ਰੂਪਨਗਰ, 23 ਦਸੰਬਰ (ਸਤਨਾਮ ਸਿੰਘ ਸੱਤੀ)-ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ 'ਤੇ ਜ਼ਿਲ੍ਹਾ ਰੂਪਨਗਰ ਦੇ ਵੈਟਰਨਰੀ ਡਾਕਟਰਾਂ ਵਲੋਂ ਅੱਜ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਵੈਟਨਰੀ ਸੇਵਾਵਾਂ ਮੁਕੰਮਲ ਤੌਰ 'ਤੇ ਠੱਪ ਕਰ ਦਿੱਤੀਆਂ ਗਈਆਂ | ਦੋ ਦਿਨਾਂ ਲਈ ਸੇਵਾਵਾਂ ਰੋਕਣ ਦੇ ਫੈਸਲੇ ਦੇ ਪਹਿਲੇ ਦਿਨ ਜ਼ਿਲ੍ਹੇ ਭਰ ਦੇ ਵੈਟਰਨਰੀ ਡਾਕਟਰ ਆਪਣੇ-ਆਪਣੇ ਪੌਲੀਕਲੀਨਿਕਾਂ ਵਿਖੇ ਇਕੱਠੇ ਹੋਏ ਅਤੇ ਸਰਕਾਰ ਦੇ ਬੇਰੁਖੀ ਭਰੇ ਰਵੱਈਏ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ | ਧਰਨਾਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਵੈਟਰਨਰੀ ਡਾਕਟਰ ਪਿਛਲੇ ਕਰੀਬ ਪੰਜ ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਮੌਜੂਦਾ ਸਰਕਾਰ ਵਲੋਂ ਸਿਰਫ਼ ਲਾਰੇ ਹੀ ਲਗਾਏ ਜਾ ਰਹੇ ਹਨ ਅਤੇ ਡਾਕਟਰਾਂ ਦੀਆਂ ਮੁੱਖ ਮੰਗਾਂ ਵਿਚ 42 ਸਾਲਾਂ ਤੋਂ ਚੱਲੀ ਆ ਰਹੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਦੀ ਬਹਾਲੀ, ਡੀ.ਏ.ਸੀ.ਪੀ. (4-9-14) ਸਕੀਮ ਦੀ ਬਹਾਲੀ, ਐਚ.ਆਰ.ਏ. ਆਨ ਐਨ.ਪੀ.ਏ. ਮੁੜ ਲਾਗੂ ਕਰਨਾ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਦੇਣੀ ਸ਼ਾਮਲ ਹੈ | ਰੋਸ ਪ੍ਰਦਰਸ਼ਨ ਦੌਰਾਨ ਡਾਕਟਰਾਂ ਵਲੋਂ ਸਰਕਾਰ ਦੇ ਵਿੱਤ ਵਿਭਾਗ ਦਾ ਮਿਤੀ 4.1.2021 ਦਾ ਪੱਤਰ ਅਤੇ ਪਸ਼ੂ ਪਾਲਣ ਵਿਭਾਗ ਵਲੋਂ 12.1.2021 ਨੂੰ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣਾ ਗੁੱਸਾ ਜਾਹਿਰ ਕੀਤਾ ਗਿਆ | ਸੰਬੋਧਨ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਇਹ ਦਸਤਾਵੇਜ਼ ਧੋਖੇ ਅਤੇ ਗਲਤ ਢੰਗ ਨਾਲ ਪੇਅ-ਪੈਰਿਟੀ ਭੰਗ ਕਰਨ ਦੇ ਸਬੂਤ ਹਨ | ਧਰਨੇ ਨੂੰ ਸੰਬੋਧਨ ਕਰਦਿਆਂ ਵਕਤਾਵਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਜੀ ਤੌਰ 'ਤੇ ਦਖਲ ਦੇ ਕੇ ਵੈਟਨਰੀ ਡਾਕਟਰਾਂ ਦੀਆਂ ਮੰਗਾਂ ਨੂੰ ਤਰਜੀਹੀ ਆਧਾਰ 'ਤੇ ਹੱਲ ਕਰਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਡਾ. ਰਾਜ ਕੁਮਾਰ (ਡੀ.ਡੀ.ਏ.ਐੱਚ. ਰੂਪਨਗਰ) ਉਚੇਚੇ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਤੋਂ ਇਲਾਵਾ ਡਾ. ਗੋਪਾਲ ਕਿ੍ਸ਼ਨ (ਜ਼ਿਲ੍ਹਾ ਪ੍ਰਧਾਨ), ਡਾ. ਆਕਾਸ਼ ਗਰਗ, ਡਾ. ਨਰੇਸ਼, ਡਾ. ਪੁਸ਼ਪ ਸੈਣੀ, ਡਾ. ਤੇਜਿੰਦਰ, ਡਾ. ਸ਼ਰੂਤੀ, ਡਾ. ਬੱਤਰਾ, ਡਾ. ਪੁਰੀ, ਡਾ. ਹਰਤੇਗ, ਡਾ. ਪਰਮਵੀਰ, ਡਾ. ਮਨਪ੍ਰੀਤ, ਡਾ. ਹਰਸਿਮਰਨ, ਡਾ. ਰਵਨੀਤ, ਡਾ. ਜਸਕਰਨ, ਡਾ. ਦਵਿੰਦਰ, ਡਾ. ਮਨਵੀਰ, ਡਾ. ਰਮਨਦੀਪ, ਡਾ. ਸੰਦੀਪ, ਡਾ. ਧੀਰਜ ਅਤੇ ਡਾ. ਬਲਜਿੰਦਰ ਸਮੇਤ ਵੱਡੀ ਗਿਣਤੀ ਵਿਚ ਵੈਟਰਨਰੀ ਡਾਕਟਰਾਂ ਨੇ ਸੰਬੋਧਨ ਕੀਤਾ |