ਅੰਮਿ੍ਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵਲੋਂ ਮੁੰਬਈ 'ਚ ਕੀਤੇ 26/11 ਦੇ ਹਮਲੇ 'ਚ ਸ਼ਾਮਿਲ ਅੱਤਵਾਦੀ ਪਾਕਿ ਦੇ ਵੱਖ-ਵੱਖ ਖੇਤਰਾਂ 'ਚ ਖੁੱਲ੍ਹੇਆਮ ਘੁੰਮਦੇ ਵੇਖੇ ਜਾ ਰਹੇ ਹਨ ਪਰ ਉਥੋਂ ਦੀ ਸਥਾਨਕ ਪੁਲਿਸ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ | ਇਕ ਪਾਕਿਸਤਾਨੀ ਸੀਨੀਅਰ ਪੱਤਰਕਾਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ 'ਅਜੀਤ' ਨਾਲ ਮੁੰਬਈ ਹਮਲੇ 'ਚ ਸ਼ਾਮਿਲ 18 ਅੱਤਵਾਦੀਆਂ ਦੀਆਂ ਤਸਵੀਰਾਂ, ਉਨ੍ਹਾਂ ਦੇ ਸ਼ਨਾਖ਼ਤੀ ਕਾਰਡ ਨੰਬਰ, ਉਨ੍ਹਾਂ ਦੇ ਸਹੀ ਰਿਹਾਇਸ਼ੀ ਪਤੇ ਅਤੇ ਹੋਰ ਸਭ ਲੋੜੀਂਦੀਆਂ ਜਾਣਕਾਰੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਇਹ ਸਭ ਪਾਕਿ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਦੇ ਰਿਕਾਰਡ 'ਚ ਵੀ ਦਰਜ ਹਨ | ਹਾਲਾਂਕਿ, ਭਾਰਤ ਦੇ ਵਾਰ-ਵਾਰ ਦਬਾਅ ਦੇ ਬਾਵਜੂਦ ਪਾਕਿਸਤਾਨੀ ਪੁਲਿਸ ਅਤੇ ਜਾਂਚ ਏਜੰਸੀਆਂ ਇਨ੍ਹਾਂ ਨੂੰ ਕਾਬੂ ਨਹੀਂ ਕਰ ਰਹੀਆਂ ਹਨ | ਐੱਫ. ਆਈ. ਏ. ਦੇ ਰਿਕਾਰਡ 'ਚ ਪਾਕਿ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਖ਼ਤਰਨਾਕ ਅੱਤਵਾਦੀ ਸੰਗਠਨਾਂ ਦੇ ਫਾਇਨਾਂਸਰਾਂ, ਹੈਂਡਲਰਾਂ ਅਤੇ ਉਨ੍ਹਾਂ ਲਈ ਹਮਲੇ ਕਰਨ ਵਾਲੇ ਅੱਤਵਾਦੀਆਂ ਬਾਰੇ ਮੁਕੰਮਲ ਜਾਣਕਾਰੀ ਦਰਜ ਹੈ | ਉਕਤ ਰਿਕਾਰਡ 'ਚ ਮੁੰਬਈ ਹਮਲੇ 'ਚ ਸ਼ਾਮਿਲ, ਜਿਨ੍ਹਾਂ 18 ਦੋਸ਼ੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ 'ਤੇ ਨਵੰਬਰ 2008 ਦੇ ਹਮਲੇ 'ਚ ਵਰਤੇ ਗਏ ਸਾਜ਼ੋ-ਸਾਮਾਨ ਲਈ ਫ਼ੰਡ ਇਕੱਠਾ ਕਰਨ ਅਤੇ ਹਮਲਾਵਰ ਟੀਮ ਨੂੰ ਮੁੰਬਈ ਭੇਜਣ ਲਈ ਦੋ ਕਿਸ਼ਤੀਆਂ ਦਾ ਬੰਦੋਬਸਤ ਕਰਨ ਦਾ ਦੋਸ਼ ਹੈ | ਐੱਫ. ਆਈ. ਏ. ਵਲੋਂ ਤਿਆਰ ਕੀਤੀ ਗਈ 934 ਪੰਨਿਆਂ ਦੀ ਸੂਚੀ 'ਚ ਸਫ਼ਾ 32 ਤੋਂ 45 ਤਕ ਲਸ਼ਕਰ-ਏ-ਤੋਇਬਾ ਦੇ ਉਕਤ 18 ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ | ਇਨ੍ਹਾਂ 'ਚੋਂ ਬਹਾਵਲਪੁਰ ਦੇ ਸ਼ਾਹਿਦ ਗ਼ਫ਼ੂਰ ਅਤੇ ਖ਼ੈਬਰ ਪਖਤੂਨਖਵਾ ਦੇ ਅਹਿਮਦ ਸਈਦ ਨੇ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਅਲ-ਹੁਸੈਨੀ ਅਤੇ ਅਲ-ਫ਼ਾਜ ਦਾ ਬੰਦੋਬਸਤ ਕਰਨ ਲਈ 21 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਦਾ ਬੰਦੋਬਸਤ ਕੀਤਾ ਸੀ | ਫੈਸਲਾਬਾਦ ਨਿਵਾਸੀ ਇਫ਼ਤਿਖਾਰ ਅਲੀ ਨੇ ਲਸ਼ਕਰ-ਏ-ਤੋਇਬਾ ਦੇ ਕੰਟਰੋਲਰਾਂ ਦੀ ਹਮਲਾਵਰਾਂ ਨਾਲ ਗੱਲਬਾਤ ਕਰਾਉਣ ਹਿਤ ਐਨਕਿ੍ਪਟਡ ਆਨਲਾਈਨ ਫ਼ੋਨ ਲਿੰਕ ਲਈ 250 ਡਾਲਰ ਦਾ ਭੁਗਤਾਨ ਕੀਤਾ ਸੀ | ਮੁਲਤਾਨ ਦੇ ਮੁਹੰਮਦ ਅਮਜਦ ਖ਼ਾਨ ਨੇ ਮੋਟਰ ਨਾਲ ਚੱਲਣ ਵਾਲਾ ਆਊਟ ਬੋਰਡ ਖ਼ਰੀਦਿਆ ਸੀ, ਜੋ ਅੱਤਵਾਦੀਆਂ ਨੂੰ ਮੁੰਬਈ ਦੇ ਤੱਟ 'ਤੇ ਲੈ ਕੇ ਗਿਆ | ਇਸ ਰਿਕਾਰਡ ਦੇ ਅਨੁਸਾਰ ਅਲ-ਹੁਸੈਨੀ ਅਤੇ ਅਲ-ਫ਼ਾਜ ਕਿਸ਼ਤੀਆਂ ਮੁਹੰਮਦ ਉਸਮਾਨ ਵਾਸੀ ਸਾਹੀਵਾਲ, ਅਤੀਕ-ਉਰ-ਰਹਿਮਾਨ ਵਾਸੀ ਲਾਹੌਰ, ਰਿਆਜ਼ ਅਹਿਮਦ ਵਾਸੀ ਹਾਫਿਜ਼ਾਬਾਦ, ਮੁਹੰਮਦ ਮੁਸ਼ਤਾਕ ਵਾਸੀ ਗੁੱਜਰਾਂਵਾਲਾ, ਮੁਹੰਮਦ ਨਈਮ ਵਾਸੀ ਡੇਰਾ ਗ਼ਾਜ਼ੀ, ਅਬਦੁਲ ਸ਼ਕੂਰ ਵਾਸੀ ਸਰਗੋਧਾ, ਮੁਹੰਮਦ ਸ਼ਬੀਰ ਸਲਫੀ ਵਾਸੀ ਮੁਲਤਾਨ, ਮੁਹੰਮਦ ਉਸਮਾਨ ਵਾਸੀ ਲੋਧਰਾਂ ਅਤੇ ਸ਼ਕੀਲ ਅਹਿਮਦ ਵਾਸੀ ਰਹੀਮ ਯਾਰ ਖ਼ਾਨ ਨੇ ਕਿਸ਼ਤੀਆਂ ਚਲਾਈਆਂ ਸਨ | ਲਸ਼ਕਰ-ਏ-ਤੋਇਬਾ ਦੇ ਇਸ ਆਪ੍ਰੇਸ਼ਨ ਦੇ ਫਾਇਨਾਂਸਰਾਂ 'ਚ ਰਾਵਲਪਿੰਡੀ ਦੇ ਮੁਹੰਮਦ ਉਸਮਾਨ ਜ਼ਿਆ, ਖਾਨੇਵਾਲ ਦੇ ਮੁਹੰਮਦ ਅੱਬਾਸ ਨਾਸਿਰ, ਕਸੂਰ ਦੇ ਜਾਵੇਦ ਇਕਬਾਲ ਅਤੇ ਮੰਡੀ ਬਹਾਉਦੀਨ ਦੇ ਵਾਸੀ ਮੁਖਤਾਰ ਅਹਿਮਦ ਦੇ ਨਾਂਅ ਸ਼ਾਮਿਲ ਹਨ | ਇਨ੍ਹਾਂ ਨੇ ਸਾਰੀ ਰਕਮ ਹਮਾਦ ਅਮੀਨ ਸਾਦਿਕ ਅਤੇ ਸ਼ਾਹਿਦ ਜ਼ਮੀਲ ਰਿਆਜ਼ ਦੇ ਬੈਂਕ ਖਾਤਿਆਂ 'ਚ ਜਮ੍ਹਾ ਕੀਤੀ ਸੀ | ਹਮਲੇ 'ਚ ਸ਼ਾਮਿਲ ਜਿੰਦਾ ਫੜੇ ਗਏ ਇਕਲੌਤੇ ਅੱਤਵਾਦੀ ਮੁਹੰਮਦ ਅਜਮਲ ਕਸਾਬ ਨੂੰ ਭਾਰਤੀ ਜੇਲ੍ਹ 'ਚ ਫਾਂਸੀ ਦਿੱਤੀ ਗਈ ਸੀ |