ਅਟਾਰੀ ਸਰਹੱਦ, 31 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਤੋਂ ਸਤਲੁਜ ਦਰਿਆ ਰਸਤੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਅੰਦਰ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਵਲੋਂ ਗਿ੍ਫ਼ਤਾਰ ਕਰਕੇ ਸਫ਼ਲਤਾ ਹਾਸਿਲ ਕੀਤੀ ਗਈ ਹੈ | ਗਿ੍ਫ਼ਤਾਰ ਪਾਕਿਸਤਾਨੀ ਨਾਗਰਿਕ ਕੋਲੋਂ ਇਕ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ | ਬੀ.ਐਸ.ਐਫ. ਅਨੁਸਾਰ ਉਕਤ ਪਾਕਿਸਤਾਨੀ ਨਾਗਰਿਕ, ਜਿਸ ਦੀ ਪਛਾਣ ਨਹੀਂ ਹੋ ਸਕੀ, ਉਹ ਪਾਕਿਸਤਾਨ ਤੋਂ ਜਾਣ ਬੁੱਝ ਕੇ ਅੰਤਰਰਾਸ਼ਟਰੀ ਸਰਹੱਦ ਸਤਲੁਜ ਦਰਿਆ ਦੇ ਕੰਢੇ-ਕੰਢੇ ਪੈਦਲ ਚੱਲਦਾ ਹੋਇਆ ਭਾਰਤ ਅੰਦਰ ਦਾਖਲ ਹੋਣ 'ਤੇ ਬੀ.ਓ.ਪੀ. ਬੀ.ਐਸ.ਐਫ. ਜਲਾਲਾਬਾਦ ਵਿਖੇ ਡਿਊਟੀ ਨਿਭਾਅ ਰਹੇ ਬੀ.ਐਸ.ਐਫ. ਦੇ ਜਵਾਨਾਂ ਨੇ ਗਿ੍ਫ਼ਤਾਰ ਕੀਤਾ ਗਿਆ ਹੈ | ਬੀ.ਐਸ.ਐਫ. ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਨਾਗਰਿਕ ਨੂੰ ਦਰਿਆ ਦੇ ਕੰਢੇ ਤੋਂ ਭਾਰਤ ਅੰਦਰ ਦਾਖਲ ਹੋਣ ਸਮੇਂ ਡਿਊਟੀ ਨਿਭਾਅ ਰਹੇ ਜਵਾਨਾਂ ਵਲੋਂ ਜ਼ੋਰ-ਜ਼ੋਰ ਦੀ ਆਵਾਜ਼ ਦੇ ਕੇ ਵਾਪਸ ਪਰਤਣ ਲਈ ਕਿਹਾ ਗਿਆ ਪਰ ਉਹ ਡਿਊਟੀ 'ਤੇ ਤਾਇਨਾਤ ਜਵਾਨਾਂ ਦੀਆਂ ਆਵਾਜ਼ਾਂ ਦੀ ਪ੍ਰਵਾਹ ਨਾ ਕਰਦੇ ਹੋਏ ਭਾਰਤ ਅੰਦਰ ਦਾਖਲ ਹੋ ਗਿਆ, ਜਿਸ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਿ੍ਫ਼ਤਾਰ ਪਾਕਿਸਤਾਨੀ ਨਾਗਰਿਕ ਕੋਲੋਂ ਬੀ.ਐਸ.ਐਫ. ਅਤੇ ਸਥਾਨਕ ਪੁਲਿਸ ਬਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ |