(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਪਰਿਵਾਰ ਵਿਛੋੜੇ ਤੱਕ ਸੰਗਤਾਂ ਦੇ ਇਕੱਠ ਦਾ ਇਕ ਵਹਾਅ ਚਲ ਰਿਹਾ ਸੀ। ਰੋਪੜ ਪਹੁੰਚਦਿਆਂ ਦੁਪਹਿਰ ਹੋ ਗਈ। ਦੁਪਹਿਰ ਦਾ ਪ੍ਰਸ਼ਾਦਾ ਫਤਹਿਗੜ੍ਹ ਸਾਹਿਬ ਛੱਕਣਾ ਸੀ ਪਰ ਰਸਤੇ ਵਿਚ ਸੰਗਤਾਂ ਵਲੋਂ ਕੀਤੀ ਜਾ ਰਹੀ ਸੇਵਾ ਕਾਰਨ, ਕਿਸੇ ਖਾਣੇ ਦੀ ਲੋੜ ਨਹੀਂ ਸੀ। ਮੋਰਿੰਡੇ ਏਨਾ ਇਕੱਠ ਸੀ ਜਿਵੇਂ ਕੋਈ ਹੜ੍ਹ ਹੀ ਆ ਗਿਆ ਹੋਵੇ। ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚਦਿਆਂ ਹਨੇਰਾ ਪੈ ਗਿਆ, ਰਾਜਪੁਰੇ ਦੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਦੁਨੀਆ ਦੀ ਹਰ ਲੱਭਦੀ ਵਸਤੂ ਨਾਲ ਸਵਾਗਤ ਕੀਤਾ। ਕਿਸੇ ਪਾਸੇ ਕਾਜੂ, ਨੇਜੇ, ਅਖਰੋਟ, ਮਠਿਆਈਆਂ ਵੰਡੀਆਂ ਜਾ ਰਹੀਆਂ ਸਨ ਤਾਂ ਕਿਸੇ ਪਾਸੇ ਸੇਬਾਂ ਦੀ ਸੱਚਮੁਚ ਹੀ ਬਾਰਿਸ਼ ਕੀਤੀ ਜਾ ਰਹੀ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਫੈਦ ਗੇਟ ਬਣਾਇਆ ਹੋਇਆ ਸੀ ਅਤੇ ਸਵਾਗਤ ਲਈ ਸਾਰੀ ਯੂਨੀਵਰਸਿਟੀ ਆਈ ਖੜ੍ਹੀ ਸੀ। ਪਟਿਆਲੇ ਪਹੁੰਚਦਿਆਂ ਹੀ ਚਾਰ ਕਿਲੋ ਮੀਟਰ ਫੁੱਲਾਂ ਦੀ ਛੱਤ ਸਾਰਿਆਂ ਨੂੰ ਹੈਰਾਨ ਕਰ ਰਹੀ ਸੀ, ਉਥੇ ਬਿਜਲੀ ਦੇ ਜਗ ਰਹੇ ਬਲਬ ਰਾਤ ਨੂੰ ਵੀ ਦਿਨ ਦੀ ਰੌਸ਼ਨੀ ਪੈਦਾ ਕਰ ਰਹੇ ਸਨ। ਪਟਿਆਲੇ ਦੀਆਂ ਸੰਗਤਾਂ ਪੂਰੀ ਸ਼ਰਧਾ ਦੇ ਨਾਲ ਨਗਰ ਕੀਰਤਨ ਦੀ ਸੇਵਾ ਕਰ ਰਹੀਆਂ ਸਨ। ਸ਼ਹੀਦੀ ਬੀੜ ਰਾਤ ਦੇ ਦਸ ਵਜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਹੁੰਚੀ ਅਤੇ ਅਖੀਰਲਾ ਸਿਰਾ ਅੱਧੀ ਰਾਤ ਦੇ ਸਮੇਂ ਗੁਰਦੁਆਰਾ ਸਾਹਿਬ ਪਹੁੰਚਿਆ।
ਨਗਰ ਕੀਰਤਨ ਵਿਚ ਅਤੇ ਦੇਸ਼ ਵਿਦੇਸ਼ ਦੇ ਸਿੰਘ ਸਿੰਘਣੀਆਂ ਸ਼ਾਮਿਲ ਸਨ ਅਤੇ ਅਮਰੀਕਨ ਸਿੰਘ ਆਪਣੀ ਵੱਖਰੀ ਹੀ ਸ਼ਾਨ ਪੇਸ਼ ਕਰ ਰਹੇ ਸਨ। ਉਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਮੁਖੀ ਵੀ ਉਨ੍ਹਾਂ ਵਿਚ ਸ਼ਾਮਿਲ ਸਨ। ਬੁੱਢਾ ਦਲ ਦਾ ਚਲਦਾ ਵਹੀਰ ਇਸ ਸਮੇਂ ਅਨੋਖੀ ਸ਼ਾਨ ਵਿਚ ਨਿਸ਼ਾਨਾ ਨਾਲ ਚਲਦਾ ਬੜੇ ਲੰਬੇ ਸਮੇਂ ਬਾਅਦ ਦ੍ਰਿਸ਼ਮਾਨ ਹੋਇਆ ਸੀ।
5 ਦਸੰਬਰ, 1975 ਦੇ ਸਵੇਰੇ ਦੀਵਾਨ ਵਿਚ ਗਵਰਨਰ ਪੰਜਾਬ ਸ੍ਰੀ ਐਮ.ਐਮ. ਚੌਧਰੀ ਨੇ ਆਪਣੇ ਭਾਸ਼ਣ ਵਿਚ ਗੁਰੂ ਜੀ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕੀਤਾ। ਇਥੋਂ ਨਗਰ ਕੀਰਤਨ ਤੁਰਿਆ ਅਤੇ ਮਾਲ ਰੋਡ ਤੋਂ ਨਿਕਲਦਿਆਂ ਦੁਪਹਿਰ ਹੋ ਗਈ। ਭਵਾਨੀਗੜ੍ਹ ਦੀ ਸੰਗਤ ਨੇ ਮਾਲ ਪੂੜੇ ਤਿਆਰ ਕਰਵਾਏ ਹੋਏ ਸਨ, ਇਥੋਂ ਸਮਾਣਾ ਤੇ ਗੜ੍ਹੀ ਨਜ਼ੀਰ ਦੀ ਨਹਿਰ ਦੇ ਪੁਲ ਤੋਂ ਨਜ਼ਾਰਾ ਦੇਖਣ ਵਾਲਾ ਸੀ। ਜਹਾਜ਼ ਵਾਰ-ਵਾਰ ਆ ਕੇ ਫੁੱਲਾਂ ਦੀ ਵਰਖਾ ਕਰ ਰਿਹਾ ਸੀ। ਗੂਹਲਾ ਚੀਕਾ ਤੋਂ ਹਰਿਆਣੇ ਦੀ ਹੱਦ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਬਨਾਰਸੀ ਦਾਸ, ਹਰਿਆਣੇ ਦੇ ਮੰਤਰੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਥੋਂ ਸਿਆਣ ਪਿੰਡ 'ਤੇ ਪਿਹੋਵਾ ਪਹੁੰਚਦੇ ਰਾਤ ਦੇ 9 ਵੱਜ ਗਏ ਸਨ। ਪਿਹੋਵਾ ਦੇ ਪੰਡਿਤਾਂ ਨੇ ਸ਼ਹੀਦੀ ਬੀੜ ਦੀ ਆਰਤੀ ਉਤਾਰੀ ਅਤੇ ਦੀਵਾਨ ਸਜੇ।
ਪਹੇਵਾ ਤੋਂ ਨਗਰ ਕੀਰਤਨ 6 ਦਸੰਬਰ, 1975 ਈ. ਨੂੰ ਸਵੇਰੇ 9 ਵਜੇ ਤੁਰ ਪਿਆ ਪਰ ਕੈਥਲ ਪਹੁੰਚਦਿਆਂ ਦੁਪਹਿਰ ਹੋ ਗਈ, ਸੰਗਤਾਂ ਵਿਚ ਅਥਾਹ ਸ਼ਰਧਾ ਤੇ ਜੋਸ਼ ਸੀ, ਹਰੇਕ ਆਪਣੇ ਵਿਤੋਂ ਬਾਹਰ ਹੋ ਕੇ ਸੇਵਾ ਕਰ ਰਿਹਾ ਸੀ। ਖਨੌਰੀ ਫਿਰ ਪੰਜਾਬ ਦੀ ਹੱਦ ਸੀ। ਸਰਦਾਰ ਗੁਰਬਖ਼ਸ਼ ਸਿੰਘ ਸਿੱਖਿਆ ਮੰਤਰੀ ਪੰਜਾਬ, ਫਿਰ ਸਵਾਗਤ ਕਰਨ ਲਈ ਆਏ ਸਨ। ਖਨੌਰੀ ਤੋਂ ਨਹਿਰ ਕਿਨਾਰੇ ਹੋ ਕੇ ਭੂਲਣ ਤੋਂ ਧਮਤਾਨ ਸਾਹਿਬ ਪਹੁੰਚਣਾ ਸੀ। ਧਮਤਾਨ ਸਾਹਿਬ ਦੁੱਧ ਦੇ ਟੈਂਕ ਖੜ੍ਹੇ ਸਨ। ਜੇ ਕੋਈ ਹੱਥ ਧੋਣ ਲਈ ਪਾਣੀ ਦੀ ਟੂਟੀ ਖੋਲ੍ਹਦਾ ਸੀ ਤਾਂ ਪਾਣੀ ਦੀ ਥਾਂ ਦੁੱਧ ਦੀ ਧਾਰ ਵਗ ਤੁਰਦੀ ਸੀ। ਸਪੀਕਰ 'ਤੇ ਆਵਾਜ਼ ਆ ਰਹੀ ਸੀ, ਪਾਣੀ ਨਰਵਾਣੇ ਪਰ ਇਥੇ ਦੁੱਧ ਹੀ ਮਿਲੇਗਾ। ਇਥੋਂ ਨਗਰ ਕੀਰਤਨ ਨਰਵਾਣਾ, ਜੀਂਦ, ਲਾਖਣ, ਮਾਜਰਾ ਹੁੰਦਾ ਹੋਇਆ ਰੋਹਤਕ ਪਹੁੰਚਿਆ। ਰੋਹਤਕ ਦੇ ਸਿੱਖ ਪਰਿਵਾਰਾਂ ਨੇ ਸੰਗਤਾਂ ਦੀ ਬਹੁਤ ਸੇਵਾ ਕੀਤੀ।
ਰੋਹਤਕ ਤੋਂ ਕੀਰਤਨ 7 ਦਸੰਬਰ, 1975 ਈ. ਨੂੰ ਦਿੱਲੀ ਲਈ ਰਵਾਨਾ ਹੋਇਆ। ਉਸ ਸਮੇਂ ਸਰਦੀ ਭਾਵੇਂ ਜੋਬਨ 'ਤੇ ਸੀ, ਪਰ ਸ਼ਰਧਾਲੂ ਹਿਰਦਿਆਂ ਉਤੇ ਇਸ ਦਾ ਕੋਈ ਅਸਰ ਨਹੀਂ ਸੀ, ਜਿਸ ਤਰ੍ਹਾਂ ਚੰਡੀਗੜ੍ਹ ਦਾ ਇਕ ਜੋੜਾ ਸਕੂਟਰ 'ਤੇ ਹੀ ਸਾਰੇ ਰਸਤੇ ਨਾਲ ਰਿਹਾ। ਇਸ 82 ਕਿਲੋਮੀਟਰ ਲੰਬੇ ਸ਼ਹੀਦੀ ਮਾਰਗ 'ਤੇ ਚੱਲਣ ਵਾਲੇ ਕਾਫਲੇ ਵਿਚ 11 ਹਜ਼ਾਰ ਤੋਂ ਵੱਧ ਕਾਰਾਂ, ਬੱਸਾਂ, ਮੋਟਰਸਾਈਕਲ, ਸਕੂਟਰਾਂ ਵਾਲੇ ਭਾਗ ਲੈ ਰਹੇ ਸਨ। ਪੰਜਾਬ ਐਂਡ ਸਿੰਧ ਬੈਂਕ ਵਲੋਂ ਇਸ ਸ਼ਹੀਦੀ ਮਾਰਗ 'ਤੇ ਖਾਲਸਾ ਪੰਥ ਦੇ ਸੂਰਮੇ ਸ਼ਹੀਦ ਸਿੰਘਾਂ ਦੇ ਪਵਿੱਤਰ ਨਾਵਾਂ ਉਤੇ 300 ਸਵਾਗਤੀ ਗੇਟ ਬਣਾਏ ਗਏ ਸਨ, ਜੋ ਇਕ ਅਦੁੱਤੀ ਦ੍ਰਿਸ਼ ਪੇਸ਼ ਕਰਦੇ ਸਨ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਬਠਿੰਡਾ।
ਮੋਬਾਈਲ : 98155-33725