ਮੱਖੂ, 22 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਜਿਸ ਦਾ ਖੇਤ ਉਸ ਦੀ ਰੇਤ ਦਾ ਨਾਅਰਾ ਦਿੱਤਾ ਸੀ ਅਤੇ ਵੱਡੀ ਗਿਣਤੀ ਵਿਚ ਕਿਸਾਨ ਇਸ ਨਾਅਰੇ ਦਾ ਲਾਭ ਉਠਾ ਰਹੇ ਹਨ | ਪ੍ਰਭਾਵਿਤ ਕਿਸਾਨ ਆਪਣੀ ਰੇਤ ਖੇਤਾਂ ਵਿਚੋਂ ਚੁਕਾ ਕੇ ਆਪਣੀਆਂ ਜ਼ਮੀਨਾਂ ਨੂੰ ਉਪਜਾਊ ਬਣਾਉਣ ਲਈ ਯਤਨ ਕਰ ਰਹੇ ਹਨ ਪਰ ਜਿੱਥੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਮਿਲ ਰਹੀ ਹੈ ਉੱਥੇ ਹੀ ਰਾਹਗੀਰਾਂ ਵਾਸਤੇ ਇਹ ਰੇਤ ਵੱਡੀਆਂ ਸਮੱਸਿਆ ਖੜੀਆਂ ਕਰ ਰਹੀ ਹੈ | ਇਸ ਦਾ ਕਾਰਨ ਹੈ ਕਿ ਕਈ ਜਗ੍ਹਾ 'ਤੇ ਰੇਤ ਕੱਢਣ ਨਾਲ ਬੰਨ੍ਹਾਂ 'ਤੇ ਬਣੀਆਂ ਸੜਕਾਂ ਟੁੱਟ ਗਈਆਂ ਹਨ ਉੱਥੇ ਹੀ ਨੈਸ਼ਨਲ ਹਾਈਵੇ 54 ਦੇ ਕੰਢਿਆਂ 'ਤੇ ਰੇਤ ਵਾਹਨਾਂ 'ਤੇ ਲੱਦੀ ਰੇਤਾ ਡੁੱਲਣ ਨਾਲ ਸੜਕ 'ਤੇ ਜਾਣ ਵਾਲੇ ਵਾਹਨਾਂ ਖ਼ਾਸ ਕਰਕੇ ਮੋਟਰ ਸਾਈਕਲਾਂ ਵਾਲਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਰੇਤ ਵਿਚ ਮੋਟਰ ਸਾਈਕਲ ਤਿਲ੍ਹਕਣ ਨਾਲ ਕਈ ਸਵਾਰ ਸੱਟਾਂ ਖਾ ਚੁੱਕੇ ਹਨ | ਸੱਟ ਖਾਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਜਦ ਅਸੀਂ ਮੋਟਰਸਾਈਕਲ ਤੋਂ ਡਿੱਗੇ ਸਾਂ ਕੋਲ ਰੇਤਾ ਲੈ ਕੇ ਜਾ ਰਹੇ ਕੈਂਟਰ ਦੇ ਡਰਾਈਵਰ ਨੇ ਸਾਨੂੰ ਚੁੱਕਿਆ ਤੱਕ ਨਹੀਂ | ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਰੇਤ ਨੂੰ ਸੜਕ ਤੋਂ ਸਾਫ਼ ਕਰਵਾਉਣ ਦਾ ਉਪਰਾਲਾ ਕਰੇ ਤਾਂ ਜੋ ਇਹ ਰੇਤ ਕਿਸੇ ਇਨਸਾਨ ਦੀ ਕੀਮਤੀ ਜਾਨ ਨਾ ਗਵਾ ਦੇਵੇ |