ਭਵਾਨੀਗੜ੍ਹ, 24 ਦਸੰਬਰ (ਲਖਵਿੰਦਰ ਪਾਲ ਗਰਗ) - ਸਕੂਲੀ ਬੱਚਿਆਂ ਦੇ ਲਈ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸੁਰੱਖਿਆ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਿੱਥੇ ਨਿੱਜੀ ਸਕੂਲਾਂ, ਕਾਲਜਾਂ ਦੇ ਵਾਹਨਾਂ 'ਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ, ੳੱੁਥੇ ਹੀ ਇਲਾਕੇ 'ਚ ਬੱਚਿਆਂ ਨੂੰ ਸਕੂਲ ਛੱਡਣ ਅਤੇ ਲੈ ਕੇ ਆਉਣ ਦੇ ਲਈ ਬਹੁਤ ਸਾਰੀਆਂ ਚੱਲ ਰਹੀਆਂ ਨਿੱਜੀ ਗੱਡੀਆਂ ਜਿੰਨਾਂ 'ਚ ਸਕਾਰਪੀਓ, ਟਰੈਕਸ ਗੱਡੀਆਂ, ਟੈਂਪੂ ਟਰੈਵਲਰ, ਟਵੈਰਾ ਤੋਂ ਇਲਾਵਾ ਹੋਰ ਗੱਡੀਆਂ, ਬੱਸਾਂ ਜੋ ਸੁਰੱਖਿਆ ਨਿਯਮਾਂ ਤੋਂ ਕੋਹਾਂ ਦੂਰ ਹੋ ਕੇ ਬੱਚਿਆਂ ਦੀਆਂ ਢੋਆ-ਢੁਆਈ ਕਰ ਰਹੀਆ ਹਨ | ਜਿਸ ਸਬੰਧੀ ਪ੍ਰਸ਼ਾਸਨ ਬੇਖ਼ਬਰ ਹੈ, ਪਰ ਪ੍ਰਸ਼ਾਸਨ ਵੀ ਉਦੋਂ ਹੀ ਜਾਗਦਾ ਹੈ ਜਦੋਂ ਕਦੇ ਸਕੂਲੀ ਵਾਹਨ ਦਾ ਕੋਈ ਵੱਡਾ ਹਾਦਸਾ ਵਾਪਰਨ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਹੈ | ਇੱਥੇ ਜ਼ਿਕਰਯੋਗ ਗੱਲ ਹੈ ਕਿ ਕਈ ਮਹੀਨੇ ਪਹਿਲਾ ਸਮਾਣਾ ਸ਼ਹਿਰ ਵਿਖੇ ਸਕੂਲੀ ਬੱਚਿਆਂ ਦੀ ਢੋਆ-ਢੁਆਈ ਕਰਨ ਵਾਲੀ ਅਜਿਹੀ ਹੀ ਇਕ ਨਿੱਜੀ ਗੱਡੀ ਦਾ ਇਕ ਟਿੱਪਰ ਨਾਲ ਭਿਆਨਕ ਹਾਦਸਾ ਹੋਣ ਕਾਰਨ ਕਈ ਬੱਚੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਲਈ ਹੁਣ ਧੁੰਦ ਦਾ ਸਮਾਂ ਸ਼ੁਰੂ ਹੋ ਗਿਆ ਹੈ ਅਜਿਹੀਆਂ ਨਿੱਜੀ ਗੱਡੀਆਂ ਜੋ ਸਕੂਲੀ ਬੱਚਿਆਂ ਦੀ ਢੋਆ-ਢੁਆਈ ਦੇ ਲਈ ਬਣੀਆਂ ਹੀ ਨਹੀਂ ਤਾਂ ਫਿਰ ਇਹ ਕਿਵੇਂ ਨਿਯਮਾਂ ਦੀ ਉਲੰਘਣਾ ਕਰਦੀਆਂ ਹੋਈਆ ਸੜਕਾਂ 'ਤੇ ਦੌੜ ਰਹੀਆਂ ਹਨ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੀਆਂ ਗੱਡੀਆਂ 'ਤੇ ਸ਼ਿਕੰਜਾ ਕਸਿਆ ਜਾਵੇ ਤਾਂ ਜੋ ਮਾਸੂਮ ਬੱਚਿਆਂ ਦੀਆਂ ਕੀਮਤੀ ਜਾਨਾਂ ਦੀ ਰੱਖਿਆ ਕੀਤੀ ਜਾ ਸਕੇ | ਜਾਣਕਾਰੀ ਅਨੁਸਾਰ ਨਿੱਜੀ ਵਾਹਨ ਤੇ ਖਸਤਾ ਹਾਲਤ ਦੀਆਂ ਬੱਸਾਂ ਜਿਨ੍ਹਾਂ 'ਤੇ ਕਿਸੇ ਵੀ ਸਕੂਲ ਦਾ ਨਾਮ ਨਹੀਂ ਲਿਖਿਆ ਹੁੰਦਾ ਤੇ ਨਾ ਹੀ ਇਨ੍ਹਾਂ 'ਤੇ ਪੀਲਾ ਰੰਗ ਕੀਤਾ ਹੁੰਦਾ ਹੈ, ਇਹ ਵਾਹਨ ਸਕੂਲੀ ਬੱਚਿਆਂ ਨੂੰ ਸਮਰੱਥਾ ਤੋਂ ਜ਼ਿਆਦਾ ਬੈਠਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੱਚਿਆਂ ਦੀ ਢੋਆ ਢੁਆਈ ਬੇਖ਼ੌਫ਼ ਕਰ ਰਹੇ ਹਨ | ਇਲਾਕੇ 'ਚ ਸਵੇਰੇ ਸਕੂਲ ਦੇ ਜਾਣ ਤੇ ਵਾਪਸ ਆਉਣ ਸਮੇਂ ਇਨ੍ਹਾਂ ਵਾਹਨਾਂ ਦੀ ਭਰਮਾਰ ਸੜਕਾਂ 'ਤੇ ਵੇਖਣ ਨੂੰ ਮਿਲਦੀ ਹੈ | ਜਾਣਕਾਰੀ ਅਨੁਸਾਰ ਇਨ੍ਹਾਂ ਵਿਚ ਜ਼ਿਆਦਾ ਤਰ੍ਹਾਂ ਹੋਰ ਰਾਜਾਂ ਦੇ ਨੰਬਰ ਵਾਲੀਆਂ ਬੱਸਾਂ, ਗੱਡੀਆਂ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਪਾਸਿੰਗ, ਬੀਮਾ, ਟੈਕਸ ਆਦਿ ਦੀ ਮਿਆਦ ਵੀ ਸਹੀ ਨਹੀਂ ਹੁੰਦੀ | ਇਸ ਸਬੰਧੀ ਸੰਗਰੂਰ ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਮਾਪਿਆਂ ਵਲੋਂ ਸਕੂਲਾਂ 'ਚ ਬੱਚਿਆਂ ਨੂੰ ਭੇਜਣ ਦੇ ਲਈ ਜੋ ਨਿੱਜੀ ਵਾਹਨ ਲਗਾਏ ਹੋਏ ਹਨ ਅਗਰ ਉਹ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਨੂੰ ਪੂਰਾ ਨਹੀਂ ਕਰਦੇ ਤਾਂ ਉਹ ਗੈਰ ਕਾਨੂੰਨੀ ਹਨ | ਉਨ੍ਹਾਂ ਦੱਸਿਆ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਕਿ ਬੱਚਿਆਂ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਉਸ 'ਤੇ ਸਕੂਲ ਦਾ ਨਾਮ, ਮੋਬਾਈਲ ਫ਼ੋਨ ਨੰਬਰ ਆਦਿ ਤੋ ਇਲਾਵਾ ਸਾਰੀਆਂ ਸ਼ਰਤਾਂ ਤੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਹੀ ਜ਼ਰੂਰੀ ਹੈ | ਇਸ ਲਈ ਜੋ ਨਿੱਜੀ ਵਾਹਨ ਚੱਲਦੇ ਹਨ ਉਨ੍ਹਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਗਰ ਚੱਲਦੇ ਹੋਏ ਨਿੱਜੀ ਵਾਹਨਾਂ ਨਾਲ ਕੋਈ ਹਾਦਸਾ ਜਾਂ ਫਿਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਲਈ ਸਬੰਧਿਤ ਸਕੂਲ ਜ਼ਿੰਮੇਵਾਰ ਹੋਵੇਗਾ | ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਵਿਸ਼ੇਸ਼ ਧਿਆਨ ਦੇ ਕੇ ਅਜਿਹੇ ਚੱਲਦੇ ਗੈਰ ਕਾਨੂੰਨੀ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਇਸ ਸਬੰਧੀ ਜ਼ਿਲ੍ਹਾ ਰੀਜ਼ਨਲ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਅਜਿਹੇ ਵਾਹਨਾਂ ਦੀ ਰੈਗੂਲਰ ਚੈਕਿੰਗ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਕੂਲਾਂ 'ਚ ਮਾਪਿਆਂ ਵਲੋਂ ਬੱਚਿਆਂ ਨੂੰ ਸਕੂਲ ਛੱਡਣ ਤੇ ਵਾਪਸ ਲੈ ਕੇ ਆਉਣ ਦੇ ਲਈ ਲਗਾਏ ਗਏ ਨਿੱਜੀ ਵਾਹਨਾਂ 'ਤੇ ਵੀ ਉਹੀ ਨਿਯਮ ਲਾਗੂ ਹੁੰਦੇ ਹਨ, ਜੋ ਹੋਰ ਸਕੂਲੀ ਵਾਹਨਾਂ 'ਤੇ ਲਾਗੂ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਕੂਲ ਵਾਹਨਾਂ ਲਈ ਉਨ੍ਹਾਂ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ, ਕਿਸੇ ਵੀ ਸਕੂਲੀ ਵਾਹਨਾਂ 'ਚ ਪਾਈਆ ਜਾਂਦੀਆਂ ਕਮੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸਿਆ ਨਹੀਂ ਜਾਵੇਗਾ | ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਤੂਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਸਕੂਲਾਂ ਨੂੰ ਸਖ਼ਤ ਹਦਾਇਤਾਂ ਕੀਤੀਆ ਹੋਈਆ ਹਨ ਸਕੂਲੀ ਬੱਚਿਆਂ ਦੀ ਢੋਆ-ਢੁਆਈ ਕਰਨ ਦੇ ਲਈ ਸੇਫ਼ ਵਾਹਨ ਪਾਲਿਸੀ ਦੇ ਨਿਯਮਾਂ ਨੂੰ ਪੂਰਾ ਕਰਦੀਆਂ ਗੱਡੀਆਂ ਦਾ ਹੀ ਇਸਤੇਮਾਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਗਰ ਇਲਾਕੇ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਨਿੱਜੀ ਗੱਡੀਆਂ ਚੱਲ ਰਹੀਆਂ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |