ਬਾਘਾ ਪੁਰਾਣਾ, 23 ਨਵੰਬਰ (ਟਿੰਕੂ ਕਾਠਪਾਲ)-ਪਿੰਡ ਸੰਗਤਪੁਰਾ ਦੇ ਹੋਣਹਾਰ ਖਿਡਾਰੀ ਹਰਦੀਪ ਸਿੰਘ ਹੈਰੀ, ਜਿਸ ਨੇ ਭੋਪਾਲ ਵਿਚ ਪਿਛਲੇ ਦਿਨੀਂ ਹੋਈਆਂ ਨੈਸ਼ਨਲ ਖੇਡਾਂ ਵਿਚ ਪੰਜਾ ਲੜਾਉਣ ਮੁਕਾਬਲੇ ਵਿਚ ਸੋਨ ਤਗਮਾ ਹਾਸਲ ਕਰਕੇ ਇਤਿਹਾਸਕ ਉਪਲਬਧੀ ਪ੍ਰਾਪਤ ਕੀਤੀ, ਦਾ ਪਿੰਡ ਵਾਪਸੀ 'ਤੇ ਸਰਪੰਚ ਰਾਜਾ ਮੱਲਕੇ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਹੈਰੀ ਦੀ ਇਸ ਸ਼ਾਨਦਾਰ ਜਿੱਤ ਨਾਲ ਨਾ ਸਿਰਫ਼ ਪਿੰਡ ਸੰਗਤਪੁਰਾ ਦਾ, ਸਗੋਂ ਮੋਗਾ ਜ਼ਿਲੇ੍ਹ ਦਾ ਵੀ ਨਾਮ ਰੌਸ਼ਨ ਹੋਇਆ ਹੈ | ਸਰਪੰਚ ਰਾਜਾ ਮੱਲਕੇ, ਨੇ ਹੈਰੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪਿੰਡ ਦਾ ਇਹ ਜਵਾਨ ਖਿਡਾਰੀ ਨੌਜਵਾਨ ਪੀੜੀ ਲਈ ਪ੍ਰੇਰਣਾਦਾਇਕ ਮਿਸਾਲ ਹੈ | ਉਨ੍ਹਾਂ ਕਿਹਾ ਕਿ ਭੋਪਾਲ ਵਿਚ ਹੋਈਆਂ ਨੈਸ਼ਨਲ ਖੇਡਾਂ ਵਿਚ ਗੋਲਡ ਜਿੱਤਣਾ ਕੋਈ ਆਮ ਗੱਲ ਨਹੀਂ, ਇਹ ਸ਼ਲਾਘਾਯੋਗ ਮਿਹਨਤ, ਅਨੁਸ਼ਾਸਨ ਤੇ ਅਡਿੱਗ ਸੰਕਲਪ ਦਾ ਨਤੀਜਾ ਹੈ | ਰਾਜਾ ਮੱਲਕੇ ਨੇ ਹੈਰੀ ਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅੱਗੇ ਇੰਟਰਨੈਸ਼ਨਲ ਪੱਧਰ 'ਤੇ ਵੀ ਇਹ ਨੌਜਵਾਨ ਖਿਡਾਰੀ ਦੇਸ਼ ਦਾ ਨਾਮ ਚਮਕਾਏਗਾ | ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਹੈਰੀ ਨੈਸ਼ਨਲ ਤੋਂ ਇਲਾਵਾ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਵੀ ਭਾਗ ਲੈ ਚੁੱਕਾ ਹੈ ਤੇ ਕਈ ਵਾਰ ਪਿੰਡ ਹੀ ਨਹੀਂ, ਸਗੋਂ ਮੋਗਾ ਜ਼ਿਲੇ੍ਹ ਦੇ ਖੇਡ ਇਤਿਹਾਸ 'ਚ ਮਹੱਤਵਪੂਰਨ ਯੋਗਦਾਨ ਪਾਉਂਦਾ ਆ ਰਿਹਾ ਹੈ | ਖੇਡਾਂ 'ਚ ਉਸ ਦੀ ਨਿਰੰਤਰ ਪ੍ਰਗਤੀ ਨੇ ਉਸ ਨੂੰ ਖੇਡ ਪ੍ਰੇਮੀਆਂ ਵਿਚ ਵੱਖਰੀ ਪਹਿਚਾਣ ਦਿਵਾਈ ਹੈ | ਹਰਦੀਪ ਸਿੰਘ ਹੈਰੀ ਨੇ ਇਸ ਮੌਕੇ ਆਪਣੀ ਜਿੱਤ ਦਾ ਸਿਹਰਾ ਆਪਣੀ ਸਤਿਕਾਰਯੋਗ ਮਾਤਾ ਸੁਖਜੀਤ ਕੌਰ, ਪਿਤਾ ਹਰਜਿੰਦਰ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਦਿੱਤਾ | ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ, ਬਲਜੀਤ ਸਿੰਘ ਮਸਤ, ਤਰਲੋਚਨ ਸਿੰਘ ਬਰਾੜ ਨੇ ਹੈਰੀ ਦੀ ਉਪਲਬਧੀ 'ਤੇ ਖ਼ੁਸ਼ੀ ਜਤਾਈ ਤੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਰਪੰਚ ਰਾਜਾ ਮੱਲਕੇ ਨੇ ਐਲਾਨ ਕੀਤਾ ਕਿ ਪਿੰਡ ਪੱਧਰ 'ਤੇ ਖੇਡਾਂ ਨੂੰ ਵਧਾਵਾ ਦੇਣ ਲਈ ਖ਼ਾਸ ਯਤਨ ਕੀਤੇ ਜਾਣਗੇ ਤਾਂ ਜੋ ਹੋਰ ਨੌਜਵਾਨ ਵੀ ਹਰਦੀਪ ਸਿੰਘ ਹੈਰੀ ਦੀ ਤਰ੍ਹਾਂ ਆਪਣਾ ਭਵਿੱਖ ਨਿਰਮਾਣ ਕਰ ਸਕਣ | ਸਮਾਗਮ ਦੇ ਅੰਤ 'ਤੇ ਹੈਰੀ ਨੂੰ ਸ਼ਾਲ ਅਤੇ ਮਾਨ-ਪੱਤਰ ਭੇਟ ਕਰਕੇ ਉਸ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ |