ਨਾਭਾ, 3 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ | ਇਸੇ ਤਹਿਤ ਦੇਸ਼ ਦੇ ਨਾਮੀ ਪ੍ਰੀਤ ਗਰੁੱਪ ਨਾਭਾ ਵਲੋਂ ਅੱਜ ਘਰੇਲੂ ਸਾਮਾਨ ਦੀਆਂ ਇਕ ਹਜ਼ਾਰ ਕਿੱਟਾਂ ਦਾ ਇਕ ਟਰੱਕ ਜ਼ਿਲ੍ਹਾ ਗੁਰਦਾਸਪੁਰ ਦੇ ਲੋੜਵੰਦ ਪਰਿਵਾਰਾਂ ਲਈ ਭੇਜੀਆਂ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੀਤ ਗਰੁੱਪ ਦੇ ਐਮ.ਡੀ. ਹਰੀ ਸਿੰਘ ਨੇ ਕਿਹਾ ਕਿ ਅਜਿਹੇ ਔਖੇ ਸਮੇਂ ਵਿਚ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਦੀ ਆਪਣੀ ਹੱਕ-ਸੱਚ ਦੀ ਕਮਾਈ 'ਚੋਂ ਦਸਵੰਧ ਕੱਢ ਕੇ ਉਨ੍ਹਾਂ ਦੀ ਮਦਦ ਕਰੀਏ | ਉਨ੍ਹਾਂ ਕਿਹਾ ਕਿ ਜਿਥੇ ਪਿਛਲੇ ਲੰਮੇ ਸਮੇਂ ਤੋਂ ਪ੍ਰੀਤ ਗਰੁੱਪ ਹਰ ਲੋੜਵੰਦ ਪਰਿਵਾਰ ਨਾਲ ਖੜ੍ਹਦਾ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਹ ਕੁਦਰਤੀ ਆਫ਼ਤਾਂ ਕਾਰਨ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਆਪਣਾ ਹੱਥ ਵਟਾਉਂਦਾ ਰਹੇਗਾ | ਇਸ ਮੌਕੇ ਪ੍ਰੀਤ ਗਰੁੱਪ ਦੇ ਡਾਇਰੈਕਟਰ ਗੁਰਚਰਨ ਸਿੰਘ, ਪ੍ਰੇਮ ਸਿੰਘ, ਗੁਰਪ੍ਰੀਤ ਸਿੰਘ ਪ੍ਰੀਤ, ਹੰਨਦੀਪ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਕੰਪਨੀ ਦੇ ਮੁਲਾਜ਼ਮ ਮੌਜੂਦ ਸਨ |