ਬਾਘਾ ਪੁਰਾਣਾ, 23 ਨਵੰਬਰ (ਟਿੰਕੂ ਕਾਠਪਾਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਹੋ ਰਹੇ ਵੱਖ-ਵੱਖ ਸਮਾਗਮਾਂ ਵਿਚ ਸੰਗਤਾਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਮਹਾਨ ਬਲੀਦਾਨ ਤੇ ਇਤਿਹਾਸ ਬਾਰੇ ਜਾਗਰੂਕ ਕਰਨ ਦੀ ਅਪੀਲ ਮਾਲਵੇ ਦੇ ਪ੍ਰਸਿੱਧ ਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਕੀਤੀ | ਸੰਤ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਅਪਾਰ ਬਲੀਦਾਨ ਦਿੱਤਾ ਸੀ | ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਇਤਿਹਾਸ ਨਾਲ ਜੋੜਨਾ ਸਕੂਲਾਂ, ਸਮਾਜਕ ਸੰਸਥਾਵਾਂ ਤੇ ਧਾਰਮਿਕ ਸਥਾਨਾਂ ਦੀ ਮੁੱਖ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕਦਰਾਂ ਤੇ ਮੂਲਾਂ ਤੋਂ ਵੀ ਖੋਖਲੀਆਂ ਹੋ ਜਾਂਦੀਆਂ ਹਨ, ਇਸ ਲਈ ਗੁਰੂ ਸਾਹਿਬ ਦੇ 350 ਸਾਲਾ ਪ੍ਰਕਾਸ਼ ਸਮਾਗਮ ਸਾਡੇ ਲਈ ਇਕ ਮਹਾਨ ਮੌਕਾ ਹੈ ਕਿ ਅਸੀਂ ਆਪਣੀ ਰੂਹਾਨੀਅਤ ਨਾਲ ਮੁੜ ਜੁੜ ਸਕੀਏ | ਉਨ੍ਹਾਂ ਨੇ ਦਰਸਾਇਆ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਹਮੇਸ਼ਾ ਤੋਂ ਸੰਗਤਾਂ ਨੂੰ ਰੂਹਾਨੀ ਪ੍ਰੇਰਨਾ ਦੇਣ ਵਾਲਾ ਕੇਂਦਰ ਰਿਹਾ ਹੈ | ਇਥੋਂ ਦੀਆਂ ਪਰੰਪਰਾਵਾਂ ਤੇ ਇਤਿਹਾਸ ਸਿਖ ਕੌਮ ਦੇ ਵਿਰਸੇ ਦਾ ਅਹਿਮ ਹਿੱਸਾ ਹਨ | ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਉਪਦੇਸ਼ ਮਨੁੱਖਤਾ ਨੂੰ ਇਕੱਤਰ ਹੋਣ, ਸਹਿਣਸ਼ੀਲਤਾ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ | ਇਸ ਲਈ ਇਹ ਸਮਾਗਮ ਸਿਰਫ਼ ਧਾਰਮਿਕ ਇਕੱਠ ਨਹੀਂ, ਸਗੋਂ ਮਨੁੱਖਤਾ ਦੇ ਇੱਕ ਮਹਾਨ ਸੰਦੇਸ਼ ਨੂੰ ਦੁਨੀਆਂ ਤੱਕ ਪਹੁੰਚਾਉਣ ਦਾ ਸਾਧਨ ਹੈ |