ਮਲੌਦ, 5 ਸਤੰਬਰ (ਦਿਲਬਾਗ ਸਿੰਘ ਚਾਪੜਾ)-ਪੰਜਾਬ 'ਚ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਸ਼੍ਰੋਮਣੀ ਸੰਸਥਾਵਾਂ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਲੋਕਾਂ ਵਲੋਂ ਰਾਹਤ ਸੇਵਾਵਾਂ ਲਗਾਤਾਰ ਪਹੰੁਚਾਈਆਂ ਜਾ ਰਹੀਆਂ ਹਨ | ਉਥੇ ਹੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਜਿਥੇ ਖਾਣ ਪੀਣ ਵਾਲ਼ੀਆਂ ਤੇ ਜ਼ਰੂਰੀ ਲੋੜਾਂ ਵਾਲੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ | ਉੱਥੇ ਹੀ ਪਸ਼ੂਆਂ ਲਈ ਹਰੇ ਅਚਾਰ ਦਾ ਵੀ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ | ਭਾਈ ਗੁਰਦੀਪ ਸਿੰਘ ਤੇ ਭਾਈ ਹਰਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਸੰਤ ਬਾਬਾ ਦਰਸ਼ਨ ਸਿੰਘ ਅਮਰੀਕਾ 'ਚ ਧਰਮ ਪ੍ਰਚਾਰ ਲਈ ਗਏ ਹੋਏ ਹਨ | ਪਰ ਫਿਰ ਵੀ ਪੰਜਾਬ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਤੇ ਪਸ਼ੂ ਪੰਛੀਆਂ ਦੇ ਰਾਹਤ ਕਾਰਜਾਂ 'ਚ ਮਹਾਂਪੁਰਸ਼ਾਂ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਹਾਂਪੁਰਸ਼ਾਂ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਬਾਬਾ ਨਾਨਕ ਦੇ ਪਿੰਡ ਕਾਹਲਾਂਵਾਲੀ, ਖੋਦੇ ਬੇਟ, ਪੱਖੋ ਕੇ, ਸ਼ਹਿਜਾਦਾ ਤੇ ਘੋਨੇਵਾਲ ਪਿੰਡਾਂ ਦੇ ਲੋਕਾਂ ਦੀ ਮੰਗ 'ਤੇ ਲੋੜ ਅਨੁਸਾਰ ਪਸ਼ੂਆਂ ਲਈ ਹਰਾ ਅਚਾਰ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਖਾਣ ਪੀਣ ਵਾਲੀਆਂ ਜ਼ਰੂਰੀ ਵਸਤੂਆਂ, ਡੀਜ਼ਲ ਤੇਲ, ਮੱਛਰਦਾਨੀਆਂ, ਤਰਪਾਲਾਂ ਆਦਿ ਵੱਡੀ ਸਮੱਗਰੀ ਨਾਲ ਭਰੀਆਂ ਟਰਾਲੀਆਂ ਭੇਜੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਜਦੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚੋਂ ਪਾਣੀ ਉਤਰ ਜਾਵੇਗਾ ਤਾਂ ਲੋਕਾਂ ਲਈ ਜਲਦੀ ਹੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਵਰਤੀਆਂ ਜਾਣ ਵਾਲੀਆਂ ਰਸਦਾਂ ਵਸਤਾਂ ਭੇਜੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮਹਾਂਪੁਰਖ ਜਿੱਥੇ ਆਪ ਉਹ ਹਰ ਰੋਜ਼ ਹੜ੍ਹਾਂ ਦੇ ਬਚਾਓ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰ ਰਹੇ ਹਨ ਉਥੇ ਉਨ੍ਹਾਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਹੈ ਸਾਰੇ ਰਲ ਮਿਲ ਕੇ ਇਸ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਹੜ੍ਹਾਂ ਦੇ ਬਚਾਓ ਸੁਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ | ਅੱਜ ਹੜ੍ਹ ਪੀੜਤਾਂ ਲਈ ਭਾਈ ਕੁਲਵੰਤ ਸਿੰਘ, ਮਨਪ੍ਰੀਤ ਸਿੰਘ, ਜੀਤ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਗੁਰਲਾਲ ਸਿੰਘ, ਪ੍ਰਤਾਪ ਸਿੰਘ ਆਦਿਕ ਸੇਵਾਦਾਰ ਤਪੋਬਣ ਢੱਕੀ ਸਾਹਿਬ ਤੋਂ ਰਸਦਾਂ ਵਸਤਾਂ ਦੀਆਂ ਟਰਾਲੀਆਂ ਭਰ ਕੇ ਰਵਾਨਾ ਹੋਏ ¢