05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਮਾਨਤ ਖ਼ਾਂ ਜ਼ੈਲਦਾਰ ਅਤੇ ਮੋਰਾਂਵਾਲੀਆ ਫ਼ਰੀਦ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਬੇਗਮਪੁਰ ਤੇ ਜੰਡਿਆਲਾ ਪਿੰਡ ਤਾਂ ਦੋ ਹਨ, ਵੱਖੋ-ਵੱਖਰੇ, ਪਰ ਇਕ ਭੀੜੀ ਬੀਹੀ ਇਨ੍ਹਾਂ ਨੂੰ ਅੱਡੋ-ਅੱਡ ਕਰਦੀ ਹੈ। ਬਰਾਸਤਾ ਸ਼ਾਮਚੌਰਾਸੀ, ਥਾਣਾ ਹਰਿਆਣਾ (ਹੁਣ ਬੁੱਲ੍ਹੋਵਾਲ) ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਹ ਪਿੰਡ ਕਦੇ ਮੁਸਲਿਮ ਬਹੁਲ ਖੇੜਾ ਸੀ। ਬਹੁਤੇ ਅਰਾਈਂ ਤੇ ਇਕ-ਦੋ ਦਾਨੇ ਟੱਬਰ ਚੌਧਰੀਆਂ ਦੇ, ਪੰਜ-ਚਾਰ ਘਰ ਹਿੰਦੂ ਸੈਣੀਆਂ ਦੇ, ਮੁੱਠ ਕੁ ਦਲਿਤ ਅਤੇ ਅੱਠ-ਦਸ ਸਿੱਖਾਂ ਦੇ। ਸਿੱਖਾਂ 'ਚੋਂ ਵੀ ਬਹੁਤੇ ਤਰਖਾਣਾਂ-ਲੁਹਾਰਾਂ ਦੇ। ਪਿੰਡ ਦੇ ਇਕ ਜਾਏ, ਫ਼ਕੀਰ-ਸੁਭਾਅ ਚੌ. ਅਮਾਨਤ ਖ਼ਾਂ ਰਈਸ ਦੇ ਪੁਰਖਿਆਂ ਦੀ ਪੰਜ ਪਿੰਡਾਂ 'ਚ ਜ਼ਮੀਨ ਤੇ ਪਿੰਡ ਵਿਚ ਉੱਚੇ-ਚੁਬਾਰਿਆਂ ਵਾਲੀ ਧੜਵੈਲ ਹਵੇਲੀ ਸੀ। ਵੀਹਵੀਂ ਸਦੀ ਦੇ ਵੀਹਵਿਆਂ ਵਿਚ ਜਦ ਉਹ ਜ਼ੈਲਦਾਰ ਨਿਯੁਕਤ ਹੋਇਆ ਤਾਂ ਚੌਧਰੀਆਂ ਦੇ ਟੱਬਰ ਨੇ ਪਿੰਡ ਨਾਲ ਲਾਗਵੇਂ ਆਪਣੇ ਸਰ-ਸਬਜ਼ ਬਾਗ਼ ਵਿਚ ਇਕ ਬੰਗਲਾ ਮੁਸਾਫ਼ਿਰਾਂ ਲਈ ਤਿਆਰ ਕਰਵਾਇਆ। ਲੋਕ ਉਸ ਬੰਗਲੇ ਨੂੰ 'ਚੁਬਾਰੇ ਵਾਲੇ ਚੌਧਰੀਆਂ ਦੀ ਕਚਹਿਰੀ' ਆਖਦੇ।
1923 'ਚ ਹੁਸ਼ਿਆਰਪੁਰ ਦੇ ਵੇਲੇ ਦੇ ਡਿਪਟੀ ਕਮਿਸ਼ਨਰ ਖ਼ਾਨ ਬਹਾਦੁਰ ਜੀ.ਐੱਚ. ਸੁਲਤਾਨ ਅਹਿਮਦ ਨੇ ਬੱਬਰ ਲਹਿਰ ਦੇ ਸੰਦਰਭ 'ਚ ਜ਼ੈਲਦਾਰਾਂ/ਨੰਬਰਦਾਰਾਂ ਦੀ ਸਰਕਾਰ ਹਿਤੂ ਮੀਟਿੰਗ ਬੁਲਾਈ। ਮੀਟਿੰਗ ਉਪਰੰਤ ਚੌ. ਅਮਾਨਤ ਖ਼ਾਂ ਨੂੰ ਵੱਖਰਿਆਂ ਕਰਕੇ ਵਿਸ਼ੇਸ਼ ਵਾਸਤਾ ਪਾਇਆ। ਪਰ ਅਮਾਨਤ ਖ਼ਾਂ ਜ਼ੈਲਦਾਰ ਨੇ ਉਹੀ ਦੁਹਰਾਇਆ ਜਿਹੜਾ ਉਸ ਸਾਂਝੀ ਮੀਟਿੰਗ ਵਿਚ ਕਿਹਾ ਸੀ, 'ਮੇਰੇ ਕੁਨਬੇ ਦੀ ਲੋਕਾਂ ਵਿਚ ਭਲੀ ਭੱਲ ਹੈ, ਸਭ ਦੇ ਭਲੇ ਵਾਲੀ। ਕੋਈ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਮੈਂ ਉਸ ਨੂੰ ਦਰਾਂ-ਅੰਦਰ ਤਾਂ ਸਮਝਾ ਲਵਾਂਗਾ ਪਰ ਲੋਕਾਂ ਦੇ ਜਾਇਆਂ ਨੂੰ ਸੀਖਾਂ ਅੰਦਰ ਕਰਵਾਉਣ ਦਾ ਕਰਮ ਸਾਡੇ ਟੱਬਰ ਦੇ ਹਿੱਸੇ ਨਹੀਂ ਆਇਆ, ਮੇਰੇ ਤਾਂ ਬਿਲਕੁਲ ਹੀ ਨਹੀਂ ।' ਕਿਹਾ ਜਾਂਦਾ ਹੈ ਕਿ ਲੋਕਾਂ 'ਚ ਸਤਿਕਾਰਿਆ ਜਾਂਦਾ ਇਹ ਸਾਧੂ-ਸੁਭਾਅ ਬੰਦਾ ਜਦ 1939 'ਚ ਮੋਇਆ ਤਾਂ ਉਸ ਨੂੰ ਉਸੇ ਕਚਹਿਰੀ ਦੀ ਹਦੂਦ ਵਿਚ ਦਫ਼ਨਾਇਆ ਗਿਆ ਸੀ। ਹੁਣ ਰੋਜ਼ਾ ਅਮਾਨਤ ਖ਼ਾਂ ਵਜੋਂ ਮਸ਼ਹੂਰ ਇਸ ਮਜ਼ਾਰ ਦਾ ਬੜਾ ਸਤਿਕਾਰ ਹੈ। ਦੱਸਿਆ ਗਿਆ ਕਿ ਹੈ ਕਿ '47 ਦੀਆਂ ਚੰਦਰੀਆਂ ਹਵਾਵਾਂ ਵਿਚ ਵੀ ਇਲਾਕੇ ਦੇ ਧਾੜਵੀ ਲੋਕਾਂ ਨੂੰ ਬੇਗਮਪੁਰ-ਜੰਡਿਆਲਾ ਵੱਲ ਮੂੰਹ ਕਰਨ ਦਾ ਹਿਆਂ ਨਹੀਂ ਸੀ ਪਿਆ। ਭਾਵੇਂ ਅੱਜ ਵੀ ਮਾਲ-ਕਾਗਜ਼ਾਂ 'ਚ ਇਸ ਖੇੜੇ ਦਾ ਨਾਂਅ ਬੇਗਮਪੁਰ-ਜੰਡਿਆਲਾ ਹੀ ਬੋਲਦਾ ਹੈ ਪਰ ਲੋਕ-ਜ਼ੁਬਾਂ 'ਚ ਇਸ ਨੂੰ ਜੰਡਿਆਲਾ-ਅਮਾਨਤ ਖ਼ਾਂ ਆਖਿਆ ਜਾਂਦਾ ਹੈ।
*-*-*
ਮੋਰਾਂਵਾਲੀਆ ਫਰੀਦ: ਮੋਰਾਂਵਾਲੀ (ਹੁਸ਼ਿਆਰਪੁਰ) ਸ਼ਹੀਦ ਭਗਤ ਸਿੰਘ ਦੇ ਨਾਨਕਿਆਂ ਦਾ ਪਿੰਡ, ਜਿਸ ਵਿਚ ਮੁਸਲਮਾਨ ਘਰਾਂ ਵਿਚ ਤੇਲੀ, ਲੁਹਾਰ, ਜੁਲਾਹੇ, ਅਰਾਈਂ, ਫ਼ਕੀਰ, ਗੁੱਜਰ, ਮਰਾਸੀ ਆਦਿ ਪੇਸ਼ਿਆਂ ਨਾਲ ਜੁੜੇ ਲੋਕ ਵਸਦੇ ਸਨ। ਪੂਰੇ ਪਿੰਡ ਨਾਲ ਜਿੱਥੇ ਇਕ ਪਾਸੇ ਇਨ੍ਹਾਂ ਦੀ ਸਮਾਜਿਕ ਸਾਂਝ ਸੀ, ਉੱਥੇ ਦੂਜੇ ਪਾਸੇ ਪੇਸ਼ਾਗਤ ਨਿਰਭਰਤਾ ਵੀ ਸੀ। ਜ਼ਿਮੀਦਾਰਾਂ ਤੇ ਮੁਸਲਮਾਨਾਂ ਕਿੱਤਾਕਾਰਾਂ ਦੀਆਂ ਰੋਜ਼ਮਰ੍ਹਾਂ ਦੀਆਂ ਲੋੜਾਂ ਇਕ-ਦੂਜੇ 'ਤੇ ਆਸ਼ਰਿਤ ਸਨ। '47 ਵਾਲੇ ਦਹਿਸ਼ਤੀ ਦਿਨਾਂ ਵਿਚ ਮੋਰਾਂਵਾਲੀ ਕੋਈ ਮਾੜੀ ਘਟਨਾ ਨਹੀਂ ਸੀ ਵਾਪਰੀ ਪਰ ਇਲਾਕੇ ਦੀਆਂ ਵਾਰਦਾਤਾਂ ਨੇ ਉਨ੍ਹਾਂ ਨੂੰ ਧੁਰ ਅੰਦਰੋਂ ਹਿਲਾ ਦਿੱਤਾ ਸੀ। ਉੱਪਰੋਂ ਮਾੜੀ ਗੱਲ ਇਹ ਕਿ ਫਿਰਕੂ-ਗਰੋਹਾਂ ਦੀ ਅਗਵਾਈ ਇਲਾਕੇ ਦੇ ਧੜਵੈਲ ਸਾਧ ਕਰ ਰਹੇ ਸਨ।
ਪਿੰਡ ਵਿਚ ਫ਼ਕੀਰ ਬਰਾਦਰੀ ਦਾ ਸਿਰਫ਼ ਇਕ ਘਰ ਸੀ, ਧੋਬੀਆਂ ਦੇ ਪੰਜ-ਸੱਤ ਅਤੇ ਮਰਾਸੀਆਂ ਦੇ ਅੱਧੀ ਕੁ ਦਰਜਨ। ਬਾਕੀ ਬਰਾਦਰੀਆਂ ਦੇ ਵੀ ਮਸਾਂ ਦੋ ਜਾਂ ਚਾਰ-ਛੇ ਕੁ ਹੀ ਘਰ ਹੋਣਗੇ। ਪੱਤੀ ਹੇਅਰਾਂ ਵਿਚ ਲਹਿਣੇ ਨਾਂਅ ਦਾ ਇਕ ਗੁੱਜਰ ਮੁਸਲਮਾਨ ਰਹਿੰਦਾ ਸੀ, ਪੁੱਤ ਦਾ ਨਾਂਅ ਸੀ ਫ਼ਰੀਦ। ਫ਼ਰੀਦ ਪਹਿਲਾਂ ਫੌਜ ਵਿਚ ਭਰਤੀ ਹੋਇਆ, ਮਗਰੋਂ ਬਾਗੀ ਹੋ ਕੇ ਆਜ਼ਾਦ ਹਿੰਦੀਆਂ ਨਾਲ ਜਾ ਰਲ਼ਿਆ। ਦੂਜੀ ਸੰਸਾਰ ਜੰਗ ਸਮੇਂ ਪਿੰਡ ਦੇ ਹੋਰ ਨੌਜਵਾਨਾਂ ਵਾਂਗ, ਤੰਗੀਆਂ-ਤੁਰਸ਼ੀਆਂ ਦਾ ਜੂਲਾ ਵਗਾਹ ਮਾਰਨ ਲਈ ਉਹ ਵੀ ਗੋਰਿਆਂ ਦੀ ਪਲਟਨ ਵਿਚ ਭਰਤੀ ਹੋ ਗਿਆ ਸੀ। ਇੰਡੀਅਨ ਨੈਸ਼ਨਲ ਆਰਮੀ, ਆਜ਼ਾਦ ਹਿੰਦ ਫੌਜ ਦੀਆਂ ਬਰਮਾ, ਮਲਾਇਆ, ਸਿੰਗਾਪੁਰ ਅਤੇ ਨਿਊਗਿਨੀ ਦੀਆਂ ਸਰਗਰਮੀਆਂ ਨੇ ਉਸ ਨੂੰ ਬੇਹੱਦ ਪ੍ਰਭਾਵਿਤ ਕੀਤਾ ਸੀ। ਬਾਕੀ ਬਾਗੀ ਪੰਜਾਬੀਆਂ ਵਾਂਗ ਉਹ ਵੀ ਨੇਤਾਜੀ ਸੁਭਾਸ਼ ਚੰਦਰ ਬੋਸ, ਜਨਰਲ ਮੋਹਣ ਸਿੰਘ ਅਤੇ ਸ਼ਾਹਨਵਾਜ਼, ਹਿੰਦੂ-ਸਿੱਖ-ਮੁਸਲਿਮ ਏਕਤਾ ਦਾ ਮੁਜੱਸਮਾ ਦੀ ਅਗਵਾਈ ਹੇਠ ਉਸ ਜੰਗ-ਏ-ਆਜ਼ਾਦੀ ਵਿਚ ਸਿਰਲੱਥ ਜੂਝਿਆ।
ਫ਼ਰੀਦ ਜਿਸ ਨੇ ਪਹਿਲਾਂ ਜਪਾਨੀਆਂ ਦੇ ਤਸੀਹੇ ਸਹੇ ਸਨ, ਆਈ.ਐਨ.ਏ. ਮਿਸ਼ਨ ਫੇਲ੍ਹ ਹੋਣ ਉਪਰੰਤ ਮੁੜ ਫੜਿਆ ਗਿਆ। ਪਿੰਡੇ 'ਤੇ ਗੋਰਿਆਂ ਦਾ ਭਾਰੀ ਤਸ਼ੱਦਦ ਸਹਾਰਿਆ ਤੇ ਕੈਦ 'ਚ ਰਿਹਾ। ਮੁਲਕ ਆਜ਼ਾਦ ਹੋਣ ਤੋਂ ਇਕ-ਅੱਧ ਵਰ੍ਹਾ ਪਹਿਲਾਂ ਮਾਪਿਆਂ ਕੋਲ ਪੁੰਹਚਿਆ, ਜਿਹੜੇ ਉਸ ਨੂੰ ਮਰਿਆ-ਮੁੱਕਿਆ ਸਮਝ ਭੋਗ ਵੀ ਪਾ ਚੁੱਕੇ ਸਨ। ਮੁਲਕ ਆਜ਼ਾਦ ਹੋਇਆ, ਸੰਤਾਲੀ ਦੀ ਤ੍ਰਾਸਦੀ ਵਾਪਰ ਗਈ ਤੇ ਦੇਸ਼ ਵੰਡਿਆ ਗਿਆ। ਲੰਬੀ ਕੈਦ ਕੱਟ ਕੇ ਮੁੜਿਆ ਯੋਧਾ ਅਜੇ ਆਪਣੀ ਜੰਮਣ ਭੋਂਇ ਟਿਕ ਕੇ ਵੀ ਨਹੀਂ ਸੀ ਬੈਠਾ ਕਿ 1947 'ਚ ਆਪਣਿਆਂ ਵਲੋਂ ਹੀ ਆਪਣੀ ਮਾਂ-ਧਰਤ 'ਤੇ ਬਿਗਾਨਾ ਗਰਦਾਨ ਦਿੱਤਾ ਗਿਆ।
ਮੁੱਦਤ ਬਾਅਦ ਇਕ ਵਾਰ ਫ਼ਰੀਦ ਮੋਰਾਂਵਾਲੀ ਆਇਆ। ਪਿੰਡ ਦੇ ਬਸੀਮੇ 'ਤੇ ਜਦ ਉਸ ਨੇ ਲੰਮਾ ਪੈ ਕੇ ਆਪਣੀ ਸਰ-ਜ਼ਮੀਂ ਨੂੰ ਡੰਡੋਤ-ਬੰਦਨਾ ਕੀਤੀ, ਲਰਜ਼ਦੇ ਬੁੱਲ੍ਹਾਂ ਨਾਲ ਪਿੰਡ ਦੀ ਮਿੱਟੀ ਨੂੰ ਚੁੰਮਿਆ, ਧੂੜ ਮੱਥੇ ਲਾਈ ਤਾਂ ਉਸ ਦੀਆਂ ਅੱਖਾਂ 'ਚੋਂ ਧਰਾਲ ਵਗੇ ਹੰਝੂ ਵੇਖ ਸਾਰਾ ਮੋਰਾਂਵਾਲੀ ਸਿਸਕ ਉੱਠਿਆ ਸੀ। ਕਹਿੰਦੇ, ਕੁਝ ਸਾਤਿਆਂ ਉਪਰੰਤ ਜਦ ਨਿਰਧਾਰਤ ਸਮੇਂ ਉਹ ਪਾਕਿਸਤਾਨ ਨੂੰ ਤੁਰਿਆ ਆਖਰ ਤਾਂ ਉਸ ਮੁੜਨਾ ਹੀ ਸੀ, ਤਦ ਵੀ ਪਿੰਡ ਦੀ ਰੂਹ ਕੁਰਲਾ ਉੱਠੀ ਸੀ। ਸੁਣਿਆਂ, ਤਾਅ-ਮੋਰਾਂਵਾਲੀਆਂ, ਉਸ ਦਿਨ, ਚੁੱਲ੍ਹੇ ਤਵਾ ਨਹੀਂ ਸੀ ਚੜ੍ਹਾਇਆ।

-ਮੋਬਾ: 94634-39075

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਪੁਰਬ ਦੀਆਂ ਕੁਝ ਯਾਦਾਂ ਅਗਲੀ ਖ਼ਬਰ ਜਾ ਮਨ ਰਹੇ ਹਦੂਰਿ
Ad Position 24