ਮਲੇਰਕੋਟਲਾ, 1 ਨਵੰਬਰ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਹਰ ਇੱਕ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦੇ ਲਈ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਸ਼ੁਰੂ ਕੀਤੀ ਵਿਉਂਤਬੰਦੀ ਸਦਕਾ ਭਾਵੇਂ ਹਲਕੇ ਦੇ ਵੱਡੇ ਹਿੱਸੇ ਦੇ ਜ਼ਮੀਨੀ ਰਕਬੇ ਦੇ ਅੰਦਰ ਨਹਿਰੀ ਪਾਣੀ ਦੀ ਆਮਦ ਯਕੀਨੀ ਬਣ ਚੁੱਕੀ ਹੈ ਪਰੰਤੂ ਜਿਹੜੇ ਖੇਤ ਅਜੇ ਤੱਕ ਨਹਿਰੀ ਪਾਣੀ ਤੋਂ ਵਿਰਵੇ ਹਨ ਉਨ੍ਹਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਕਰਨ ਦੇ ਲਈ ਸੁਪਨਾ ਸੰਜੋਈ ਬੈਠੇ ਪ੍ਰੋ. ਗੱਜਣਮਾਜਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਕਿਸਾਨ ਹੁਣ ਨਵੰਬਰ ਅਤੇ ਦਸੰਬਰ ਮਹੀਨੇ ਆਪਣੇ ਖੇਤਾਂ ਅੰਦਰ ਨਹਿਰੀ ਪਾਣੀ ਨੂੰ ਪੁੱਜਦਾ ਕਰਨ ਲਈ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਜ਼ਮੀਨਦੋਜ਼ ਪਾਈਪ ਪਵਾ ਸਕਦੇ ਹਨ | ਉਨ੍ਹਾਂ ਆਖਿਆ ਕਿ ਹੁਣ ਇਹ ਸਮਾਂ ਬਿਲਕੁਲ ਢੁਕਵਾਂ ਹੈ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਕਿਸਾਨਾਂ ਵਲੋਂ ਕਣਕ ਦੀ ਬਿਜਾਈ ਕਰਨੀ ਹੁੰਦੀ ਹੈ ਅਤੇ ਖੇਤ ਵਿਹਲੇ ਹੁੰਦੇ ਹਨ | ਕਰੀਬ ਇੱਕ ਮਹੀਨੇ ਦੇ ਇਸ ਵਕਫ਼ੇ ਦੌਰਾਨ ਫ਼ਸਲ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ | ਜਦ ਕਿ ਬਾਕੀ ਮਹੀਨਿਆਂ ਦੌਰਾਨ ਫ਼ਸਲ ਵੱਡੀ ਹੋਣ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ | ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਇਸ ਤੋਂ ਇਲਾਵਾ ਬੀਤੇ ਮਈ ਜੂਨ ਦੇ ਮਹੀਨੇ ਵਿਚ ਵੀ ਕਿਸਾਨਾਂ ਵਲੋਂ ਪਿਛਲੇ ਸਮੇਂ ਵੱਡੀ ਪੱਧਰ 'ਤੇ ਜ਼ਮੀਨਦੋਜ਼ ਪਾਈਪਾਂ ਪਵਾਈਆਂ ਗਈਆਂ ਹਨ | ਫਿਰ ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਹੋਣ ਕਾਰਨ ਇਹ ਕੰਮ ਬੰਦ ਕਰ ਦਿੱਤਾ ਗਿਆ ਸੀ | ਉਨ੍ਹਾਂ ਆਖਿਆ ਕਿ ਹੁਣ ਨਵੰਬਰ-ਦਸੰਬਰ ਦਾ ਮਹੀਨਾ ਜ਼ਮੀਨਦੋਜ਼ ਪਾਈਪਾਂ ਪਾਉਣ ਲਈ ਢੁਕਵਾਂ ਸਮਾਂ ਹੈ ਇਸ ਲਈ ਕੋਈ ਵੀ ਕਿਸਾਨ ਇਸ ਤੋਂ ਵਾਂਝਾ ਨਾ ਰਹੇ | ਮੇਰੀ ਇਹ ਇੱਛਾ ਹੈ ਕਿ ਹਲਕੇ ਦੇ ਸਾਰੇ ਕਿਸਾਨਾਂ ਦੇ ਖੇਤਾਂ ਅੰਦਰ ਨਹਿਰੀ ਪਾਣੀ ਦੀ ਆਮਦ ਹੋ ਸਕੇ | ਇਸ ਲਈ ਕਿਸਾਨਾਂ ਵਲੋਂ ਸਬੰਧਿਤ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਾਲ ਤਾਲਮੇਲ ਕਰ ਕੇ ਪਾਈਪਾਂ ਪਵਾਉਣ ਲਈ ਗੱਲਬਾਤ ਕੀਤੀ ਜਾਵੇ | ਇਸ ਮੌਕੇ ਪੀ.ਏ. ਅਭਿਜੋਤ ਸਿੰਘ ਨਾਗਰਾ, ਕਰਮਜੀਤ ਸਿੰਘ ਭੋਗੀਵਾਲ, ਥਾਣੇਦਾਰ ਯਾਦਵਿੰਦਰ ਸਿੰਘ, ਫਰਦੀਪ ਸਿੰਘ, ਨਵਜੀਤ ਸਿੰਘ ਛੀਟਾਂ ਵਾਲਾ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |