ਰੂਪਨਗਰ, 23 ਦਸੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮਹਾਤਮਾ ਗਾਂਧੀ ਨਰੇਗਾ ਸਕੀਮ ਦੇ ਨਾਮ ਅਤੇ ਢਾਂਚੇ ਵਿਚ ਕੀਤੀਆਂ ਤਬਦੀਲੀਆਂ ਗ਼ਰੀਬ ਮਜ਼ਦੂਰਾਂ ਨਾਲ ਸਿੱਧਾ ਧੋਖਾ ਹਨ | ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ 'ਤੇ ਬਣੀ, ਗ਼ਰੀਬਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਕਰਨ ਵਾਲੀ ਸਕੀਮ ਦਾ ਨਾਮ ਬਦਲ ਕੇ ਉਸ ਵਿਚ 'ਰਾਮ ਜੀ' ਦਾ ਨਾਮ ਜੋੜਨਾ ਰਾਜਨੀਤੀ ਤੋਂ ਪ੍ਰੇਰਿਤ ਅਤੇ ਸ਼ਰਾਰਤ ਪੂਰਨ ਕਦਮ ਹੈ | ਇਕ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਦੇਸ਼ ਦੀ ਵੱਡੀ ਆਬਾਦੀ ਪਿੰਡਾਂ ਵਿਚ ਵੱਸਦੀ ਹੈ ਅਤੇ ਭਾਰਤ ਦੀ ਅਰਥਵਿਵਸਥਾ ਖੇਤੀ-ਅਧਾਰਤ ਹੈ | ਪਿੰਡਾਂ ਵਿਚ ਵੱਡੀ ਗਿਣਤੀ ਅਜਿਹੇ ਮਜ਼ਦੂਰਾਂ ਦੀ ਹੈ ਜੋ ਬਿਨਾਂ ਕਿਸੇ ਹੁਨਰ ਦੇ ਦਿਹਾੜੀ 'ਤੇ ਨਿਰਭਰ ਹਨ | ਅਜਿਹੇ ਗੈਰ ਹੁਨਰਮੰਦ ਮਜ਼ਦੂਰਾਂ ਨੂੰ ਲਗਾਤਾਰ ਰੋਜ਼ਗਾਰ ਦੇਣ ਅਤੇ ਭੁੱਖਮਰੀ ਤੋਂ ਬਚਾਉਣ ਲਈ 2005 ਵਿਚ ਮਗਨਰੇਗਾ ਸਕੀਮ ਲਾਗੂ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਉਸ ਸਮੇਂ ਯੂਪੀਏ ਸਰਕਾਰ ਦੌਰਾਨ, ਜਦੋਂ ਸੋਨੀਆ ਗਾਂਧੀ ਯੂ.ਪੀ.ਏ. ਦੀ ਚੇਅਰਪਰਸਨ ਅਤੇ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਤਦ ਮਗਨਰੇਗਾ ਕਾਨੂੰਨ ਰਾਹੀਂ ਹਰ ਗ਼ਰੀਬ ਮਜ਼ਦੂਰ ਨੂੰ ਸਾਲਾਨਾ ਘੱਟੋ-ਘੱਟ 100 ਦਿਨਾਂ ਦਾ ਰੋਜ਼ਗਾਰ ਕਾਨੂੰਨੀ ਹੱਕ ਵਜੋਂ ਦਿੱਤਾ ਗਿਆ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਬਹੁਤ ਵੱਡੀ ਸਦੀਵੀ ਸ਼ਰਧਾਂਜਲੀ ਦਿੱਤੀ ਗਈ ਸੀ,ਇਸ ਲਈ ਜੌਬ ਕਾਰਡ ਬਣਾਏ ਗਏ ਅਤੇ ਖੇਤੀ, ਸੜਕਾਂ, ਗਲੀਆਂ, ਨਾਲੀਆਂ, ਜੰਗਲਾਤ ਆਦਿ ਨਾਲ ਜੁੜੇ ਕੰਮ ਦਿੱਤੇ ਗਏ | ਉਸ ਸਮੇਂ ਸਕੀਮ ਦੀ 90 ਫੀਸਦੀ ਫੰਡਿੰਗ ਕੇਂਦਰ ਸਰਕਾਰ ਅਤੇ ਕੇਵਲ 10 ਫੀਸਦੀ ਸੂਬਿਆਂ ਵਲੋਂ ਕੀਤੀ ਜਾਂਦੀ ਸੀ | ਰਾਣਾ ਕੇ. ਪੀ. ਸਿੰਘ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਦੇ ਕੇਂਦਰ ਵਿਚ ਆਉਣ ਤੋਂ ਬਾਅਦ ਨਾ ਤਾਂ 100 ਦਿਨਾਂ ਦਾ ਕੰਮ ਯਕੀਨੀ ਬਣਾਇਆ ਗਿਆ ਅਤੇ ਨਾ ਹੀ ਪੂਰੀ ਫੰਡਿੰਗ ਮਿਲੀ | ਹੁਣ ਫੰਡਿੰਗ ਅਨੁਪਾਤ 60:40 ਕਰਕੇ ਸੂਬਿਆਂ 'ਤੇ ਬੇਲੋੜਾ ਆਰਥਿਕ ਬੋਝ ਪਾਇਆ ਗਿਆ ਹੈ, ਜਦਕਿ ਸੂਬੇ ਪਹਿਲਾਂ ਹੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਰੋਜ਼ਾਨਾ ਦੇ ਖ਼ਰਚੇ ਚਲਾਉਣ ਲਈ ਸੰਘਰਸ਼ ਕਰ ਰਹੇ ਹਨ | ਅਜਿਹਾ ਕਰਨ ਨਾਲ ਇਹ ਸਕੀਮ ਆਪਣੇ ਆਪ ਦਮ ਤੋੜ ਜਾਵੇਗੀ | ਇਸ ਨਾਲ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ ਅਤੇ ਸਕੀਮ ਨੂੰ ਅਮਲ ਵਿਚ ਫ਼ੇਲ੍ਹ ਕਰਨ ਵੱਲ ਧੱਕਿਆ ਜਾ ਰਿਹਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮਗਨਰੇਗਾ ਨੂੰ ਇਸੇ ਤਰ੍ਹਾਂ ਘੁੱਟਿਆ ਗਿਆ ਤਾਂ ਕਰੋੜਾਂ ਗ਼ਰੀਬ ਮਜ਼ਦੂਰ ਮੁੜ ਬੇਰੁਜ਼ਗਾਰ ਹੋ ਜਾਣਗੇ | 125 ਦਿਨਾਂ ਦਾ ਕੰਮ ਦੇਣ ਦੇ ਦਾਅਵਿਆਂ ਨੂੰ ਉਨ੍ਹਾਂ ਨੇ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਦੱਸਿਆ, ਕਿਉਂਕਿ ਦੇਸ਼ ਅਜੇ ਤੱਕ ਸਾਰੇ ਲੋੜਵੰਦਾਂ ਨੂੰ 100 ਦਿਨਾਂ ਦਾ ਕੰਮ ਵੀ ਯਕੀਨੀ ਨਹੀਂ ਬਣਾ ਸਕਿਆ | ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਨਾਮ ਸਕੀਮ ਤੋਂ ਹਟਾਉਣ ਦੀ ਕੋਈ ਲੋੜ ਨਹੀਂ ਸੀ | ਗਾਂਧੀ ਜੀ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਵਿਚ ਅਹਿੰਸਾ, ਗ਼ਰੀਬੀ ਉਨਮੂਲਨ ਅਤੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਦੇ ਪ੍ਰਤੀਕ ਹਨ | ਉਨ੍ਹਾਂ ਦੱਸਿਆ ਕਿ ਯੂਐਨ ਵਲੋਂ ਵੀ ਮਹਾਤਮਾ ਗਾਂਧੀ ਦੀ ਸੋਚ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਦੁਨੀਆ ਦੀਆਂ ਕਈ ਯੂਨੀਵਰਸਿਟੀਆਂ ਵਿਚ ਉਨ੍ਹਾਂ ਦੇ ਨਾਮ 'ਤੇ ਚੇਅਰ ਸਥਾਪਿਤ ਹਨ | ਪਰ ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਇਹਨਾਂ ਨੂੰ ਪਹਿਲੇ ਦਿਨ ਤੋਂ ਹੀ ਮਹਾਤਮਾ ਗਾਂਧੀ ਜੀ ਅਤੇ ਜਵਾਹਰ ਲਾਲ ਨਹਿਰੂ ਵਰਗਿਆਂ ਨਾਲ ਦਿਲੋਂ ਚਿੜ ਹੈ ਜੋ ਇਹਨਾਂ ਮਹਾਨ ਵਿਅਕਤੀਆਂ ਨੂੰ ਲੋਕਾਂ ਦੇ ਮਨੋਂ ਵਿਸਾਰਨ ਦੀਆਂ ਚਾਲਾਂ ਚੱਲ ਰਹੇ ਹਨ | ਉਨ੍ਹਾਂ ਕਿਹਾ, Tਅਸੀਂ ਵੀ ਹਿੰਦੂ ਹਾਂ ਅਤੇ ਰਾਮ ਜੀ ਦਾ ਸਤਿਕਾਰ ਕਰਦੇ ਹਾਂ, ਪਰ ਮਹਾਤਮਾ ਗਾਂਧੀ ਨਾਲ ਨਫ਼ਰਤ ਦੀ ਭਾਵਨਾ ਤਹਿਤ ਸਕੀਮ ਦਾ ਨਾਮ ਬਦਲ ਕੇ ਰਾਮ ਜੀ ਦੇ ਨਾਮ ਨਾਲ ਜੋੜਨਾ ਸੌੜੀ ਸਿਆਸਤ ਨੂੰ ਦਰਸਾਉਂਦਾ ਹੈ |U ਉਨ੍ਹਾਂ ਪੰਜਾਬ ਸਰਕਾਰ, ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਸੂਬਿਆਂ ਨੂੰ ਅਪੀਲ ਕੀਤੀ ਕਿ ਗ਼ਰੀਬ ਦੇ ਪੇਟ 'ਤੇ ਚੱਲ ਰਹੀ ਛੁਰੀ ਦੇ ਖ਼ਿਲਾਫ਼ ਇਕੱਠੇ ਹੋ ਕੇ ਇਸ ਤਰਮੀਮ ਦਾ ਡਟ ਕੇ ਵਿਰੋਧ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਐਡਵੋਕੇਟ ਵਿਸ਼ਵਪਾਲ ਸਿੰਘ ਰਾਣਾ, ਕੌਂਸਲਰ ਪੋਮੀ ਸੋਨੀ, ਗੁਰਵੀਰ ਸਿੰਘ ਬਾਲਾ, ਰਜੇਸ਼ਵਰ ਲਾਲੀ ਸਮੇਤ ਹੋਰ ਕਾਂਗਰਸ ਆਗੂ ਤੇ ਵਰਕਰ ਵੀ ਮੌਜੂਦ ਸਨ |