ਚਵਿੰਡਾ ਦੇਵੀ, 22 ਦਸੰਬਰ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ 'ਚ ਸ਼ਹੀਦੀ ਦਿਹਾੜੇ ਮਨਾਏ ਗਏ | ਇਨ੍ਹਾਂ ਸ਼ਹੀਦੀ ਦਿਹਾੜਿਆਂ 'ਚ ਵਿਸ਼ੇਸ਼ ਅਸੈਂਬਲੀ ਆਯੋਜਿਤ ਕੀਤੀ ਗਈ | ਜਿਸ ਵਿਚ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਸ਼ਬਦਾਂ ਦਾ ਉਚਾਰਨ ਕੀਤਾ ਗਿਆ | ਅਸੈਂਬਲੀ ਵਿਚ ਸਕੂਲ ਦੇ ਅਧਿਆਪਕ ਸਾਹਿਬਾਨ ਅਤੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ | ਸਕੂਲ ਵਿਚ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਵਿਖਾਈ ਗਈ | ਇਨ੍ਹਾਂ ਦਿਨਾਂ ਵਿਚ ਸਕੂਲ ਦੇ ਗੁਰਦੁਆਰਾ ਸਾਹਿਬ ਵਿਚ ਵਿਦਿਆਰਥੀਆਂ ਦੁਆਰਾ ਪਾਠ ਦਾ ਉਚਾਰਨ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮ.ਡੀ. ਕੋਮਲ ਕਪੂਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੀ ਦਿਹਾੜਾ ਸਾਨੂੰ ਕੁਰਬਾਨੀ, ਸੱਚਾਈ ਅਤੇ ਇਨਸਾਫ਼ ਦੇ ਮਾਰਗ ਦੀ ਯਾਦ ਦਿਵਾਉਂਦਾ ਹੈ | ਸ਼ਹੀਦਾਂ ਨੇ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਧਰਮ, ਮਨੁੱਖਤਾ ਅਤੇ ਆਜ਼ਾਦੀ ਦੀ ਰੱਖਿਆ ਲਈ ਆਪਣਾ ਸਰਬੱਤ ਨਿਛਾਵਰ ਕੀਤਾ | ਉਨ੍ਹਾਂ ਦੀ ਸ਼ਹਾਦਤ ਇਹ ਸਿਖਾਉਂਦੀ ਹੈ ਕਿ ਸੱਚ ਦਾ ਪੱਖ ਫੜਨ ਲਈ ਹਿੰਮਤ ਅਤੇ ਅਟੱਲ ਵਿਸ਼ਵਾਸ ਲੋੜੀਂਦਾ ਹੈ | ਸਿੱਖ ਇਤਿਹਾਸ ਵਿਚ ਸ਼ਹੀਦੀਆਂ ਸਿਰਫ਼ ਮੌਤ ਦੀ ਕਹਾਣੀ ਨਹੀਂ, ਬਲਕਿ ਜ਼ੁਲਮ ਦੇ ਵਿਰੁੱਧ ਅਡਿੱਗ ਖੜ੍ਹੇ ਰਹਿਣ ਦੀ ਪ੍ਰੇਰਨਾ ਹਨ | ਇਸ ਮੌਕੇ ਸਕੂਲ ਦੇ ਡਾਇਰੈਕਟਰ ਮਿਸਟਰ ਸ਼ਵੀ ਕਪੂਰ, ਪਿ੍ੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਸਨ |
ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ 'ਚ ਸ਼ਹੀਦੀ ਦਿਹਾੜਾ ਮਨਾਇਆ
ਅਜੀਤ ਡੈਸਕ
23-12-2025