ਚੌਂਕ ਮਹਿਤਾ, 22 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਂਕ ਵਿਖੇ ਸਫਰ-ਏ- ਸ਼ਹਾਦਤ ਦੇ ਗੌਰਵਮਈ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਗੁਰਬਾਣੀ ਦੇ ਜਾਪ ਨਾਲ ਹੋਈ | ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਚਮਕੌਰ ਦੀ ਜੰਗ, ਵੱਡੇ ਸਾਹਿਬਜਾਦਿਆਂ ਦੀ ਯੁੱਧ ਵਿੱਚ ਸ਼ਹਾਦਤ, ਸਰਸਾ ਨਦੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਨਾਲ ਵਿਛੋੜਾ, ਛੋਟੇ ਸ਼ਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਗੌਰਵਮਈ ਇਤਿਹਾਸ ਨੂੰ ਗੁਰਬਾਣੀ ਕੀਰਤਨ, ਭਾਸ਼ਣ, ਧਾਰਮਿਕ ਕਵਿਤਾਵਾਂ, ਕੋਰੀਓਗ੍ਰਾਫੀ ਆਦਿ ਰਾਹੀਂ ਯਾਦ ਕੀਤਾ | ਉਸ ਦੁਖਦਾਇਕ ਘੜੀ ਦੀ ਯਾਦ ਵਿਚ ਸੰਸਥਾ ਨੇ ਗੁਰੂ ਸਾਹਿਬ, ਉਨ੍ਹਾਂ ਦੇ ਪਰਿਵਾਰ ਅਤੇ ਸਮੂਹ ਸ਼ਹੀਦਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸਕੂਲ ਵਿਦਿਆਰਥੀਆਂ ਨੇ ਗਤਕੇ ਦੇ ਜ਼ੌਹਰ ਵੀ ਦਿਖਾਏ | ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਸੰਧੂ, ਡਾਇਰੈਕਟਰ ਸ੍ਰੀਮਤੀ ਸੁਖਬੀਰ ਕੌਰ ਸੰਧੂ, ਡਾਇਰੈਕਟਰ ਡਾ. ਖੁਸ਼ਪ੍ਰੀਤ ਕੌਰ ਸੰਧੂ, ਡਾ. ਜਸਪ੍ਰੀਤ ਸਿੰਘ ਸੰਧੂ, ਸਕੂਲ ਪਿ੍ੰਸੀਪਲ ਮੈਡਮ ਸਤਵਿੰਦਰ ਕੌਰ ਰੰਧਾਵਾ, ਸਮੂਹ ਸਟਾਫ, ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ |