ਕੁਹਾੜਾ, 5 ਸਤੰਬਰ (ਸੰਦੀਪ ਸਿੰਘ ਕੁਹਾੜਾ)-ਭਾਰਤ ਦੇ ਸਿੱਖਿਆ ਮੰਤਰਾਲੇ ਵਲੋਂ ਅਧਿਆਪਕ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚੋਂ ਕੁੱਲ 45 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦਾ ਸਨਮਾਨ ਦੇਣ ਲਈ ਚੁਣਿਆ ਗਿਆ ਸੀ | ਜਿਸ ਤਹਿਤ ਪੂਰੇ ਭਾਰਤ ਵਿਚੋਂ ਲੁਧਿਆਣਾ ਜ਼ਿਲੇ੍ਹ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਜੰਡਿਆਲੀ ਵਿਖੇ ਸੇਵਾ ਨਿਭਾ ਰਹੇ ਅਧਿਆਪਕ ਨਰਿੰਦਰ ਸਿੰਘ ਨੂੰ ਸਕੂਲ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਿੱਖਿਆ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ¢ ਇਹ ਪੁਰਸਕਾਰ ਅਧਿਆਪਕ ਨਰਿੰਦਰ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਦਰੌਪਦੀ ਮੁਰਮੂ ਵਲੋਂ ਨਵੀਂ ਦਿੱਲੀ ਵਿਖੇ ਅਧਿਆਪਕ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਦਿੱਤਾ ਗਿਆ¢ ਇਸ ਮੌਕੇ ਅਧਿਆਪਕ ਨਰਿੰਦਰ ਸਿੰਘ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਰਾਸ਼ਟਰੀ ਪੁਰਸਕਾਰ ਮਿਲਣ ਦਾ ਸਿਹਰਾ ਆਪਣੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵਲੋਂ ਮਿਲੇ ਸਹਿਯੋਗ ਨੂੰ ਜਾਂਦਾ ਹੈ¢ ਇਸ ਸ਼ਾਨਦਾਰ ਪ੍ਰਾਪਤੀ 'ਤੇ ਅਧਿਆਪਕ ਨਰਿੰਦਰ ਸਿੰਘ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਵੀ ਸ਼ਲਾਘਾ ਕੀਤੀ ਗਈ¢ ਇਸ ਮੌਕੇ ਸਰਪੰਚ ਗਗਨਦੀਪ ਸਿੰਘ ਗਿੱਲ, ਸਾਹਿੱਤਕਾਰ ਤੇਲੂ ਰਾਮ ਕੁਹਾੜਾ, ਕਹਾਣੀਕਾਰ ਜਤਿੰਦਰ ਹਾਂਸ, ਨੰਬਰਦਾਰ ਮਲਕੀਤ ਸਿੰਘ ਗਿੱਲ, ਸਾਬਕਾ ਸਰਪੰਚ ਧਰਮਜੀਤ ਸਿੰਘ ਗਿੱਲ, ਸਾਬਕਾ ਸਰਪੰਚ ਉਦੇਰਾਜ ਸਿੰਘ ਗਿੱਲ, ਹਰਿੰਦਰਪਾਲ ਸਿੰਘ ਗਿੱਲ, ਧਰਮਜੀਤ ਸਿੰਘ ਢਿੱਲੋਂ ਪ੍ਰਧਾਨ ਲੈਕਚਰਾਰ ਕੇਡਰ ਯੂਨੀਅਨ, ਜਸਵਿੰਦਰ ਸਿੰਘ ਅਧਿਆਪਕ ਆਗੂ ਸਮੇਤ ਇਲਾਕਾ ਵਾਸੀਆਂ ਵਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਧਿਆਪਕ ਨਰਿੰਦਰ ਸਿੰਘ ਦੀ ਮਿਹਨਤ ਅਤੇ ਲਗਨ ਸਦਕਾ ਜੰਡਿਆਲੀ ਸਕੂਲ ਅਤੇ ਪਿੰਡ ਦਾ ਨਾਂਅ ਪੂਰੇ ਦੇਸ਼ ਵਿਚ ਚਮਕਿਆ ਹੈ¢