ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਦੀ ਜ਼ਿਲ੍ਹਾ ਕਚਹਿਰੀ ਦੇ ਪਿੱਛੇ ਮੌਜੂਦ ਬ੍ਰੈਡਲੇ ਹਾਲ ਖੰਡਰ 'ਚ ਤਬਦੀਲ ਹੋ ਰਿਹਾ ਹੈ | ਦੋ ਸਾਲ ਪਹਿਲਾਂ ਇਸ ਦੀ ਨਵਉਸਾਰੀ ਲਾਹੌਰ ਵਾਲਡ ਸਿਟੀ ਅਥਾਰਿਟੀ ਵਲੋਂ ਸ਼ੁਰੂ ਕਰਵਾਈ ਗਈ ਸੀ, ਪਰ ਜਲਦੀ ਬਾਅਦ ਇਹ ਉਸਾਰੀ ਵਿਚਾਲੇ ਰੋਕ ਦਿੱਤੀ ਗਈ | ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਚੇਅਰਮੈਨ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਲਾਹੌਰ ਤੋਂ 'ਅਜੀਤ' ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬ੍ਰੈਡਲੇ ਹਾਲ ਦਾ ਨੀਂਹ ਪੱਥਰ 30 ਅਕਤੂਬਰ 1900 ਨੂੰ ਸੁਰਿੰਦਰ ਨਾਥ ਬੈਨਰਜੀ ਦੁਆਰਾ ਰੱਖਿਆ ਗਿਆ ਸੀ | ਇਹ ਹਾਲ ਲੰਬੇ ਸਮੇਂ ਤਕ ਰਾਜਨੀਤਿਕ ਅਤੇ ਸਾਹਿੱਤਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਰਹਿਣ ਦੇ ਨਾਲ-ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੂਬਾ ਦਫ਼ਤਰ ਵੀ ਰਿਹਾ ਹੈ | ਦੇਸ਼ ਦੀ ਆਜ਼ਾਦੀ ਲਈ ਆਰੰਭੀ ਮੁਹਿੰਮ ਦੌਰਾਨ ਇੱਥੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜ਼ਿਨਾਹ, ਅੱਲਾਮਾ ਇਕਬਾਲ, ਮੌਲਾਨਾ ਜ਼ਫ਼ਰ ਅਲੀ ਖਾਨ, ਮੀਆਂ ਇਫਤਿਖਾਰੂਦੀਨ, ਮਲਿਕ ਬਰਕਤ ਅਲੀ, ਸੱਯਦ ਅਤਾਉੱਲਾ ਸ਼ਾਹ ਬੁਖ਼ਾਰੀ, ਡਾ: ਮੁਹੰਮਦ ਅਸ਼ਰਫ਼, ਪੰਡਿਤ ਜਵਾਹਰ ਲਾਲ ਨਹਿਰੂ, ਲਾਲਾ ਲਾਜਪਤ ਰਾਏ, ਭਗਤ ਸਿੰਘ, ਦਿਆਲ ਸਿੰਘ ਮਜੀਠੀਆ, ਸਰ ਗੰਗਾ ਰਾਮ ਆਦਿ ਪਹੁੰਚਦੇ ਰਹੇ | ਦੱਸਿਆ ਜਾਂਦਾ ਹੈ ਕਿ ਉਕਤ ਇਤਿਹਾਸਕ ਇਮਾਰਤ ਦੇ ਅੰਦਰ ਹੀ ਲਾਲਾ ਲਾਜਪਤ ਰਾਏ ਵਲੋਂ ਨੈਸ਼ਨਲ ਕਾਲਜ ਸ਼ੁਰੂ ਕੀਤਾ ਗਿਆ ਸੀ, ਜਿੱਥੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਕਈ ਕ੍ਰਾਂਤੀਕਾਰੀ ਸਾਥੀਆਂ ਨੇ ਵਿੱਦਿਆ ਹਾਸਲ ਕੀਤੀ | ਕੁਰੈਸ਼ੀ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਨੈਸ਼ਨਲ ਕਾਲਜ ਅਤੇ ਬ੍ਰੈਡਲੇ ਹਾਲ ਦੀ ਖਾਲੀ ਪਈ ਇਮਾਰਤ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਕਬਜ਼ੇ ਹੇਠ ਹੈ |
ਲਾਹੌਰ ਵਿਖੇ ਖੰਡਰ 'ਚ ਤਬਦੀਲ ਹੋ ਰਿਹਾ ਕ੍ਰਾਂਤੀਕਾਰੀਆਂ ਦਾ ਗੜ੍ਹ 'ਬ੍ਰੈਡਲੇ ਹਾਲ'-ਕੁਰੈਸ਼ੀ
ਅਜੀਤ ਡੈਸਕ
03-11-2025