ਫ਼ਿਰੋਜ਼ਪੁਰ, 22 ਨਵੰਬਰ (ਗੁਰਿੰਦਰ ਸਿੰਘ)-ਸੀਮਾ ਸੁਰੱਖਿਆ ਬਲ ਵਲੋਂ ਹਿੰਦ-ਪਾਕਿ ਕੌਮਾਂਤਰੀ ਸਰਹੱਦ ਨਜ਼ਦੀਕ ਪਛਾੜੀਆਂ ਚੈੱਕ ਪੋਸਟ ਨੇੜੇ ਡਰੋਨ ਸਰਗਰਮੀ ਹੋਣ 'ਤੇ ਕੀਤੀ ਚੈਕਿੰਗ ਦੌਰਾਨ ਸਰਹੱਦੀ ਪਿੰਡ ਦੇ ਖੇਤਾਂ ਵਿਚੋਂ ਇਕ ਡਰੋਨ ਅਤੇ 535 ਗਰਾਮ ਆਈਸ ਡਰੱਗ ਬਰਾਮਦ ਕੀਤੀ ਹੈ | 99 ਬਟਾਲੀਅਨ ਬੀ.ਐੱਸ.ਐੱਫ ਨੇ ਅਸਿਸਟੈਂਟ ਕਮਾਡੈਂਟ ਅਭਿਸ਼ੇਕ ਅਨੰਦ ਨੇ ਪੁਲਿਸ ਨੂੰ ਭੇਜੀ ਸੂਚਨਾ ਵਿਚ ਦੱਸਿਆ ਕਿ ਬੀਤੀ ਰਾਤ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਪਿੰਡ ਕਮਾਲ ਵਾਲਾ ਨੇੜੇ ਡਰੋਨ ਐਕਟੀਵਿਟੀ ਹੋਣ ਦੀ ਜਾਣਕਾਰੀ ਮਿਲੀ | ਜਿਸ ਸਬੰਧੀ ਉਕਤ ਏਰੀਆ ਵਿਚ ਚਲਾਏ ਸਰਚ ਅਪ੍ਰੇਸ਼ਨ ਦੌਰਾਨ ਇਕ ਡਰੋਨ ਮਾਰਕਾ ਡੀ.ਜੇ.ਆਈ ਮੈਵਿਕ 3 ਕਲਾਸਿਕ ਅਤੇ 535 ਗਰਾਮ ਆਈਸ ਡਰੱਗ ਬਰਾਮਦ ਹੋਈ | ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਬੀ.ਐੱਸ.ਐੱਫ ਅਧਿਕਾਰੀਆਂ ਦੀ ਸੂਚਨਾ ਦੇ ਆਧਾਰ 'ਤੇ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਨਾਮਾਲੂਮ ਵਿਅਕਤੀ ਖ਼ਿਲਾਫ਼ ਧਾਰਾ 21/23/61/85 ਐਨ.ਡੀ.ਪੀ.ਐੱਸ ਐਕਟ ਅਤੇ 10/11/12 ਏਅਰ ਕਰਾਫਟ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |