤਹਿਤ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਰੂਪਨਗਰ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ | ਇਸਦੀ ਅਗਵਾਈ ਅਜੈਵੀਰ ਸਿੰਘ ਲਾਲਪੁਰਾ ਨੇ ਕੀਤੀ | ਭਾਜਪਾ ਜ਼ਿਲ੍ਹਾ ਪ੍ਰਧਾਨ ਅਮਨ ਕਾਬੜਵਾਲ ਨੇ ਕਿਹਾ ਕਿ ਰੁੱਖ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਮਤੀ ਧਰੋਹਰ ਹਨ | ਲਾਲਪੁਰਾ ਨੇ ਕਿਹਾ ਕਿ ਰੁੱਖ ਲਗਾਉਣਾ ਸਿਰਫ਼ ਰਸਮ ਨਹੀਂ, ਸਗੋਂ ਇਕ ਜਨ ਅੰਦੋਲਨ ਹੈ | ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਆਗੂ ਤੇ ਕਾਰਕੁਨ ਹਾਜ਼ਰ ਸਨ, ਜਿਨ੍ਹਾਂ ਨੇ ਪੌਦੇ ਲਗਾ ਕੇ ਸਮਾਜ ਨੂੰ ਹਰੇ-ਭਰੇ ਵਾਤਾਵਰਨ ਅਤੇ ਸਾਫ਼-ਸੁਥਰੇ ਭਾਰਤ ਦਾ ਸੰਦੇਸ਼ ਦਿੱਤਾ | ਸਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਲੰਬੀ ਉਮਰ ਅਤੇ ਦੇਸ਼ ਦੀ ਤਰੱਕੀ ਲਈ ਅਰਦਾਸ ਵੀ ਕੀਤੀ |