05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਾਬਾ ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਦੀ ਲੜਾਈ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਬਹੁਤ ਸਾਰੀਆਂ ਜਿੱਤਾਂ ਕਾਰਨ ਲਾਹੌਰ ਦੇ ਚੜ੍ਹਦੇ ਪਾਸੇ ਦਾ ਸਾਰਾ ਪੰਜਾਬ ਖ਼ਾਲਸਾ ਫ਼ੌਜਾਂ ਅਧੀਨ ਆ ਗਿਆ ਤਾਂ ਦਿੱਲੀ ਤਖ਼ਤ ਬੁਰੀ ਤਰ੍ਹਾਂ ਘਬਰਾ ਗਿਆ। ਉਨ੍ਹਾਂ ਦਿਨਾਂ 'ਚ ਬਹਾਦਰ ਸ਼ਾਹ ਦੱਖਣ ਤੋਂ ਵਾਪਸ ਮੁੜ ਰਿਹਾ ਸੀ। ਜਦੋਂ ਬਾਦਸ਼ਾਹ ਨੂੰ ਸਰਹਿੰਦ ਦੀ ਫ਼ਤਹਿ ਤੇ ਗੰਗ-ਦੁਆਬ ਦੇ ਇਲਾਕੇ 'ਤੇ ਬੰਦਾ ਬਹਾਦਰ ਦੀ ਚੜ੍ਹਤ ਅਤੇ ਪੰਜਾਬ 'ਚ ਸਿੱਖਾਂ ਦੀ ਬਗਾਵਤ ਦਾ ਪਤਾ ਚੱਲਿਆ ਤਾਂ ਉਹ ਉਸ ਸਮੇਂ ਜੂਨ 1710 ਈ: ਨੂੰ ਅਜਮੇਰ ਵਿਚ ਸੀ। ਉਸ ਸਮੇਂ ਉਸ ਨੇ ਰਾਜਪੂਤਾਂ ਵਿਰੁੱਧ ਲੜਾਈ ਛੱਡ ਕੇ 27 ਜੂਨ 1710 ਈ: ਨੂੰ ਉੱਤਰੀ ਭਾਰਤ ਵੱਲ ਕੂਚ ਕਰ ਦਿੱਤਾ। ਬਾਦਸ਼ਾਹ ਨੇ ਦਿੱਲੀ ਅਵਧ ਦੇ ਸੂਬਿਆਂ, ਮੁਰਾਦਾਬਾਦ ਅਤੇ ਅਲਾਹਾਬਾਦ ਦੇ ਸੂਬੇਦਾਰਾਂ ਨੂੰ ਹੋਰ ਮੁਗ਼ਲ ਰੰਗੜਾਂ ਤੇ ਚੌਧਰੀਆਂ ਨੂੰ ਨਾਲ ਲੈ ਕੇ ਪੰਜਾਬ ਵੱਲ ਭੇਜ ਦਿੱਤਾ। ਇੱਥੇ ਇਹ ਗੱਲ ਜ਼ਰੂਰ ਦੱਸਣੀ ਬਣਦੀ ਹੈ ਕਿ ਬਹਾਦਰ ਸ਼ਾਹ 'ਤੇ ਸਿੱਖਾਂ ਦੇ ਬਹੁਤ ਛਾਪੇ ਪੈ ਚੁੱਕੇ ਸਨ ਅਤੇ ਉਸ ਦੇ ਆਪਣੇ ਹੀ ਅਹਿਲਕਾਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਦੱਸ-ਦੱਸ ਕੇ ਉਸ ਦਾ ਮਨ ਘਬਰਾਉਣ ਲਾ ਦਿੰਦੇ ਸਨ। ਇਸ ਕਰਕੇ ਉਸ ਨੇ 8 ਸਤੰਬਰ, 1710 ਈ: ਨੂੰ ਇਕ ਅਜੀਬ ਕਿਸਮ ਦਾ ਹੁਕਮ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਕਿ ਸ਼ਾਹੀ ਅਮਲੇ ਦੇ ਸਾਰੇ ਹਿੰਦੂ ਆਪਣੀਆਂ ਦਾੜ੍ਹੀਆਂ ਮੁਨਵਾ ਲੈਣ, ਤਾਂ ਕਿ ਕੋਈ ਸਿੱਖ ਉਨ੍ਹਾਂ ਵਿਚ ਨਾ ਆ ਜਾਵੇ। ਸ਼ਾਹੀ ਫ਼ੌਜ ਦਾ ਇਕ ਵੱਡਾ ਹਿੱਸਾ ਸੈਨਾਪਤੀ ਮਹਾਬਤ ਖ਼ਾਂ ਅਤੇ ਫ਼ਿਰੋਜ਼ ਖ਼ਾਂ ਮੈਵਾੜੀ ਦੀ ਅਗਵਾਈ 'ਚ ਥਾਨੇਸਰ ਵੱਲ ਨੂੰ ਚੱਲ ਪਿਆ ਅਤੇ ਫਿਰ ਕਰਨਾਲ ਤੋਂ 25 ਕੁ ਮੀਲ ਦੂਰ ਲਾਡਵੇ ਪਾਸ ਉਨ੍ਹਾਂ ਦੀ ਟੱਕਰ ਬਿਨੋਦ ਸਿੰਘ ਤੇ ਰਾਮ ਸਿੰਘ ਦੀ ਅਗਵਾਈ ਵਿਚ ਖ਼ਾਲਸਾ ਫ਼ੌਜ ਨਾਲ ਹੋ ਗਈ ਪਰ ਸ਼ਾਹੀ ਫ਼ੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਦੋਵੇਂ ਪਾਸੇ ਦਾ ਬਹੁਤ ਨੁਕਸਾਨ ਹੋਇਆ ਅਤੇ ਸਿੰਘਾਂ ਨੂੰ ਪਿੱਛੇ ਹਟਣਾ ਪਿਆ। ਪਰ ਥੋੜ੍ਹੇ ਸਮੇਂ ਬਾਅਦ ਹੀ ਕੱਤਕ ਸੰਮਤ 1767 ਨੂੰ ਅਮੀਨਗੜ੍ਹ ਦੇ ਜੰਗਲਾਂ ਵਿਚ ਸਿੰਘਾਂ ਤੇ ਸ਼ਾਹੀ ਫ਼ੌਜਾਂ ਦੀ ਜ਼ਬਰਦਸਤ ਟੱਕਰ ਹੋ ਗਈ। ਮਹਾਬਤ ਖ਼ਾਂ ਨੇ ਹੱਲਾ ਬੋਲਿਆ ਪਰ ਸਿੰਘਾਂ ਨੇ ਉਸ ਨੂੰ ਭਾਂਜ ਦੇ ਦਿੱਤੀ। ਉਸ ਨੂੰ ਭੱਜਦਿਆਂ ਦੇਖ ਫ਼ਿਰੋਜ਼ ਖ਼ਾਂ ਬਹੁਤ ਗੁੱਸੇ 'ਚ ਆਇਆ ਅਤੇ ਵੱਡੀ ਗਿਣਤੀ ਸ਼ਾਹੀ ਫ਼ੌਜ ਨਾਲ ਉਹ ਸਿੱਖ ਫ਼ੌਜਾਂ 'ਤੇ ਟੁੱਟ ਪਿਆ। ਪ੍ਰਸਿੱਧ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਇਸ ਲੜਾਈ 'ਚ 300 ਸਿੰਘ ਸ਼ਹੀਦ ਹੋ ਗਏ ਅਤੇ ਜੋ ਬਚੇ ਉਹ ਸਰਹਿੰਦ ਤੇ ਲੋਹਗੜ੍ਹ ਵੱਲ ਚਲੇ ਗਏ। ਇੱਥੇ ਫ਼ਿਰੋਜ਼ ਖ਼ਾਂ ਨੇ ਫੱਟੜ ਤੇ ਬੇਵਸ ਸਿੰਘਾਂ ਨੂੰ ਚੁਣ-ਚੁਣ ਕੇ ਮਾਰਿਆ ਅਤੇ ਉਨ੍ਹਾਂ ਦੇ ਸੀਸ ਰੁੱਖਾਂ ਨਾਲ ਟੰਗ ਦਿੱਤੇ। ਸਿੰਘਾਂ ਦੀਆਂ ਲੋਥਾਂ ਤੇ ਕੱਟੇ ਸਿਰਾਂ ਦੇ ਗੱਡੇ ਲੱਦ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤੇ। ਮੁਗ਼ਲਾਂ ਵਲੋਂ ਇਹ ਲੜਾਈ ਜਿੱਤਣ ਕਰਕੇ ਕਰਨਾਲ ਦਾ ਸਾਰਾ ਇਲਾਕਾ ਫਿਰ ਮੁਗ਼ਲਾਂ ਅਧੀਨ ਆ ਗਿਆ।
ਇਸ ਲੜਾਈ ਤੋਂ ਬਾਅਦ ਬਹਾਦਰ ਸ਼ਾਹ ਤਕਰੀਬਨ ਸੱਠ ਹਜ਼ਾਰ ਫ਼ੌਜ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲ੍ਹੇ ਲੋਹਗੜ੍ਹ ਵੱਲ ਚੱਲ ਪਿਆ, ਕਿਉਂਕਿ ਸਰਹਿੰਦ, ਥਾਨੇਸਰ ਅਤੇ ਅਮੀਨਗੜ੍ਹ ਤੋਂ ਬਹੁਤ ਸਾਰੇ ਸਿੰਘ ਇਸ ਕਿਲ੍ਹੇ 'ਚ ਇਕੱਠੇ ਹੋਏ ਸਨ। ਬਹਾਦਰ ਸ਼ਾਹ ਨੇ ਵੱਡੀ ਫ਼ੌਜ ਨਾਲ 4 ਦਸੰਬਰ, 1710 ਈ: ਨੂੰ ਲੋਹਗੜ੍ਹ ਦੇ ਨੇੜੇ ਪੁੱਜ ਕੇ ਸਢੌਰੇ ਕੋਲ ਆਪਣੀ ਠਹਿਰ ਬਣਾਈ। ਅਗਲੇ ਹੀ ਦਿਨ ਸਿੱਖ ਫ਼ੌਜਾਂ ਨੇ ਤੀਰਾਂ ਤੇ ਬੰਦੂਕਾਂ ਨਾਲ ਸਾਹੀ ਫ਼ੌਜ 'ਤੇ ਤਕੜਾ ਹਮਲਾ ਕਰ ਦਿੱਤਾ। ਇਸ ਲੜਾਈ ਬਾਰੇ ਇਕ ਪ੍ਰਸਿੱਧ ਇਤਿਹਾਸਕਾਰ ਖਾਫ਼ੀਖ਼ਾਨ ਬਿਆਨ ਕਰਦਾ ਹੈ ਕਿ ਜਿਹੜੀ ਲੜਾਈ ਇਸ ਮਗਰੋਂ ਹੋਈ, ਮੈਂ ਉਸ ਦਾ ਬਿਆਨ ਨਹੀਂ ਕਰ ਸਕਦਾ। ਫ਼ਕੀਰਾਂ ਜਿਹੇ ਕੱਪੜਿਆਂ ਵਾਲੇ ਸਿੱਖਾਂ ਨੇ ਸ਼ਾਹੀ ਫ਼ੌਜ ਦੀਆਂ ਭੰਬੀਰੀਆਂ ਭੁਆ ਦਿੱਤੀਆਂ। ਸ਼ਾਹੀ ਫ਼ੌਜ ਦੇ ਏਨੇ ਸੈਨਿਕ ਮਾਰੇ ਗਏ ਤੇ ਫੱਟੜ ਹੋ ਕੇ ਡਿੱਗ ਪਏ ਕਿ ਇਹ ਜਾਪਦਾ ਸੀ ਕਿ ਸ਼ਾਹੀ ਫ਼ੌਜ ਹਾਰ ਜਾਵੇਗੀ। ਪਰ ਮੌਕੇ 'ਤੇ ਹੋਰ ਸ਼ਾਹੀ ਮਦਦ ਮਿਲਣ ਨਾਲ ਉਹ ਟਿਕ ਗਈ। ਸਾਰੇ ਦਿਨ ਦੀ ਜ਼ਬਰਦਸਤ ਲੜਾਈ ਪਿੱਛੋਂ ਸੂਰਜ ਛਿਪਦੇ ਹੀ ਸਿੰਘ ਲੋਹਗੜ੍ਹ ਦੇ ਕਿਲ੍ਹੇ ਵੱਲ ਮੁੜ ਪਏ।
ਹੁਣ ਸ਼ਾਹੀ ਫ਼ੌਜਾਂ ਨੇ ਕੁਝ ਹਿੰਦੂ ਰਾਜਪੂਤ ਰਾਜਿਆਂ ਨਾਲ ਮਿਲ ਕੇ ਲੋਹਗੜ੍ਹ ਕਿਲ੍ਹੇ ਨੂੰ ਘੇਰ ਲਿਆ। ਕਿਲ੍ਹੇ ਦੀ ਘੇਰਾਬੰਦੀ ਮਜ਼ਬੂਤ ਹੋਣ ਦੇ ਬਾਵਜੂਦ ਵੀ ਬਾਦਸ਼ਾਹ ਨੂੰ ਕਿਲ੍ਹੇ 'ਤੇ ਹਮਲਾ ਕਰਨ ਦਾ ਹੌਸਲਾ ਨਹੀਂ ਸੀ ਪੈ ਰਿਹਾ। ਇਸ ਲਈ ਉਨ੍ਹਾਂ ਨੇ ਰਸਦ-ਪਾਣੀ ਅੰਦਰ ਜਾਣਾ ਬੰਦ ਕਰ ਦਿੱਤਾ ਤੇ ਸਿੰਘਾਂ ਕੋਲ ਰਸਦ ਮੁੱਕਣ ਲੱਗਾ। ਪਰ ਸਿੰਘਾਂ ਨੇ ਹੱਲਾ ਕਰਕੇ ਮੁਗ਼ਲ ਫ਼ੌਜਾਂ ਨੂੰ ਚੀਰ ਕੇ ਨਿਕਲ ਜਾਣ ਦਾ ਫ਼ੈਸਲਾ ਕੀਤਾ। ਹੁਣ ਇਹ ਵੀ ਫ਼ੈਸਲਾ ਕੀਤਾ ਕਿ ਭਾਈ ਗੁਲਾਬ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਪੁਸ਼ਾਕ ਪਾ ਕੇ ਕੁਝ ਸਿੰਘਾਂ ਨਾਲ ਕਿਲ੍ਹੇ ਅੰਦਰ ਰਹਿਣਗੇ ਅਤੇ ਬਾਬਾ ਜੀ ਬਾਕੀ ਸਿੰਘਾਂ ਨਾਲ ਰਾਤ ਨੂੰ ਹੀ ਨਿਕਲ ਜਾਣਗੇ। ਉੱਧਰ ਮੁਗ਼ਲ ਸੈਨਾਪਤੀ ਮੁਨੀਮ ਖ਼ਾਨ ਨੇ ਕਿਲ੍ਹੇ ਦਾ ਜਾਇਜ਼ਾ ਲੈ ਕੇ ਫ਼ੈਸਲਾ ਕੀਤਾ ਕਿ ਰਾਤ ਤੋਂ ਬਾਅਦ ਦੂਜੀ ਸਵੇਰ ਉਹ ਵੱਡਾ ਹਮਲਾ ਕਰਕੇ ਬੰਦਾ ਸਿੰਘ ਬਹਾਦਰ ਨੂੰ ਜਿਊਂਦਾ ਫੜਨਗੇ। ਪਰ ਸਿੰਘਾਂ ਦੇ ਆਪਣੇ ਫ਼ੈਸਲੇ ਅਨੁਸਾਰ ਬਾਬਾ ਜੀ ਬਹੁਤ ਸਾਰੇ ਸਿੰਘਾਂ ਨਾਲ 10 ਦਸੰਬਰ, 1710 ਈ: ਦੀ ਰਾਤ ਨੂੰ ਵੈਰੀ ਦਲਾਂ ਨੂੰ ਕੱਟਦੇ-ਵੱਡ ਦੇ ਕਿਲ੍ਹੇ 'ਚੋਂ ਨਿਕਲ ਨਾਹਨ ਦੀ ਰਿਆਸਤ ਵਿਚ ਚਲੇ ਗਏ। ਦੂਜੀ ਸਵੇਰ 11 ਦਸੰਬਰ, 1710 ਈ: ਨੂੰ ਮੁਗ਼ਲਾਂ ਨੇ ਕਿਲ੍ਹੇ 'ਤੇ ਤਕੜਾ ਹਮਲਾ ਕੀਤਾ ਤੇ ਮੁਨੀਮ ਖ਼ਾਨ ਲੋਹਗੜ੍ਹ 'ਤੇ ਕਬਜ਼ਾ ਕਰਨ ਵਿਚ ਸਫ਼ਲ ਹੋ ਗਿਆ ਪਰ ਉਸ ਦੇ ਹੱਥ ਭਾਰੀ ਨਿਰਾਸ਼ਤਾ ਲੱਗੀ। ਸ਼ਾਹੀ ਫ਼ੌਜਾਂ ਨੇ ਕਿਲ੍ਹੇ 'ਚ ਬਾਕੀ ਬਚੇ ਗੁਲਾਬ ਸਿੰਘ ਤੇ ਦਸ-ਬਾਰ੍ਹਾਂ ਸਿੰਘਾਂ ਨੂੰ ਫੜ ਲਿਆ। ਜਦੋਂ ਬਾਦਸ਼ਾਹ ਨੂੰ ਬਾਬਾ ਜੀ ਦੇ ਨਿਕਲਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸ਼ਾਹੀ ਫ਼ੌਜ ਦੇ ਇਕ ਜਰਨੈਲ ਹਮੀਦ ਖ਼ਾਨ ਨੂੰ ਹੁਕਮ ਦਿੱਤਾ ਕਿ ਪਹਾੜਾਂ ਵਿਚ ਬਾਬਾ ਜੀ ਦਾ ਪਿੱਛਾ ਕਰਕੇ ਫੜ ਕੇ ਲਿਆਂਦਾ ਜਾਵੇ ਅਤੇ ਜੇ ਬੰਦਾ ਸਿੰਘ ਬਹਾਦਰ ਹੱਥ ਨਾ ਆਇਆ ਤਾਂ ਨਾਹਨ ਦੇ ਰਾਜੇ ਨੂੰ ਬੰਦੀ ਬਣਾ ਕੇ ਲਿਆਂਦਾ ਜਾਵੇ। ਬਾਬਾ ਜੀ ਤਾਂ ਪਹਾੜਾਂ 'ਚ ਦੂਰ ਨਿਕਲ ਗਏ ਤਾਂ ਨਾਹਨ ਦੇ ਰਾਜਾ ਭੂਪ ਪ੍ਰਕਾਸ਼ ਨੂੰ ਤਸੀਹੇ ਦਿੱਤੇ ਗਏ ਤੇ ਉਸ ਨੂੰ ਗੁਲਾਬ ਸਿੰਘ ਨਾਲ ਇਕੋ ਪਿੰਜਰੇ 'ਚ ਪਾ ਕੇ ਕਈ ਦਿਨਾਂ ਤੱਕ ਭੁੱਖਾ ਰੱਖਿਆ ਗਿਆ। ਫਿਰ ਲਾਲ ਕਿਲ੍ਹੇ ਵਿਖੇ ਕੈਦ 'ਚ ਰੱਖਣ ਮਗਰੋਂ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਦੇ ਪ੍ਰਬੰਧ ਕਰਕੇ ਬਹਾਦਰ ਸ਼ਾਹ ਆਪ ਸਰਦਪੁਰ, ਰਸੂਲਪੁਰ, ਭੜੋਲੀ, ਹੁਸ਼ਿਆਰਪੁਰ, ਕਾਹਨੂੰਵਾਨ, ਕਲਾਨੌਰ ਤੇ ਪੰਜਗਰਾਈਂ ਤੋਂ ਹੁੰਦਾ ਹੋਇਆ 11 ਅਗਸਤ, 1711 ਈ: ਨੂੰ ਲਾਹੌਰ ਪਹੁੰਚ ਗਿਆ। ਭਾਵੇਂ ਇਸ ਲੋਹਗੜ੍ਹ ਦੀ ਲੜਾਈ ਵਿਚ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਉਨ੍ਹਾਂ ਦੇ ਸਾਰੇ ਜਿੱਤੇ ਹੋਏ ਇਲਾਕੇ ਮੁਗ਼ਲਾਂ ਨੇ ਮੁੜ ਆਪਣੇ ਕਬਜ਼ੇ ਵਿਚ ਲੈ ਲਏ ਸਨ ਪਰ ਇਸ ਲੜਾਈ 'ਚ ਮੁਗ਼ਲਾਂ ਦੇ ਕਈ ਵੱਡੇ ਜਰਨੈਲ ਤੇ ਸੁੱਚਾ ਨੰਦ ਦਾ ਪੁੱਤਰ ਮਾਰੇ ਗਏ ਸਨ। ਉੱਧਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲਾਂ ਹੱਥ ਨਾ ਲੱਗਾ ਤਾਂ ਮੁਨੀਮ ਖ਼ਾਨ ਬਾਦਸ਼ਾਹ ਦੇ ਗੁੱਸੇ ਤੋਂ ਬਚਣ ਲਈ ਗੁਲਾਬ ਸਿੰਘ ਨੂੰ ਹੀ ਨਾਲ ਲੈ ਗਿਆ ਸੀ ਪਰ ਫਿਰ ਵੀ ਉਸ ਨੂੰ ਬਾਦਸ਼ਾਹ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸ ਪਿੱਛੋਂ ਮੁਨੀਮ ਖ਼ਾਨ ਦੀ ਛੇਤੀ ਹੀ ਮੌਤ ਹੋ ਗਈ ਸੀ। ਇਸ ਲੜਾਈ ਨਾਲ ਸਿੱਖਾਂ ਦੇ ਮਨੋਬਲ ਨੂੰ ਵੀ ਕੁਝ ਸੱਟ ਲੱਗੀ। ਇਸ ਤੋਂ ਪਹਿਲਾਂ ਤਾਂ ਉਨ੍ਹਾਂ ਦੀ ਉਹ ਚੜ੍ਹਤ ਸੀ ਕਿ ਮੁਗ਼ਲਾਂ ਦੀ ਰਾਜਧਾਨੀ ਦਿੱਲੀ 'ਚ ਕੋਈ ਵੀ ਮੁਗ਼ਲ ਜਰਨੈਲ ਖ਼ਾਲਸਾ ਫ਼ੌਜਾਂ ਵਿਰੁੱਧ ਲੜਨ ਲਈ ਪੰਜਾਬ ਵੱਲ ਮੂੰਹ ਕਰਨ ਦਾ ਹੌਸਲਾ ਨਹੀਂ ਸੀ ਕਰਦਾ। ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ 'ਮੈਲਕਮ ਲਿਖਦਾ ਹੈ ਕਿ ਜੇ ਬਹਾਦਰ ਸ਼ਾਹ ਵੇਲੇ ਸਿਰ ਦੱਖਣ ਵਲੋਂ ਨਾ ਮੁੜਦਾ ਤਾਂ ਇਹ ਸੰਭਵ ਸੀ ਕਿ ਸਾਰਾ ਹੀ ਹਿੰਦੁਸਤਾਨ ਸਿੱਖ ਫ਼ੌਜਾਂ ਦੇ ਕਬਜ਼ੇ 'ਚ ਆ ਜਾਂਦਾ। ਜੇ ਅਜਿਹਾ ਹੋ ਜਾਂਦਾ ਤਾਂ ਅੱਜ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੀ ਹੋਣ ਸੀ। ਪਰ ਲੋਹਗੜ੍ਹ ਦੇ ਕਿਲ੍ਹੇ 'ਚੋਂ ਬਚ ਕੇ ਨਿਕਲਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੀਆਂ ਜੜ੍ਹਾਂ ਵੱਢਣ ਲਈ ਆਪਣੇ ਉਪਰਾਲੇ ਜਾਰੀ ਰੱਖੇ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਫਿਰ ਸਿੱਖ ਫ਼ੌਜਾਂ 'ਚ ਸ਼ਾਮਿਲ ਹੋਣ ਲਈ ਹੁਕਮਨਾਮੇ ਭੇਜੇ। ਅਜਿਹਾ ਹੀ ਇਕ ਹੁਕਮਨਾਮਾ ਜੌਨਪੁਰ ਦੀ ਸੰਗਤ ਦੇ ਨਾਂਅ ਲੋਹਗੜ੍ਹੋਂ ਜਾਣ ਤੋਂ ਅਗਲੀ ਸਵੇਰ 12 ਦਸੰਬਰ, 1710 ਈ: ਦਾ ਲਿਖਿਆ ਮਿਲਦਾ ਹੈ।

-ਮਕਾਨ ਨੰਬਰ 3098,
ਸੈਕਟਰ-37 ਡੀ, ਚੰਡੀਗੜ੍ਹ।
ਮੋਬ: 98764-52223

Ad Position 22
No active advertisement
ਪਿਛਲੀ ਖ਼ਬਰ ਸੰਸਥਾਵਾਂ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖ਼ਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਪੁਰਬ ਦੀਆਂ ਕੁਝ ਯਾਦਾਂ
Ad Position 24