ਫ਼ਿਰੋਜ਼ਪੁਰ, 22 ਨਵੰਬਰ (ਗੁਰਿੰਦਰ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਐਨ.ਐਸ.ਐਸ ਵਲੰਟੀਅਰਾਂ ਨੂੰ ਕੁਦਰਤੀ ਅਤੇ ਮਨੁੱਖੀ ਆਪਦਾਵਾਂ ਨਾਲ ਨਜਿੱਠਣ ਲਈ ਤਿਆਰ ਕਰਨ ਦੇ ਮੰਤਵ ਨਾਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਚੰਡੀਗੜ੍ਹ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 7 ਦਿਨਾਂ ਯੁਵਾ ਆਪਦਾ ਮਿੱਤਰਾ ਟਰੇਨਿੰਗ ਅੱਜ ਸਮਾਪਤ ਹੋ ਗਈ | ਮਗਸੀਪਾ ਦੇ ਜਨਰਲ ਮੈਨੇਜਰ ਆਫ ਡਿਜ਼ਾਸਟਰ ਮੈਨੇਜਮੈਂਟ ਕਰਨਲ ਦਲਬੀਰ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਟਰੇਨਿੰਗ ਦੌਰਾਨ ਭਾਗ ਲੈਣ ਵਾਲੇ 150 ਐਨ.ਐਸ.ਐਸ.ਵਲੰਟੀਅਰਾਂ ਨੂੰ ਸਿਧਾਂਤਕ ਅਤੇ ਪ੍ਰੈਕਟੀਕਲ ਦੋਵੇਂ ਤਰ੍ਹਾਂ ਦੀ ਟਰੇਨਿੰਗ ਕਰਵਾਈ ਗਈ | ਇਸ ਦੌਰਾਨ ਕਮਿਊਨਿਟੀ ਬੇਸਡ ਫ਼ਸਟ ਏਡ, ਬੇਸਿਕ ਲਾਈਫ਼ ਸਪੋਰਟ, ਰੱਸਾ ਰੈਸਕਿਊ, ਭੂ-ਖਲਨ (ਲੈਂਡ ਸਲਾਈਡ), ਹੜ੍ਹ, ਬਲੈਕ ਆਊਟ, ਸੁੱਕਾ (ਡਰਾਅਟ), ਹੀਟ ਵੇਵ ਤੇ ਕੋਲਡ ਵੇਵ, ਬਿਜਲੀ ਡਿਗਣਾ (ਲਾਈਟਨਿੰਗ) ਵਰਗੀਆਂ ਐਮਰਜੈਂਸੀ ਸਥਿਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਟਰੇਨਿੰਗ ਦੌਰਾਨ ਵਲੰਟੀਅਰਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸੰਕਟ ਦੇ ਸਮੇਂ ਲੋਕਾਂ ਨੂੰ ਤੁਰੰਤ ਮਦਦ ਦਿੱਤੀ ਜਾ ਸਕਦੀ ਹੈ, ਕਿਵੇਂ ਮੌਕੇ 'ਤੇ ਫਸਟ ਏਡ ਦੇ ਕੇ ਜਾਨ ਬਚਾਈ ਜਾ ਸਕਦੀ ਹੈ, ਅਤੇ ਰੈਸਕਿਊ ਦੌਰਾਨ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਕਿਸ ਤਰ੍ਹਾਂ ਯਕੀਨੀ ਬਣਾਈ ਜਾ ਸਕਦੀ ਹੈ | ਪ੍ਰੈਕਟੀਕਲ ਸੈਸ਼ਨਾਂ ਵਿਚ ਵਲੰਟੀਅਰਾਂ ਨੇ ਰੱਸੀ ਨਾਲ ਬਚਾਅ ਕਾਰਵਾਈ, ਜ਼ਖ਼ਮੀ ਵਿਅਕਤੀ ਨੂੰ ਸ਼ਿਫ਼ਟ ਕਰਨਾ, ਸੀ.ਪੀ.ਆਰ ਦੇਣਾ ਅਤੇ ਜਲ, ਅੱਗ ਜਾਂ ਬਿਜਲੀ ਵਰਗੀ ਐਮਰਜੈਂਸੀ ਸਥਿਤੀ ਵਿਚ ਪ੍ਰਭਾਵਸ਼ਾਲੀ ਰੋਲ ਨਿਭਾਉਣ ਦੀ ਪ੍ਰੈਕਟਿਸ ਕੀਤੀ | ਇਸ ਮੌਕੇ ਜਸਵੀਰ ਸਿੰਘ ਡੀ.ਆਈ.ਜੀ ਦਫ਼ਤਰ ਫਿਰੋਜ਼ਪੁਰ, ਕਮਲ ਖੰਨਾ ਐਨ.ਐਸ.ਐਸ ਇੰਚਾਰਜ, ਰਾਹੁਲ ਚੋਪੜਾ ਅਤੇ ਜਸਵੀਰ ਚੰਦ ਐਨ.ਐਸ.ਐਸ ਨੋਡਲ ਅਫਸਰ ਵਿਸ਼ੇਸ਼ ਮਹਿਮਾਨ ਵਜੋਂ ਅਤੇ ਟਰੇਨਿੰਗ ਟੀਮ ਦੇ ਮੈਂਬਰ ਅਮਰਿੰਦਰ ਸਿੰਘ, ਜਸਵੀਰ ਸਿੰਘ (ਕੈਪਟਨ ਰਿਟਾਇਰਡ), ਅਮਨ ਮਨਕੋਟੀਆ, ਸੁਮਿਤ ਸਿੰਘ, ਮਹਿਕਪ੍ਰੀਤ ਸਿੰਘ, ਜਸਵੀਰ ਸਿੰਘ ਪਿੱਪਲੀ, ਜੌਨਸਨ, ਨਰਿੰਦਰ ਸਿੰਘ ਅਤੇ ਰਮਨਦੀਪ ਸਿੰਘ ਵਲੋਂ ਐਨ.ਐਸ.ਐਸ ਵਲੰਟੀਅਰਾਂ ਨੂੰ ਆਫਤਾਵਾਂ ਦੌਰਾਨ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਪ੍ਰੇਰਿਤ ਕੀਤਾ |