ਖੰਨਾ, 4 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਪੰਜਾਬ ਨੇ ਸਾਂਝਾ ਬਿਆਨ ਦਿੰਦਿਆਂ ਕਿਹਾ ਹੈ ਕਿ ਜੋ ਪੰਜਾਬ ਅੰਦਰ ਹੜ੍ਹ੍ਹਾਂ ਦੀ ਮਾਰ ਪਈ ਹੈ | ਇਹ ਕੋਈ ਕੁਦਰਤੀ ਆਫ਼ਤ ਨਹੀਂ ਹੈ | ਇਹ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ | ਇਹ ਦੋਸ਼ ਲਾਉਂਦਿਆਂ ਲੱਖੋਵਾਲ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਪਿਛਲੇ ਦਿਨਾਂ ਵਿਚ ਜੰਮੂ ਕਸ਼ਮੀਰ ਹਿਮਾਚਲ ਵਿਚ ਕਾਫੀ ਬੱਦਲ ਫਟੇ ਹਨ ਪਰ ਜੇ ਸਮਾਂ ਰਹਿੰਦਿਆਂ ਪਹਿਲਾਂ ਤੋਂ ਹੀ ਸਰਕਾਰਾਂ ਨੇ ਇਨ੍ਹਾਂ ਹੜ੍ਹ੍ਹਾਂ ਨਾਲ ਨਜਿੱਠਣ ਦਾ ਤਹੱਈਆ ਕੀਤਾ ਹੁੰਦਾ, ਡੈਮ 25 ਤੋਂ 30 ਫ਼ੀਸਦੀ ਖਾਲੀ ਰੱਖੇ ਹੁੰਦੇ ਤਾਂ ਅੱਜ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ | ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ 75 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ ਅਤੇ ਜਿੰਨੇ ਵੀ ਘਰਾਂ ਦਾ ਜਾਂ ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਹ ਵੀ ਸਰਕਾਰ ਹੜ੍ਹ ਪੀੜਤਾਂ ਨੂੰ ਤੁਰੰਤ ਜਾਰੀ ਕਰੇ |
ਪੰਜਾਬ ਅੰਦਰ ਹੜ੍ਹ ਕੁਦਰਤੀ ਨਹੀਂ ਸਗੋਂ ਸਾਜਿਸ਼ੀ ਹਨ-ਲੱਖੋਵਾਲ <br/>
ਅਜੀਤ ਡੈਸਕ
05-09-2025