ਗੱਗੋਮਾਹਲ/ਅਜਨਾਲਾ/ਰਮਦਾਸ (ਅੰਮਿ੍ਤਸਰ), 23 ਸਤੰਬਰ (ਸੰਧੂ, ਢਿੱਲੋਂ, ਵਾਹਲਾ)-ਸਰਹੱਦੀ ਪਿੰਡ ਮਾਛੀਵਾਲਾ ਦੇ ਖੇਤਾਂ ਵਿਚ ਹੜ੍ਹ ਨਾਲ ਇਕੱਤਰ ਹੋਈ ਰੇਤਾ ਨੂੰ ਚੁੱਕਣ ਸਮੇਂ ਨੌਜਵਾਨਾਂ ਵਿਚ ਹੋਏ ਤਕਰਾਰ ਦੌਰਾਨ ਚੱਲੀ ਗੋਲੀ ਅਤੇ ਤੇਜ਼ ਹਥਿਆਰਾਂ ਨਾਲ ਹੋਈ ਲੜਾਈ 'ਚ ਇਕ ਨੌਜਵਾਨ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਪਿੰਡ ਸਹਿਜਾਦਾ ਦੇ ਸੰਗਰਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੜ੍ਹਾਂ ਨਾਲ ਪਿੰਡ ਮਾਛੀਵਾਲਾ ਦੇ ਪਰਮਜੀਤ ਸਿੰਘ ਪੁੱਤਰ ਪਾਲ ਸਿੰਘ ਦੇ ਕਰੀਬ 4 ਕਿਲ੍ਹੇ ਜ਼ਮੀਨ ਵਿਚ ਰੇਤਾ ਭਰ ਗਈ, ਜਿਸ ਦੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਚੁਕਾਈ ਕੀਤੀ ਜਾ ਰਹੀ ਸੀ, ਮੈਂ ਆਪਣੀ ਜੇ.ਸੀ.ਬੀ ਨਾਲ ਰੇਤਾ ਭਰ ਰਿਹਾ ਸੀ ਤਾਂ ਮੇਰੇ ਕੋਲ ਕੁਝ ਵਿਅਕਤੀ ਟਰਾਲੀਆਂ ਲੈ ਕੇ ਆਏ ਤੇ ਰੇਤਾ ਪਹਿਲਾਂ ਭਰਨ ਲਈ ਕਹਿਣ ਲੱਗੇ, ਜਿਸ ਤੇ ਸਾਡੇ ਦਰਮਿਆਨ ਤਕਰਾਰ ਹੋ ਗਿਆ | ਅਗਲੀ ਸਵੇਰ ਮੈਂ ਰੇਤਾ ਭਰਨ ਪਿੰਡ ਮਾਛੀਵਾਲਾ ਜਾ ਰਿਹਾ ਸੀ ਕਿ ਬਿਕਰਮਜੀਤ ਸਿੰਘ ਉਰਫ਼ ਬਿੱਕਾ, ਗੁਰਲਾਲ ਸਿੰਘ, ਸੰਦੀਪ ਸਿੰਘ ਤੇ ਇਨ੍ਹਾਂ ਦਾ ਇਕ ਸਾਥੀ ਸਵਿਫਟ ਕਾਰ ਪੀ.ਬੀ. 06 ਏ.ਵੀ. 8202 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਹੱਥ ਵਿਚ ਇਕ ਪਿਸਟਲ ਤੇ ਤੇਜ਼ਧਾਰ ਹਥਿਆਰ ਸਨ | ਉਨ੍ਹਾਂ ਨੇ ਮੈਨੂੰ ਜਾਨੋ ਮਾਰਨ ਲਈ ਗੋਲੀ ਚਲਾਈ, ਜੋ ਮੇਰੇ ਥੱਲੇ ਝੁਕਣ ਨਾਲ ਅੱਗੇ ਨਿਕਲ ਗਈ ਤਾਂ ਦੂਜੇ ਵਿਅਕਤੀ ਨੇ ਮੇਰੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਜੋ ਮੇਰੀ ਬਾਂਹ 'ਤੇ ਲੱਗਾ | ਇਸ ਸਮੇਂ ਮੇਰਾ ਭਰਾ ਗੁਰਪ੍ਰੀਤ ਸਿੰਘ ਵੀ ਆ ਗਿਆ ਤੇ ਸਾਡੇ ਰੌਲਾ ਪਾਉਣ ਤੇ ਉਕਤ ਵਿਅਕਤੀ ਫ਼ਰਾਰ ਹੋ ਗਏ | ਮੈਨੂੰ ਮੇਰੇ ਭਰਾ ਨੇ ਮੁੱਢਲਾ ਸਿਹਤ ਕੇਂਦਰ ਰਮਦਾਸ ਵਿਖੇ ਦਾਖਲ ਕਰਵਾਇਆ | ਪੁਲਿਸ ਥਾਣਾ ਰਮਦਾਸ ਦੇ ਮੁੱਖ ਅਧਿਕਾਰੀ ਐੱਸ.ਆਈ. ਆਗਿਆਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਹੜ੍ਹਾਂ ਕਾਰਨ ਖੇਤ 'ਚੋਂ ਰੇਤਾ ਚੁੱਕਣ ਨੂੰ ਲੈ ਕੇ ਚੱਲੀ ਗੋਲੀ-ਨੌਜਵਾਨ ਜ਼ਖ਼ਮੀ <br/>
ਅਜੀਤ ਡੈਸਕ
24-09-2025