ਸ਼ੇਰਪੁਰ, 25 ਦਸੰਬਰ (ਮੇਘ ਰਾਜ ਜੋਸ਼ੀ)-ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਦੇ ਵਿਰੋਧ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜੇ ਮਨਰੇਗਾ ਮਜ਼ਦੂਰਾਂ ਵਲੋਂ ਬੀ.ਡੀ.ਪੀ.ਓ ਦਫ਼ਤਰ ਸ਼ੇਰਪੁਰ ਵਿਖੇ ਧਰਨਾ ਲਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਅÏਰਤਾਂ ਸ਼ਾਮਲ ਹੋਈਆਂ | ਮਜ਼ਦੂਰਾਂ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਬਾਅਦ ਵਿਚ ਸ਼ੇਰਪੁਰ ਚੌਂਕ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ | ਧਰਨੇ ਦੀ ਸ਼ੁਰੂਆਤ ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਖ਼ੁਸ਼ੀਆਂ ਸਿੰਘ, ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਮੋਦੀ ਸਰਕਾਰ ਵਲੋਂ ਮਗਨਰੇਗਾ ਦਾ ਨਾਮ ਬਦਲ ਕੇ 'ਵੀਬੀ-ਜੀ ਰਾਮ ਜੀ' ਕਰ ਦਿੱਤਾ ਹੈ | ਆਗੂਆਂ ਨੇ ਕਿਹਾ ਕਿ ਇਸ ਨਾਲ ਦੇਸ਼ ਭਰ ਦੇ ਮਜ਼ਦੂਰਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ | ਪਹਿਲਾਂ ਕੇਂਦਰ ਸਰਕਾਰ 90 ਫ਼ੀਸਦੀ ਫ਼ੰਡ ਭੇਜਦੀ ਸੀ, ਜਦੋਂ ਕਿ ਹੁਣ 60: 40 ਫ਼ੀਸਦੀ ਕਰਨ ਨਾਲ ਮਜ਼ਦੂਰਾਂ ਨੂੰ ਕਦੇ ਵੀ ਪੂਰਾ ਕੰਮ ਨਹੀਂ ਮਿਲਣਾ | ਪੰਜਾਬ ਸਰਕਾਰ ਤਾਂ ਪਹਿਲਾਂ ਹੀ ਚਾਰ ਲੱਖ ਕਰੋੜ ਰੁਪਏ ਦੀ ਕਰਜ਼ਾਈ ਹੋ ਚੁੱਕੀ ਹੈ, ਉਹ ਆਪਣਾ 40 ਫ਼ੀਸਦੀ ਕਿੱਥੋਂ ਪਾਵੇਗੀ | ਆਗੂਆਂ ਨੇ ਕਿਹਾ ਕਿ ਮਜ਼ਦੂਰ ਜਮਾਤ ਤਾਂ ਪਹਿਲਾਂ ਹੀ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਦਾ ਸ਼ਿਕਾਰ ਹੋ ਗਈ ਹੈ, ਉਨ੍ਹਾਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ | ਆਗੂਆਂ ਨੇ ਮੰਗ ਕੀਤੀ ਕਿ ਨਵਾਂ ਕਾਨੂੰਨ 'ਜੀ ਰਾਮ ਜੀ' ਤੁਰੰਤ ਰੱਦ ਕੀਤਾ ਜਾਵੇ | ਮਜ਼ਦੂਰਾਂ ਨੂੰ 200 ਦਿਨ ਕੰਮ, ਪਰਿਵਾਰ ਦੇ ਦੋ ਮੈਂਬਰਾਂ ਨੂੰ ਵੱਖ-ਵੱਖ ਤੌਰ 'ਤੇ ਕੰਮ ਦੀ ਗਰੰਟੀ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ | ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਕੀਰਤ ਸਿੰਘ, ਦੁੱਲਾ ਸਿੰਘ ਬਾਜਵਾ, ਨਨਮੀਰ ਕੌਰ ਟਿੱਬਾ, ਅਮਨ ਕੌਰ ਅਲੀਪੁਰ ਖ਼ਾਲਸਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |