05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜਾ ਮਨ ਰਹੇ ਹਦੂਰਿ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਇਤਿਹਾਸ ਦੀ ਇਕ ਸਾਖੀ ਹੈ ਕਿ ਇਕ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੀਵਾਨ ਦੀ ਸਮਾਪਤੀ ਉਪਰੰਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਰਾਮਗਾਹ ਵਿਚ ਚਲੇ ਗਏ ਅਤੇ ਕੁਝ ਸਿੱਖ ਬਾਹਰ ਪਹਿਰੇ 'ਤੇ ਬੈਠ ਗਏ। ਰਾਤ ਘੁੱਪ ਹਨੇਰੇ ਵੱਲ ਹੋ ਟੁਰੀ ਅਤੇ ਤਾਰਿਆਂ ਦਾ ਜਲੂਸ ਆਸਮਾਨ 'ਚ ਆ ਲੱਥਿਆ। ਉੱਥੇ ਨਗਰ ਦੇ ਨੇੜੇ ਹੀ ਕਿਤੇ ਇਕ ਨਾਟਕ ਮੰਡਲੀ ਨਾਟਕ ਖੇਡਣ ਆਈ ਹੋਈ ਸੀ। ਪਹਿਰੇ 'ਤੇ ਬੈਠੈ ਕੁਝ ਸਿੱਖਾਂ ਨੇ ਸਲਾਹ ਕੀਤੀ ਕਿ ਨਾਟਕ ਹੀ ਵੇਖ ਆਈਏ। ਪਰ ਇਸ ਜੱਕੋ-ਤੱਕੀ ਵਿਚ ਪਏ ਰਹੇ ਕਿ ਕਿਤੇ ਗੁਰੂ ਜੀ ਦੀ ਜਾਗ ਖੁੱਲ੍ਹ ਗਈ ਫਿਰ ਕੀ ਬਣੂੰ? ਸੋ ਕੁੱਲ ਮਿਲਾ ਕੇ ਪਹਿਰੇ 'ਤੇ ਬੈਠੇ ਸਿੱਖਾਂ 'ਚੋਂ ਅੱਧੇ ਨਾਟਕ ਵੇਖਣ ਚਲੇ ਗਏ ਅਤੇ ਅੱਧੇ ਪਹਿਰੇ 'ਤੇ ਬੈਠੇ ਰਹੇ। ਜਿਹੜੇ ਨਾਟਕ ਵਿਚ ਬੈਠੇ ਸਨ, ਉਨ੍ਹਾਂ ਦੇ ਮਨ ਵਿਚ ਵਾਰ-ਵਾਰ ਖ਼ਿਆਲ ਆ ਰਿਹਾ ਸੀ ਕਿ ਜੇ ਗੁਰੂ ਜੀ ਉੱਠ ਬੈਠੇ ਤਾਂ ਆਪਣੀ ਖ਼ੈਰ ਨਹੀਂ। ਇੱਧਰ ਜਿਹੜੇ ਪਹਿਰੇ 'ਤੇ ਸਨ, ਉਨ੍ਹਾਂ ਦੇ ਮਨ 'ਚ ਵਾਰ-ਵਾਰ ਖ਼ਿਆਲ ਆ ਰਿਹਾ ਸੀ ਕਿ ਕਾਸ਼ ਅਸੀਂ ਵੀ ਨਾਟਕ ਵੇਖਣ ਚਲੇ ਜਾਂਦੇ ਤਾਂ ਨਜ਼ਾਰਾ ਆ ਜਾਂਦਾ। ਖ਼ੈਰ, ਰਾਤ ਬੀਤ ਗਈ।

ਜਦੋਂ ਅੰਮ੍ਰਿਤ ਵੇੇਲੇ ਦਾ ਦੀਵਾਨ ਸਜਿਆ ਤਾਂ ਗੁਰੂ ਜੀ ਨੇ ਦੋਵੇਂ ਧੜੇ ਆਪਣੇ ਕੋਲ ਬੁਲਾ ਲਏ ਤੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਗੱਲ, ਤੁਸੀਂ ਰਾਤ ਗ਼ੈਰ-ਹਾਜ਼ਰ ਕਿਉਂ ਸਉ? ਇਹ ਸੁਣ ਕੇ ਹੈਰਾਨ-ਪ੍ਰੇਸ਼ਾਨ ਹੋਏ ਸਿੰਘ ਕਹਿਣ ਲੱਗੇ, ਸੱਚੇ ਪਾਤਿਸ਼ਾਹ ਅਸੀਂ ਤਾਂ ਤੁਹਾਡੇ ਪਾਸ ਬੈਠੇ ਸਾਂ ਅਤੇ ਗਏ ਤਾਂ ਉਹ ਸਿੰਘ ਸਨ, ਤਾਂ ਗੁਰੂ ਪਾਤਿਸ਼ਾਹ ਨੇ ਉਸ ਵੇਲੇ ਬਚਨ ਕੀਤੇ ਕਿ ਉਹ ਨਾਟਕ ਵਿਚ ਬੈਠੇ ਹੋਏ ਵੀ ਇੱਥੇ ਹਾਜ਼ਰ ਸਨ। ਉਨ੍ਹਾਂ ਦੀ ਸੋਚ ਸੀ ਕਿਤੇ ਪਤਾ ਲੱਗ ਗਿਆ ਤਾਂ ਸਾਨੂੰ ਦੰਡ ਮਿਲੇਗਾ ਪਰ ਤੁਹਾਡਾ ਖ਼ਿਆਲ ਸੀ ਕਿ ਉਹ ਤਾਂ ਉੱਠੇ ਨਹੀਂ, ਜੇ ਅਸੀਂ ਵੀ ਜਾ ਕੇ ਨਾਟਕ ਦੇਖ ਲੈਂਦੇ ਫਿਰ ਵਧੀਆ ਅਨੰਦਮਈ ਵਾਤਾਵਰਨ ਬਣ ਜਾਣਾ ਸੀ। ਇਸ ਲਈ ਤੁਸੀਂ ਗ਼ੈਰ-ਹਾਜ਼ਰ ਸੀ ਅਤੇ ਉਹ ਗ਼ੈਰ-ਹਾਜ਼ਰ ਹੁੰਦੇ ਹੋਏ ਵੀ ਹਾਜ਼ਰ ਸਨ। ਗੱਲ ਸਮਝਣ ਵਾਲੀ ਹੀ ਏਹੀ ਹੈ ਕਿ:
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ॥
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨ ਰਹੇ ਹਦੂਰਿ॥
(ਸਿਰੀ ਰਾਗ ਮਹਲਾ 3, ਅੰਗ : 84)
ਭਾਵ ਸਰੀਰ ਰਾਹੀਂ ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ। ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ, ਜਦੋਂ ਮਨ ਗਰੂ ਦੀ ਹਜ਼ੂਰੀ ਵਿਚ ਰਹਿੰਦਾ ਹੈ। ਖੇਡ ਸਾਰੀ ਹੈ ਹੀ ਮਨ ਦੀ, ਹੁਣ ਅਸੀਂ ਵੀ ਰੋਜ਼ਾਨਾ ਧਾਰਮਿਕ ਸਥਾਨਾਂ 'ਤੇ ਜਾਂਦੇ ਤਾਂ ਹਾਂ ਪਰ ਫਿਰ ਵੀ ਗੁਰੂ ਤੋਂ ਦੂਰ ਰਹਿੰਦੇ ਹਾਂ ਕਿਉਂ ਜੋ ਗੁਰੂ ਦਾ ਹੁਕਮ ਅਸੀਂ ਮਨ ਵਿਚ ਨਹੀਂ ਵਸਾਉਂਦੇ, ਜਿਸ ਕਰਕੇ ਸਾਡੇ ਵਲੋਂ ਨਿਭਾਈਆਂ ਜਾ ਰਹੀਆਂ ਧਾਰਮਿਕ ਰਸਮਾਂ ਮਹਿਜ਼ ਕਰਮ-ਕਾਂਡ ਬਣ ਕੇ ਰਹਿ ਜਾਂਦੀਆਂ ਹਨ। ਗੁਰੂ ਦੀ ਕਿਰਪਾ ਹਾਸਲ ਕਰਨ ਲਈ ਨਿਰੋਲ ਸਰੀਰਕ ਤੌਰ 'ਤੇ ਗੁਰੂ ਘਰ ਦੀ ਹਾਜ਼ਰੀ ਹੀ ਨਹੀਂ ਭਰਨੀ, ਸਗੋਂ ਗੁਰੂ ਦਰ ਤੋਂ ਗੁਰਮਤਿ ਦੀ ਸਿੱਖਿਆ ਲੈ ਕੇ ਅਮਲੀ ਜੀਵਨ ਵੀ ਜਿਊਣਾ ਹੈ।
ਗੁਰੂ ਦੇ ਸ਼ਬਦ ਦੀ ਸਿੱਖਿਆ ਮਨ ਵਿਚ ਵਸਾ ਕੇ ਹੀ ਅਸੀਂ ਗੁਰਮਤਿ ਰਾਹ ਦੇ ਸੱਚੇ-ਸੁੱਚੇ ਪਾਂਧੀ ਬਣ ਸਕਦੇ ਹਾਂ। ਆਓ, ਕੋਸ਼ਿਸ਼ ਕਰੀਏ ਗੁਰੂ ਨੂੰ ਮਨ ਅਰਪਣ ਕਰੀਏ ਅਤੇ ਭਗਤ ਕਬੀਰ ਜੀ ਦੇ ਇਹ ਮਹਾਨ ਬਚਨ ਚੇਤੇ ਰੱਖੀਏ:
ਕੰਚਨ ਸਿਉ ਪਾਈਐ ਨਹੀ ਤੋਲਿ॥
ਮਨੁ ਦੇ ਰਾਮੁ ਲੀਆ ਹੈ ਮੋਲਿ॥
(ਗਉੜੀ ਕਬੀਰ ਜੀ, ਅੰਗ : 327)
ਪਰਮਾਤਮਾ ਦੀ ਪ੍ਰਾਪਤੀ ਮਨ ਦਿੱਤਿਆਂ ਹੀ ਹੋ ਸਕਦੀ ਹੈ। ਸੋ ਮਨ ਕਰਕੇ ਗੁਰੂ ਹੁਕਮਾਂ ਨੂੰ ਮੰਨਣਾ ਹੀ ਸਿੱਖੀ ਜੀਵਨ ਜਾਚ ਦਾ ਮੁੱਖ ਅਸੂਲ ਹੈ।

-ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਸਾਹਿਬ।

Ad Position 22
No active advertisement
ਪਿਛਲੀ ਖ਼ਬਰ ਅਮਾਨਤ ਖ਼ਾਂ ਜ਼ੈਲਦਾਰ ਅਤੇ ਮੋਰਾਂਵਾਲੀਆ ਫ਼ਰੀਦ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦਾ ਭੈ-ਮੁਕਤ ਸਮਾਜ ਦਾ ਸੰਕਲਪ
Ad Position 24