ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ)-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਖੇਡ ਮੈਦਾਨਾਂ 'ਚ ਢੁਕਵਾਂ ਮਾਹੌਲ ਸਿਰਜਿਆ ਹੈ, ਜਿਸ ਨਾਲ ਖੇਡ ਮੈਦਾਨਾਂ 'ਚ ਰੋਣਕਾਂ ਲੱਗੀਆਂ ਹਨ | ਖਿਡਾਰੀਆਂ ਲਈ ਵਿੱਦਿਅਕ ਅਦਾਰੇ 'ਚ ਹਰ ਵਿਦਿਆਰਥੀ ਦੀ ਖੇਡਾਂ ਵੱਲ ਰੁਚੀ ਦੇਖ ਪਰਖ ਕੇ ਉਸ ਨੂੰ ਤਰਾਸ਼ਿਆ ਜਾਂਦਾ ਹੈ, ਇਸੇ ਲਈ ਖੇਡ ਮਾਹਿਰਾ ਵਲੋਂ ਵਿੱਦਿਅਕ ਅਦਾਰਿਆਂ ਨੂੰ ਖਿਡਾਰੀਆਂ ਦੀ ਨਰਸਰੀ ਮੰਨਿਆ ਗਿਆ ਹੈ | 69ਵੀਆਂ ਪੰਜਾਬ ਰਾਜ ਸਕੂਲ ਖੇਡਾਂ ਫੁੱਟਬਾਲ 19 ਸਾਲ ਵਰਗ ਲੜਕੇ 'ਚ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਤੇ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੀ ਫੁੱਟਬਾਲ ਟੀਮ ਵਲੋਂ ਚਾਂਦੀ ਦਾ ਤਗ਼ਮਾ ਜਿੱਤਣ ਮੌਕੇ ਵਧਾਈ ਦਿੰਦੇ ਹੋਏ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਵਿੱਦਿਅਕ ਅਦਾਰਿਆਂ ਦੀ ਨੁਹਾਰ ਬਦਲਣ ਦੇ ਨਾਲ ਨਾਲ ਵਿਦਿਆਰਥੀਆਂ ਲਈ ਬੁਨਿਆਂਦੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਹਨ | ਸੂਬੇ ਦੇ ਸਰਕਾਰੀ ਵਿੱਦਿਅਕ ਅਦਾਰਿਆਂ 'ਚ ਖੇਡਾਂ ਲਈ ਢੁਕਵਾ ਵਾਤਾਵਰਣ ਹੈ, ਸਰਕਾਰੀ ਵਿੱਦਿਅਕ ਅਦਾਰਿਆਂ 'ਚ ਸੂਟਿੰਗ ਰੇਂਜ, ਐਸਟੋਟਰਫ ਗਰਾਊਡ, ਆਲ ਵੈਦਰ ਸਵੀਮਿੰਗ ਪੂਲ ਵਿਦਿਆਰਥੀਆਂ ਨੂੰ ਖੇਡਾਂ ਦੇ ਅਨੁਕੂਲ ਵਾਤਾਵਰਣ ਦੇ ਰਹੇ ਹਨ | ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਐਂਡ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜੋ ਸਮੇਂ ਸਮੇਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾ ਰਿਹਾ ਹੈ, ਇਸ ਲਈ ਵਿਦਿਆਰਥੀ ਅਤੇ ਕੋਚ ਵਿਸੇਸ਼ ਤੌਰ 'ਤੇ ਵਧਾਈ ਦੇ ਪਾਤਰ ਹਨ | ਇਸ ਮੌਕੇ ਫੁੱਟਬਾਲ ਕੋਚ ਅਮਰਜੀਤ ਸਿੰਘ ਅਤੇ ਸੁਸ਼ੀਲ ਕੁਮਾਰ ਨੂੰ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਓਲੰਪੀਅਨ ਰਣਜੀਤ ਸਿੰਘ, ਅਕੈਡਮੀ ਦੇ ਅਥੈਟਿਕਸ ਕੋਚ ਜਗਬੀਰ ਸਿੰਘ, ਹਰਬਿੰਦਰ ਸਿੰਘ, ਦਰਪਾਲ ਸਿੰਘ, ਬਾਕਸਿੰਗ ਕੋਚ ਗੁਰਜੀਤ ਕੌਰ, ਹੋਸਟਲ ਵਾਰਡਨ ਮਨਿੰਦਰਵੀਰ ਸਿੰਘ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਵਧਾਈ ਦਿੱਤੀ |