ਜ਼ੀਰਾ, 22 ਨਵੰਬਰ(ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਹਰਸ਼ਰਨ ਕੌਰ ਢਿੱਲੋਂ ਨੇ ਸੰਗਰੂਰ ਵਿਖੇ ਹੋਏ ਸਟੇਟ ਪੱਧਰੀ ਕਿੱਕ-ਬਾਕਸਿੰਗ ਮੁਕਾਬਲਿਆਂ ਵਿਚ ਅੰਡਰ -14 ਲੜਕੀਆਂ ਦੇ ਭਾਰ ਵਰਗ-37 ਵਿਚ ਆਪਣੀ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕਰਕੇ ਸਟੇਟ ਪੱਧਰੀ ਜੇਤੂ ਖਿਡਾਰਨ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ | ਸਕੂਲ ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਸ਼ਰਨ ਕੌਰ ਨੇ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਟੇਟ ਪੱਧਰ ਤੇ ਕਿੱਕ ਬਾਕਸਿੰਗ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ ਅਤੇ ਉਸ ਦਾ ਇਹ ਦੂਸਰਾ ਸਟੇਟ ਗੋਲਡ ਮੈਡਲ ਹੈ | ਉਨ੍ਹਾਂ ਦੱਸਿਆ ਕਿ ਹਰਸ਼ਰਨ ਦੇ ਕੋਚ ਪਰਮਜੀਤ ਸਿੰਘ ਡੀ.ਪੀ.ਈ ਅਤੇ ਸ਼੍ਰੀਮਤੀ ਲਕਸ਼ਮੀ ਵਰਮਾ ਵਲੋਂ ਲਗਾਤਾਰ ਤਿੰਨ ਸਾਲ ਤੋਂ ਇਸ ਖਿਡਾਰਨ ਨੂੰ ਪ੍ਰੈਕਟਿਸ ਕਰਵਾ ਰਹੇ ਸਨ ਜਿਸ ਦਾ ਨਤੀਜਾ ਹਰਸ਼ਰਨ ਨੇ ਸਟੇਟ ਚੈਂਪੀਅਨ ਦਾ ਖ਼ਿਤਾਬ ਜਿੱਤ ਕੇ ਆਪਣੇ ਸਕੂਲ ਇਲਾਕੇ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ ਹੈ | ਸਕੂਲ ਵਿਦਿਆਰਥਨ ਦੀ ਇਸ ਵਿਸ਼ੇਸ਼ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਗੋਲਡ ਮੈਡਲ ਜਿੱਤਣ ਉਪਰੰਤ ਸਕੂਲ ਪਹੁੰਚਣ 'ਤੇ ਵਿਦਿਆਰਥਣ ਦਾ ਸਕੂਲ ਵਿਦਿਆਰਥਣਾਂ ਅਤੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਦਿਆਰਥਣ ਨੂੰ ਐਵਾਰਡ ਆਫ਼ ਐਕਸੀਲੈਂਸ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖਿਡਾਰਨ ਹਰਸ਼ਰਨ ਦੇ ਪਿਤਾ ਸੁਖਚੈਨ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |