ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਦੀ ਵੱਡੀ ਆਮਦ
ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਪਟਨਾ ਸਾਹਿਬ, 25 ਦਸੰਬਰ-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਜਾਹੋ-ਜਲਾਲ ਨਾਲ ਮਨਾਏ ਜਾ ਰਹੇ 359ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਪੂਰੇ ਪਟਨਾ ਸ਼ਹਿਰ ਨੂੰ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ ਹੈ, ਉੱਥੇ ਹੀ ਇਨ੍ਹਾਂ ਗੁਰਮਤਿ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਤਾਦਾਦ 'ਚ ਸੰਗਤ ਦੀ ਆਮਦ ਸ਼ੁਰੂ ਹੋ ਗਈ, ਜਿਨ੍ਹਾਂ ਦੀ ਰਿਹਾਇਸ਼, ਲੰਗਰ ਸਮੇਤ ਹੋਰ ਲੋੜੀਂਦੇ ਪ੍ਰਬੰਧ ਭਾਵੇਂ ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ, ਕਾਰ ਸੇਵਾ ਭੂਰੀ ਵਾਲੇ ਅਤੇ ਬਿਹਾਰ ਸਰਕਾਰ ਵਲੋਂ ਜੰਗੀ ਪੱਧਰ 'ਤੇ ਕੀਤੇ ਗਏ ਹਨ ਪਰ ਸ਼ਰਧਾਲੂਆਂ ਦਾ ਉਮੜਿਆ ਹੋਇਆ ਜਨ ਸੈਲਾਬ ਇਨ੍ਹਾਂ ਰਿਹਾਇਸ਼ੀ ਪ੍ਰਬੰਧਾਂ ਨੂੰ ਕੁਝ ਫਿੱਕਾ ਪਾ ਰਿਹਾ ਹੈ | 3 ਦਿਨਾਂ ਗੁਰਮਤਿ ਸਮਾਗਮਾਂ ਨੂੰ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਜੀ, ਗੁਰਦੁਆਰਾ ਬਾਲ ਲੀਲਾ ਮੈਣੀ ਸਾਹਿਬ, ਕੰਗਣ ਘਾਟ ਸਾਹਿਬ, ਹਾਂਡੀ ਸਾਹਿਬ, ਗੁਰੂ ਕਾ ਬਾਗ, ਗਊਘਾਟ ਸਾਹਿਬ, ਸੁਨਾਰ ਟੋਲੀ ਸਾਹਿਬ ਤੋਂ ਇਲਾਵਾ ਸਥਾਨਕ ਰੇਲਵੇ ਸਟੇਸ਼ਨ, ਹਵਾਈ ਅੱਡਾ, ਬੱਸ ਅੱਡਾ ਅਤੇ ਨੇੜਲੇ ਬਾਜ਼ਾਰ ਆਦਿ ਬੇਸ਼ਕੀਮਤੀ ਆਧੁਨਿਕ ਰੌਸ਼ਨੀਆਂ ਨਾਲ ਜਗਮਗਾ ਰਹੇ ਹਨ, ਜਿਸ ਨੂੰ ਦੇਖ ਕੇ ਸ਼ਰਧਾਲੂ ਗਦਗਦ ਹੋ ਰਹੇ ਹਨ ਜਦਕਿ ਸਥਾਨਕ ਵਸਨੀਕ ਵੀ ਪ੍ਰਾਹੁਣਾਚਾਰੀ ਲਈ ਬੇਹੱਦ ਉਤਸ਼ਾਹਿਤ ਦਿਖਾਈ ਦੇ ਰਹੇ ਹਨ | ਪਟਨਾ ਸਾਹਿਬ ਦੇ ਵੱਖ-ਵੱਖ ਚੌਕ-ਚੌਰਸਤੇ ਖ਼ੂਬਸੂਰਤ ਰੌਸ਼ਨੀਆਂ ਨਾਲ ਰੁਸ਼ਨਾ ਰਹੇ ਹਨ | ਇਸ ਮੌਕੇ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਸੋਹੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪ੍ਰਬੰਧਕ ਕਮੇਟੀ ਵਲੋਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਇਸ ਸੰਬੰਧੀ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨੇ ਹੋਣ ਜਾ ਰਹੇ ਇਨ੍ਹਾਂ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮਿ੍ਤ ਵੇਲੇ ਪਹਿਲੇ ਪਹਿਰ 2 ਵਜੇ ਸ਼ੁਰੂ ਹੋ ਜਾਣਗੇ, ਜਿਸ ਦੀ ਸਮਾਪਤੀ 27 ਦਸੰਬਰ ਨੂੰ ਅੰਮਿ੍ਤ ਵੇਲੇ 1 ਵਜੇ ਮਰਿਆਦਾ ਅਨੁਸਾਰ ਹੋਵੇਗੀ | ਉਨ੍ਹਾਂ ਸੰਗਤ ਨੂੰ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਗਊਘਾਟ ਤੋਂ ਭਲਕੇ 26 ਦਸੰਬਰ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸ਼ਾਮ ਨੂੰ ਤਖਤ ਸ੍ਰੀ ਹਰਿਮੰਦਰ ਜੀ ਵਿਖੇ ਸਮਾਪਤ ਹੋਵੇਗਾ¢
ਗੁਰਦੁਆਰਾ ਬਾਲ ਲੀਲ੍ਹਾ ਵਿਖੇ ਕੀਤੇ ਗਏ ਸ਼ਾਨਦਾਰ ਪ੍ਰਬੰਧ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਆ ਰਹੀ ਸੰਗਤ ਲਈ ਕਾਰ ਸੇਵਾ ਭੂਰੀ ਵਾਲੇ ਸੰਤ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਬਾਲ ਲੀਲਾ ਵਿਖੇ ਸੰਗਤ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ, ਜਿਸ 'ਚ 24 ਘੰਟੇ ਲੰਗਰ, ਸ਼ਾਨਦਾਰ ਸਰਾਂਵਾਂ 'ਚ ਰਿਹਾਇਸ਼, ਸ਼ਰਧਾਲੂਆਂ ਨੂੰ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਤੋਂ ਲਿਆਉਣ ਸਮੇਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਪੁੱਛਗਿੱਛ ਦਫ਼ਤਰ, ਜੋੜਾ ਘਰ, 24 ਘੰਟੇ ਮੈਡੀਕਲ ਕੈਂਪ ਅਤੇ ਲੋੜੀਦੇ ਪ੍ਰਬੰਧ ਕੀਤੇ ਗਏ ਹਨ | ਇਸ ਦੌਰਾਨ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਹੀ ਦੇਸ਼ ਵਿਦੇਸ਼ ਤੋਂ ਸੰਗਤ ਪ੍ਰਕਾਸ਼ ਪੁਰਬ ਸਮਾਗਮਾਂ 'ਚ ਹਾਜ਼ਰੀ ਭਰਨ ਲਈ ਬਹੁਤ ਹੀ ਅਦਬ ਅਤੇ ਸਤਿਕਾਰ ਸਹਿਤ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਹਮ ਹਮਾ ਕੇ ਪਹੁੰਚਦੀ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਸੰਗਤ ਦੀ ਰਿਹਾਇਸ਼ ਸਮੇਤ ਹੋਰ ਵੱਖ-ਵੱਖ ਸੁਵਿਧਾਵਾਂ ਦਾ ਘੇਰਾ ਲਗਾਤਾਰ ਵਧਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਤੋਂ ਹੀ ਮਰਿਆਦਾ ਅਨੁਸਾਰ ਲੰਗਰ ਦੀ ਆਰੰਭਤਾ ਹੋ ਚੁੱਕੀ ਹੈ, ਜਿਸ 'ਚ ਵੱਖ-ਵੱਖ ਸੂਬਿਆਂ ਤੋਂ ਆਏ ਹੋਏ 4 ਹਜ਼ਾਰ ਦੇ ਲਗਭਗ ਸੇਵਾਦਾਰ ਅਤੇ 250 ਤੋਂ ਵਧੇਰੇ ਮਾਹਿਰ ਕਾਰੀਗਰ ਸੰਗਤ ਲਈ ਲੰਗਰ ਤਿਆਰ ਕਰਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ¢ ਉਨ੍ਹਾਂ ਦੱਸਿਆ ਕਿ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਗੁ: ਬਾਲ ਲੀਲ੍ਹਾ ਸਾਹਿਬ, ਗੁ: ਕੰਗਣ ਘਾਟ ਅਤੇ ਓ. ਪੀ. ਸ਼ਾਹ ਕਮਿਊਨਿਟੀ ਹਾਲ ਵਿਖੇ ਲੰਗਰ ਲਗਾਇਆ ਗਿਆ ਹੈ¢
ਇਸੇ ਦੌਰਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਅੱਜ ਗੁਰਮਰਯਾਦਾ ਅਨੁਸਾਰ ਆਰੰਭਤਾ ਹੋਈ, ਜਿਸ ਵਿਚ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਵਲੋਂ ਆਰੰਭਤਾ ਦੀ ਅਰਦਾਸ ਤੇ ਹੁਕਮਨਾਮਾ ਲਿਆ ਗਿਆ | ਇਸ ਤੋਂ ਪਹਿਲਾਂ ਤਖ਼ਤ ਸਾਹਿਬ ਵਿਖੇ ਪਹਿਲੇ ਪਹਿਰ (ਅੰਮਿ੍ਤ ਵੇਲੇ) ਪਰੰਪਰਾ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਉਪਰੰਤ ਭਾਈ ਹਰਜੀਤ ਸਿੰਘ, ਭਾਈ ਕਵਿੰਦਰ ਸਿੰਘ, ਭਾਈ ਨਵਿੰਦਰ ਸਿੰਘ, ਭਾਈ ਜਗਤ ਸਿੰਘ ਨੇ ਇਲਾਹੀ ਬਾਣੀ ਦਾ ਰਸ-ਭਿੰਨਾ ਕੀਰਤਨ ਅਤੇ ਗਿਆਨੀ ਚਰਨਜੀਤ ਸਿੰਘ ਨੇ ਕਥਾ ਨਾਲ ਸੰਗਤ ਨੂੰ ਨਿਹਾਲ ਕੀਤਾ | ਸੰਧਿਆ ਵੇਲੇ ਤਖ਼ਤ ਸਾਹਿਬ ਸਮੂਹ 'ਚ ਮੌਜੂਦ ਸਾਲਸ ਰਾਏ ਜੌਹਰੀ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਦੀ ਆਰੰਭਤਾ ਹੋਈ, ਜਿਸ 'ਚ ਮਹੰਤ ਕਰਮਜੀਤ ਸਿੰਘ ਯਮੁਨਾਨਗਰ ਜਗਾਧਰੀ ਵਾਲੇ, ਕਵੀ ਇੰਜ: ਕਰਮਜੀਤ ਸਿੰਘ ਨੂਰ ਜਲੰਧਰ, ਡਾ. ਹਰੀ ਸਿੰਘ ਜਾਚਕ, ਲੁਧਿਆਣਾ ਕਵੀ, ਬਲਬੀਰ ਸਿੰਘ ਬੱਲ, ਐਡ. ਸ਼ੁਕਰ ਗੁਜ਼ਾਰ ਸਿੰਘ ਅੰਮਿ੍ਤਸਰ, ਬੀਬੀ ਸਰਬਜੀਤ ਕੌਰ ਸਰਬ, ਬਲਬੀਰ ਸਿੰਘ ਕਮਲ ਦਸੂਹਾ, ਜ਼ਮੀਰ ਅਲੀ ਜ਼ਮੀਰ, ਰਛਪਾਲ ਸਿੰਘ ਪਾਲ ਜਲੰਧਰ, ਅਵਤਾਰ ਸਿੰਘ ਤਾਰੀ, ਬੀਬੀ ਮਨਜੀਤ ਕੌਰ ਪਹੂਵਿੰਡ, ਮਲਕੀਤ ਸਿੰਘ ਨਿਮਾਣਾ, ਚੈਨ ਸਿੰਘ ਚੱਕਰਵਰਤੀ ਦਸੂਹਾ, ਜੋਗਿੰਦਰ ਸਿੰਘ ਉਮਰਾਂਗਲ, ਗੁਰਦਿਆਲ ਸਿੰਘ ਨਿਮਰ ਯਮੁਨਾਨਗਰ, ਜੁਗਰਾਜ ਸਿੰਘ ਸਰਹਾਲੀ, ਬੀਬੀ ਰਬੀਨਾ ਮੀਰ, ਡਾ. ਸਤਬੀਰ ਸਿੰਘ ਜੀ 'ਸ਼ਾਨ (ਜਲੰਧਰ), ਐਡਵੋਕੇਟ ਦੀਪ ਸਿੰਘ, ਹਰਭਜਨ ਸਿੰਘ ਦਿਉਲ, ਕੁਲਦੀਪ ਸਿੰਘ ਦਰਾਜਕੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਸਿੱਖਿਆ ਤੇ ਫ਼ਲਸਫ਼ੇ ਸਬੰਧੀ ਪ੍ਰਭਾਵਸ਼ਾਲੀ ਕਵਿਤਾਵਾਂ ਦੀ ਸਾਂਝ ਪਾਈ |
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਲੱਗੀਆਂ ਰੌਣਕਾਂ <br/>
ਅਜੀਤ ਡੈਸਕ
26-12-2025