ਨਥਾਣਾ, 31 ਅਕਤੂਬਰ (ਗੁਰਦਰਸ਼ਨ ਲੁੱਧੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਖੇ ਕੌਮੀ ਸੇਵਾ ਯੋਜਨਾ ਯੂਨਿਟ ਅਤੇ ਨੈਸ਼ਨਲ ਡੇਅ ਕਿਰਿਆ ਤਹਿਤ ਸਵੇਰ ਦੀ ਸਭਾ ਦੌਰਾਨ ਕੌਮੀ ਸਦਭਾਵਨਾ ਦਿਵਸ ਮਨਾਇਆ ਗਿਆ | ਜਿਸ ਦੌਰਾਨ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਪੁਲਿਸ ਇੰਸਪੈਕਟਰ ਥਾਣਾ ਕੈਂਟ ਬਠਿੰਡਾ ਦਲਜੀਤ ਸਿੰਘ ਅਤੇ ਏ. ਐਸ. ਆਈ. ਬਾਬੂ ਲਾਲ ਵਲੋਂ ਕੌਮੀ ਸਦਭਾਵਨਾ ਦਿਵਸ ਦੀ ਮਹੱਤਤਾ ਦੱਸਦੇ ਹੋਏ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ, ਆਦਰਸ਼ ਅਤੇ ਦੇਸ਼ ਨੂੰ ਇੱਕਜੁੱਟ ਕਰਨ ਸਬੰਧੀ ਪਾਏ ਯੋਗਦਾਨ ਬਾਰੇ ਦੱਸਿਆ ਗਿਆ | ਸਟੈਚੂ ਆਫ਼ ਯੂਨਿਟੀ ਦੇ ਸੰਦਰਭ ਵਿਚ ਵੱਲਭ ਭਾਈ ਪਟੇਲ ਨੂੰ ਦੇਸ਼ ਦੇ ਲੋਹ ਪੁਰਸ਼ ਦੀ ਉਪਾਧੀ ਮਿਲਣ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਉਪਰੰਤ ਰਨ ਫ਼ਾਰ ਯੂਨਿਟੀ ਥੀਮ ਅਧੀਨ ਲੜਕਿਆਂ ਦੀ ਦੌੜ ਪ੍ਰਤੀਯੋਗਤਾ ਵੀ ਕਰਵਾਈ ਗਈ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਇਸ ਪ੍ਰਕਿਰਿਆ ਦੌਰਾਨ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਅਤੇ ਪੁਲਿਸ ਅਧਿਕਾਰੀਆਂ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਅਧਿਆਪਕਾ ਗੁਰਜੋਤ ਕੌਰ ਵਲੋਂ ਸਟੇਜ ਸੰਚਾਲਨ ਬਾਖ਼ੂਬੀ ਨਾਲ ਕੀਤਾ ਗਿਆ | ਇਸ ਮੌਕੇ ਗਣਿਤ ਲੈਕਚਰਾਰ ਗਲੋਰੀ, ਪੰਜਾਬੀ ਲੈਕਚਰਾਰ ਸੁਖਵਿੰਦਰ ਕੌਰ, ਵਿਪਨ ਕੁਮਾਰ ਅਤੇ ਜਗਜੀਤ ਸਿੰਘ, ਸਰੀਰਕ ਸਿੱਖਿਆ ਅਧਿਆਪਕ ਜਸਵਿੰਦਰ ਸਿੰਘ, ਸੁਖਜੀਤ ਕੌਰ ਅਤੇ ਸੰਤੋਸ਼ ਕੁਮਾਰ ਹਾਜ਼ਰ ਸਨ | ਸਕੂਲ ਪ੍ਰਬੰਧਕਾਂ ਵਲੋਂ ਸਮਾਗਮ ਵਿਚ ਪਹੁੰਚੀਆਂ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ |