ਧੂਰੀ, 3 ਜੂਨ (ਸੰਜੇ ਲਹਿਰੀ)-ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਦੀ ਅਗਵਾਈ ਵਾਲੀ ਟਰੈਫ਼ਿਕ ਪੁਲਿਸ ਦੀ ਟੀਮ ਨੇ ਅੱਜ ਨਿਯਮਾਂ ਦੀ ਉਲੰਘਣਾ ਵਾਲਿਆਂ ਦੇ ਚਲਾਨ ਕੱਟੇ ਅਤੇ ਵਹੀਕਲ ਚਲਾਉਂਦੇ ਸਮੇਂ ਕਾਗ਼ਜ਼ ਪੱਤਰ ਪੂਰੇ ਰੱਖਣ ਅਤੇ ਟਰੈਫ਼ਿਕ ਲਈ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਕਰਨ ਦਾ ਸੁਨੇਹਾ ਵੀ ਦਿੱਤਾ | ਨੇੜਲੇ ਪਿੰਡ ਜਹਾਂਗੀਰ ਕੋਲ ਪੁਲਿਸ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੋਂ ਲੰਘਦੀਆਂ ਕਾਰਾਂ, ਜੀਪਾਂ, ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਕੋਲ ਲੋੜੀਂਦੇ ਕਾਗ਼ਜ਼ ਪੱਤਰ ਵੇਖੇ ਗਏ | ਟਰੈਫ਼ਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਪਹਿਣ ਕੇ ਚੱਲਣ, ਕਾਰ ਸਵਾਰਾਂ ਨੂੰ ਸੀਟ ਬੈਲਟ ਲਗਾਉਣ, ਵਹੀਕਲਾਂ ਦੀ ਆਰਸੀ, ਡਰਾਈਵਿੰਗ ਲਾਇਸੰਸ, ਪ੍ਰਦੂਸ਼ਣ ਸਰਟੀਫਿਕੇਟ, ਬੀਮਾ ਆਦਿ ਨਾਲ ਰੱਖਣਾ ਜ਼ਰੂਰੀ ਹੈ ਅਤੇ ਉਨ੍ਹਾਂ ਵਲੋਂ ਵੱਖ-ਵੱਖ ਸਾਧਨਾਂ 'ਤੇ ਸਵਾਰ ਲੋਕਾਂ ਦੇ ਕਾਗ਼ਜ਼ਾਂ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਬੁਲਟ 'ਤੇ ਪਟਾਕੇ ਮਾਰਨ ਵਾਲਿਆਂ 'ਤੇ ਖ਼ਾਸ ਨਜ਼ਰ ਬਣਾ ਕੇ ਰੱਖੀ ਹੋਈ ਸੀ | ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਨੇ ਅੱਜ ਦੁਪਹਿਰ ਤੱਕ ਵੀਹ ਚਲਾਨ ਕੱਟੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਐਕਸੀਡੈਂਟ ਘਟਦੇ ਹਨ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਬਣੀ ਰਹਿੰਦੀ ਹੈ |