ਸੁਨਾਮ ਊਧਮ ਸਿੰਘ ਵਾਲਾ, 3 ਜੂਨ (ਸਰਬਜੀਤ ਸਿੰਘ ਧਾਲੀਵਾਲ)-ਮੈਰੀਟੋਰੀਅਸ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਡਾ.ਟੀਨਾ, ਜਨਰਲ ਸਕੱਤਰ ਡਾ.ਅਜੇ ਸ਼ਰਮਾ ਨੇ ਪੈੱ੍ਰਸ ਬਿਆਨ ਜਰੀਏ ਕਿਹਾ ਕਿ ਜੇ.ਈ.ਈ.ਐਡਵਾਂਸਡ ਦੀ ਇਸ ਵਾਰ ਦੀ ਪ੍ਰੀਖਿਆ 'ਚੋਂ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀ ਸਫ਼ਲ ਰਹੇ ਹਨ ਜਦੋਂ ਕਿ ਇਨ੍ਹਾਂ 32 ਵਿਦਿਆਰਥੀਆਂ 'ਚੋਂ 21 ਵਿਦਿਆਰਥੀ ਸੂਬੇ ਦੇ ਸਿਰਫ਼ 10 ਮੈਰੀਟੋਰੀਅਸ ਸਕੂਲਾਂ ਦੇ ਹਨ | ਉਨ੍ਹਾਂ ਕਿਹਾ ਕਿ ਜੇ.ਈ.ਈ. ਐਡਵਾਂਸਡ ਦੇ ਐਲਾਨੇ ਗਏ ਨਤੀਜੇ ਅਨੁਸਾਰ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਮਰਪਣ ਅਤੇ ਮਿਹਨਤ ਨਾਲ ਵੱਡੇ-ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ | ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿਚ ਪੰਜਾਬ ਦੇ ਆਰਥਿਕਤਾ ਪੱਖੋਂ ਗਰੀਬ ਅਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਹਾਸਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਲਈ ਸਮੁੱਚਾ ਪ੍ਰਬੰਧਨ ਸਟਾਫ਼ ਅਤੇ ਇਨ੍ਹਾਂ ਸਕੂਲਾਂ ਦੀ ਰੀੜ੍ਹ ਦੀ ਹੱਡੀ ਤਜਰਬੇਕਾਰ ਅਧਿਆਪਕ ਅਤੇ ਮਿਹਨਤੀ ਵਿਦਿਆਰਥੀ ਵਧਾਈ ਦੇ ਪਾਤਰ ਹਨ |