ਅੰਮਿ੍ਤਸਰ, 4 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਆਏ ਵਿਨਾਸ਼ਕਾਰੀ ਹੜ੍ਹਾਂ ਨੂੰ ਲੈ ਕੇ ਭਾਰਤ 'ਤੇ ਜਾਣਬੁੱਝ ਕੇ ਪਾਣੀ ਛੱਡਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਪਾਕਿਸਤਾਨੀ ਅਤੇ ਅਮਰੀਕੀ ਜਲ ਮਾਹਿਰਾਂ ਨੇ ਸਿਰੇ ਤੋਂ ਰੱਦ ਕਰਦਿਆਂ ਦਾਅਵਾ ਕੀਤਾ ਹੈ ਕਿ ਹੜ੍ਹਾਂ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ, ਸਗੋਂ ਹੜ੍ਹਾਂ ਦਾ ਮੁੱਖ ਕਾਰਨ ਭਾਰੀ ਮੌਨਸੂਨ ਮੀਂਹ ਅਤੇ ਕੁਦਰਤੀ ਹਾਲਾਤ ਹਨ | ਪਾਕਿ ਦੇ ਸੀਨੀਅਰ ਜਲ ਸਰੋਤ ਖੋਜਕਰਤਾ ਮੁਹੰਮਦ ਉਮਰ ਕਰੀਮ ਨੇ ਕਿਹਾ ਕਿ ਭਾਰੀ ਮੌਨਸੂਨ ਮੀਂਹ ਕਾਰਨ ਭਾਰਤੀ ਡੈਮ ਪੂਰੀ ਤਰ੍ਹਾਂ ਭਰ ਗਏ ਸਨ | ਅਜਿਹੀ ਸਥਿਤੀ 'ਚ ਜਦੋਂ ਸਪਿਲਵੇਅ ਖੋਲ੍ਹੇ ਗਏ ਤਾਂ ਪਾਣੀ ਤੇਜ਼ੀ ਨਾਲ ਨਦੀਆਂ ਤੱਕ ਪਹੁੰਚਿਆ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਇਕ ਕੁਦਰਤੀ ਪ੍ਰਕਿਰਿਆ ਹੈ, ਰਾਜਨੀਤਿਕ ਫੈਸਲਾ ਨਹੀਂ | ਡੈਮ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਬਾਰੇ ਅਮਰੀਕਾ ਦੀ ਟਫਟਸ ਯੂਨੀਵਰਸਿਟੀ ਦੇ ਸ਼ਹਿਰੀ ਜਲ ਮਾਹਿਰ ਡਾ. ਹਸਨ ਐਫ. ਖ਼ਾਨ ਨੇ ਕਿਹਾ ਕਿ ਇਸ ਸਾਲ ਹਿਮਾਚਲ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਪਹਾੜੀ ਖੇਤਰਾਂ 'ਚ ਰਿਕਾਰਡ ਤੋੜ ਮੀਂਹ ਪਏ ਹਨ | ਇਸ ਕਾਰਨ ਨਦੀਆਂ 'ਚ ਪਾਣੀ ਵਿਚ ਅਸਧਾਰਨ ਵਾਧਾ ਹੋਇਆ | ਕਿੰਗਜ਼ ਕਾਲਜ ਲੰਡਨ ਦੇ ਡਾ. ਦਾਨਿਸ਼ ਮੁਸਤਫਾ ਨੇ ਕਿਹਾ ਕਿ ਭਾਰਤ 'ਚ ਤਬਾਹੀ ਪਾਕਿਸਤਾਨ ਨਾਲੋਂ ਜ਼ਿਆਦਾ ਹੋਈ ਹੈ, ਕਿਉਂਕਿ ਪਾਣੀ ਪਹਿਲਾਂ ਭਾਰਤੀ ਕਸਬਿਆਂ ਤੇ ਪਿੰਡਾਂ 'ਚੋਂ ਲੰਘਦਾ ਹੈ |
ਪਾਕਿ 'ਚ ਹੜ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਨੂੰ ਪਾਕਿ ਤੇ ਅਮਰੀਕੀ ਜਲ ਮਾਹਿਰਾਂ ਨੇ ਕੀਤਾ ਰੱਦ <br/>
ਅਜੀਤ ਡੈਸਕ
05-09-2025