ਸ੍ਰੀ ਅਨੰਦਪੁਰ ਸਾਹਿਬ, 3 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਦੇਰ ਰਾਤ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੱਸਿਆ ਕਿ ਭਾਖੜਾ ਡੈਮ ਤੋਂ ਰਾਤ ਵੇਲੇ ਹੁਣ ਹੋਰ ਵਾਧੂ ਪਾਣੀ ਨਹੀਂ ਛੱਡਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਸੂਚਨਾ ਸਤਲੁਜ ਦਰਿਆ ਦੇ ਕੰਢੇ 'ਤੇ ਰਹਿ ਰਹੇ ਲੋਕਾਂ ਲਈ ਸਾਂਝੀ ਕੀਤੀ ਜਾ ਰਹੀ ਹੈ, ਕਿਉਂਕਿ ਬਹੁਤ ਸਾਰੇ ਪੰਚ-ਸਰਪੰਚ ਅਤੇ ਪਤਵੰਤੇ ਸੱਜਣ ਉਨ੍ਹਾਂ ਨੂੰ ਹੋਰ ਪਾਣੀ ਨਾ ਛੱਡਣ ਲਈ ਫੋਨ ਕਰ ਰਹੇ ਸਨ | ਉਨ੍ਹਾਂ ਇਹ ਵੀ ਕਿਹਾ ਕਿ ਚਾਰ ਸਤੰਬਰ ਨੂੰ ਸਵੇਰੇ 10 ਵਜੇ ਸਮੀਖਿਆ ਮੀਟਿੰਗ ਤੋਂ ਬਾਅਦ ਹੀ ਹੋਰ ਵਾਧੂ ਪਾਣੀ ਛੱਡਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ | ਦੱਸਣਯੋਗ ਹੈ ਕਿ ਬੇਲਿਆਂ ਤੇ ਸਤਲੁਜ ਦੇ ਕੰਢੇ 'ਤੇ ਰਹਿ ਰਹੇ ਲੋਕਾਂ ਲਈ ਇਹ ਇਕ ਰਾਹਤ ਦੀ ਖ਼ਬਰ ਹੈ |