ਮਲੇਰਕੋਟਲਾ/ਸੰਦੌੜ, 3 ਜੂਨ (ਮਨਜਿੰਦਰ ਸਿੰਘ ਸਰੋਦ, ਜਸਵੀਰ ਸਿੰਘ ਜੱਸੀ)-ਬਾਬਾ ਰਾਮਾਨੰਦ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਸਾਲਾਨਾ ਗੁਰਮਤਿ ਸਮਾਗਮ ਉਦਾਸੀਨ ਆਸ਼ਰਮ ਇਮਾਮਗੜ੍ਹ ਵਿਖੇ ਬਾਬਾ ਸ੍ਰੀ ਚੰਦ ਜੀ ਦੀ ਯਾਦ ਵਿਚ ਸੁਸ਼ੋਭਿਤ ਉਦਾਸੀਨ ਆਸ਼ਰਮ ਵਿਚ 1 ਜੂਨ ਤੋਂ ਰਾਤਰੀ ਦੇ ਦੀਵਾਨ ਸਜਾਏ ਜਾ ਰਹੇ ਹਨ, ਜਿਸ ਵਿਚ ਅਨੇਕਾਂ ਮਹਾਂਪੁਰਸ਼ ਹਾਜ਼ਰੀ ਭਰ ਰਹੇ ਹਨ | ਉਦਾਸੀਨ ਆਸ਼ਰਮ ਇਮਾਮਗੜ੍ਹ ਦੇ ਮੁੱਖ ਸੇਵਾਦਾਰ ਮਹੰਤ ਹਰਪਾਲ ਦਾਸ ਨੇ ਦੱਸਿਆ ਕਿ ਰਾਤ ਨੂੰ 7 ਵਜੇ ਤੋਂ 10 ਵਜੇ ਤੱਕ ਸਜਾਏ ਜਾਣ ਵਾਲੇ ਦੀਵਾਨਾਂ ਵਿਚ ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਮਨਜੀਤ ਸਿੰਘ ਰਾੜਾ ਸਾਹਿਬ ਵਾਲੇ, ਬਾਬਾ ਨਿਰਮਲ ਸਿੰਘ ਚੀਮਾ ਵਾਲੇ, ਸਵਾਮੀ ਅਨੰਤਾ ਨੰਦ ਝਲੂਰ ਵਾਲੇ, ਭਾਈ ਮਹੱਬਤਜੀਤ ਸਿੰਘ, ਬਾਬਾ ਭਰਪੂਰ ਸਿੰਘ ਸੇਖਾ ਜਲੂਰ ਵਾਲੇ, ਅਮਰੀਕ ਸਿੰਘ ਨਾਨਕਸਰ ਪੁੜੈਣ ਵਾਲੇ, ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲੇ ਆਪਣੀ ਕਥਾ, ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ, ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲੇ 10 ਜੂਨ ਨੂੰ ਸਵੇਰੇ ਭੋਗ ਉਪਰੰਤ ਹਾਜ਼ਰੀ ਭਰਨਗੇ | ਇਸ ਗੁਰਮਤਿ ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਅਨੇਕਾਂ ਸੰਪਰਦਾਵਾਂ ਦੇ ਸਾਧੂ ਸ਼ਾਮਿਲ ਹੋਣਗੇ, 10 ਜੂਨ ਨੂੰ ਸਮਾਗਮ ਦੀ ਸੰਪੂਰਨਤਾ ਦੀ ਅਰਦਾਸ ਹੋਵੇਗੀ |