ਕਿਸ਼ਨਪੁਰਾ ਕਲਾਂ, 1 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਮਾਜਿਕ ਜਾਗਿ੍ਤੀ ਫਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬਾ ਜਿੱਥੇ ਆਰਥਿਕ ਪੱਖੋਂ ਪੂਰੀ ਤਰ੍ਹਾਂ ਨਾਲ ਡਾਵਾਂਡੋਲ ਹੋਇਆ ਹੈ ਉੱਥੇ ਭਿ੍ਸ਼ਟਾਚਾਰ ਵੀ ਸਿਖਰਾਂ 'ਤੇ ਹੈ | ਅੱਜ ਕੋਈ ਵੀ ਅਜਿਹਾ ਵਿਭਾਗ ਨਹੀਂ ਬਚਿਆ ਜਿੱਥੇ ਰਿਸ਼ਵਤ ਤੋਂ ਬਿਨਾਂ ਕੰਮ ਹੁੰਦਾ ਹੋਵੇ | ਇਸੇ ਤਰ੍ਹਾਂ ਹੀ ਪੰਜਾਬ ਅੰਦਰ ਗੈਂਗਸਟਰਵਾਦ ਆਪਣੇ ਪੈਰ ਪਸਾਰੀ ਬੈਠਾ ਹੈ ਤੇ ਹਰ ਰੋਜ਼ ਗੋਲੀ ਨਾਲ ਨੌਜਵਾਨ ਕਤਲ ਕੀਤੇ ਜਾ ਰਹੇ ਹਨ ਅਤੇ ਕਾਰੋਬਾਰੀਆਂ ਦਾ ਕੰਮ ਕਰਨਾ ਮੁਸ਼ਕਿਲ ਹੋ ਚੁੱਕਾ ਹੈ | ਚੇਅਰਮੈਨ ਗਿੱਲ ਨੇ ਕਿਹਾ ਕਿ ਪਿੰਡ ਗਿੱਦੜਵਿੰਡੀ ਜਗਰਾਉਂ ਏਰੀਏ ਵਿਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਬਹੁਤ ਮੰਦਭਾਗੀ ਘਟਨਾ ਹੈ | ਇਸ ਮੌਕੇ ਉਨ੍ਹਾਂ ਨਾਲ ਸੈਕਟਰੀ ਫਿਰੋਜ਼ ਖਾਨ, ਸੁਰਿੰਦਰ ਜਰਖੜ, ਰਾਣਾ ਮੱਲ੍ਹੀ, ਗੁਰਜੰਟ ਸਿੰਘ ਆਦਿ ਹਾਜ਼ਰ ਸਨ |