ਡੇਰਾ ਬਾਬਾ ਨਾਨਕ (ਬਟਾਲਾ), 23 ਨਵੰਬਰ (ਹੀਰਾ ਸਿੰਘ ਮਾਂਗਟ)-ਅੱਜ ਅਦਾਰਾ 'ਅਜੀਤ' ਦੀ ਟੀਮ ਵਲੋਂ 8ਵੇਂ ਗੇੜ ਵਿਚ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਤੇ ਖੋਦੇਬੇਟ ਦੇ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਵਿਧਾਇਕ ਰੰਧਾਵਾ ਨੇ ਕਿਹਾ ਕਿ ਅਦਾਰਾ 'ਅਜੀਤ' ਵਲੋਂ ਸਰਹੱਦੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਦਿਆਂ ਜਿਥੇ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀਜ਼ਲ, ਖਾਦ ਤੇ ਕਣਕ ਦਾ ਬੀਜ ਮੁਹੱਈਆ ਕਰਵਾਇਆ ਗਿਆ ਸੀ, ਉਥੇ ਹੀ ਅੱਜ ਅਦਾਰਾ 'ਅਜੀਤ' ਵਲੋਂ ਡੇਰਾ ਬਾਬਾ ਨਾਨਕ ਦੇ ਇਲਾਕੇ ਅੰਦਰ 8ਵੇਂ ਗੇੜ ਵਿਚ ਯੂਰੀਆ ਖਾਦ ਵੰਡੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਅੰਦਰ ਸ਼ੁਰੂ ਕੀਤੇ ਗਏ ਇਹ ਰਾਹਤ ਕਾਰਜ ਬਹੁਤ ਹੀ ਸਲਾਘਾਯੋਗ ਹਨ, ਜਿਨਾਂ ਨੂੰ ਪੰਜਾਬ ਦੇ ਲੋਕ ਹਮੇਸ਼ਾ ਯਾਦ ਰੱਖਣਗੇ | ਇਸ ਮੌਕੇ ਪਿੰਡ ਰੱਤਾ ਅਤੇ ਖੋਦੇਬੇਟ ਦੇ ਕਿਸਾਨਾਂ ਵਲੋਂ ਵੀ ਅਦਾਰਾ 'ਅਜੀਤ' ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਡਾ. ਕਾਹਲੋਂ, ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਕੁਲਦੀਪ ਸਿੰਘ ਨਾਗਰਾ, ਅਮਰਿੰਦਰ ਸਿੰਘ, ਲਵਪ੍ਰੀਤ ਸਿੰਘ ਪੀ.ਏ. ਤੇ ਕਿਸਾਨ ਆਗੂ ਸਤਬੀਰ ਸਿੰਘ ਲਾਲੀ ਖੋਦੇਬੇਟ ਤੋਂ ਇਲਾਵਾ ਕਿਸਾਨ ਹਾਜ਼ਰ ਸਨ |