ਫ਼ਾਜ਼ਿਲਕਾ, 22 ਨਵੰਬਰ (ਦਵਿੰਦਰ ਪਾਲ ਸਿੰਘ)-ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਅਸਰ ਲਗਾਤਾਰ ਦਿੱਖ ਰਿਹਾ ਹੈ | ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰ ਰਹੇ ਹਨ | ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ | ਪਿੰਡ ਕੇਰਾ ਖੇੜਾ ਦੇ ਕਿਸਾਨ ਕੁਲਵੰਤ ਸਿੰਘ ਨੇ ਖੇਤੀਬਾੜੀ ਮਸ਼ੀਨਰੀ ਮਲਚਰ ਅਤੇ ਆਰ.ਐਮ.ਬੀ ਪਲੋਅ ਦੀ ਮਦਦ ਨਾਲ ਆਪਣੇ 32 ਏਕੜ ਵਿਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਜ਼ਮੀਨ ਵਿਚ ਵਹਾ ਕੇ ਇਸ ਦਾ ਨਿਪਟਾਰਾ ਕੀਤਾ | ਕਿਸਾਨ ਵਲੋਂ ਵਾਤਾਵਰਨ ਪ੍ਰੇਮੀ ਬਣਨ ਦਾ ਸੁਨੇਹਾ ਦਿੰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈਏ ਤੇ ਆਪਣੇ ਵਾਤਾਵਰਨ ਨੂੰ ਬਚਾਈਏ | ਮੁੱਖ ਖੇਤੀਬਾੜੀ ਅਫ਼ਸਰ ਮੈਡਮ ਹਰਪ੍ਰੀਤ ਪਾਲ ਕੌਰ ਨੇ ਪਿੰਡ ਰਾਏਪੁਰਾ, ਗੋਬਿੰਦਗੜ੍ਹ, ਕੇਰਾ ਖੇੜਾ, ਮਲੂਕਪੁਰਾ, ਢਾਬਾ ਕੋਕਰੀਆਂ, ਜੋਧਪੁਰ, ਬਹਾਵਲ ਵਾਸੀ, ਬਹਾਦਰ ਖੇੜਾ, ਅਬੋਹਰ 1, ਅਬੋਹਰ 2, ਚੰਨਣ ਖੇੜਾ, ਬੱਲੂਆਣਾ, ਸੀਤੋ ਗੰੁਨੋ੍ਹ, ਲੱਧੂ ਵਾਲਾ ਉਤਾੜ, ਝੁਮਿਆਂ ਵਾਲੀ, ਬੁਰਜ ਮੁਹਾਰ, ਤਾਜ਼ਾ ਪੱਟੀ ਆਦਿ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ ਵੀਰ ਵਾਤਾਵਰਨ ਅਤੇ ਆਪਣੇ ਜ਼ਮੀਨੀ ਪੋਸ਼ਕੀ ਤੱਤਾਂ ਦੀ ਮਹੱਤਾ ਨੂੰ ਸਮਝਦਿਆਂ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦਾ ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਏ ਗਏ ਸੰਦਾਂ ਦੀ ਵਰਤੋਂ ਨਾਲ ਨਿਬੇੜਾ ਕਰਨ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਤਾਂ ਦੂਸ਼ਿਤ ਹੁੰਦਾ ਹੀ ਹੈ ਅਤੇ ਕਈ ਤਰ੍ਹਾਂ ਦੀ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ ਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖਾਦ ਦੇ ਵਜੋਂ ਕਿਸਾਨ ਵੀਰ ਆਪਣੀ ਜ਼ਮੀਨ ਵਿਚ ਵਰਤਣ ਤੇ ਅਗਲੇਰੀ ਫ਼ਸਲ ਦੀ ਬਿਜਾਈ ਕਰਨ |