05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਗੁਰੂ ਤੇਗ ਬਹਾਦਰ ਜੀ ਦਾ ਭੈ-ਮੁਕਤ ਸਮਾਜ ਦਾ ਸੰਕਲਪ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦ੍ਰਿਸ਼ਟੀਕੋਣ ਨੂੰ ਸਮਝਣ ਲਈ ਗੁਰਬਾਣੀ, ਗੁਰੂ ਜੀ ਦੀਆਂ ਯਾਤਰਾਵਾਂ ਅਤੇ ਸ਼ਹਾਦਤ ਤਿੰਨਾਂ ਨੂੰ ਜੋੜ ਕੇ ਦੇਖਣ ਦੀ ਜ਼ਰੂਰਤ ਹੈ। ਗੁਰੂ ਜੀ ਕੋਲ ਵੈਰਾਗ ਦੀ ਥਾਂ ਅੰਧਕਾਰ ਨੂੰ ਵੰਗਾਰਦੀ ਪ੍ਰਭਾਤ ਦਾ ਸੁਨੇਹਾ ਹੈ। ਗੁਰੂ ਤੇਗ ਬਹਾਦਰ ਜੀ ਕਿਸੇ ਧਰਮ ਵਿਸ਼ੇਸ਼ ਦੀ ਥਾਂ ਸਮੁੱਚੀ ਮਾਨਵਤਾ ਦੀ ਚਾਦਰ ਅਤੇ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਦੀ ਮਹਾਨ ਪ੍ਰੇਰਨਾ ਹਨ। ਗੁਰੂ ਜੀ ਲਈ ਕੋਈ ਬੇਗਾਨਾ ਨਹੀਂ, ਸਾਰੇ ਉਨ੍ਹਾਂ ਦੇ ਆਪਣੇ ਸਨ। ਗੁਰੂ ਜੀ ਨੇ ਮਨੁੱਖਤਾ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਮਹਿਸੂਸ ਕੀਤਾ। ਗੁਰੂ ਜੀ ਲਈ ਧਰਮ ਨਿੱਜੀ ਮੁਕਤੀ ਤੱਕ ਸੀਮਤ ਨਹੀਂ ਹੈ। ਧਰਮ ਸਮਾਜ ਕਲਿਆਣ ਦਾ ਰਸਤਾ ਹੈ। ਅਨੇਕਤਾ ਵਿਚ ਏਕਤਾ ਦਾ ਵਿਗਾਸ ਹੈ। ਰੂਹਾਨੀਅਤ, ਸਾਂਝੀਵਾਲਤਾ ਅਤੇ ਸਮਾਜਿਕ ਨਿਆਂ ਦੀ ਸਥਾਪਨਾ ਕਰਨਾ ਸਿੱਖ ਧਰਮ ਦਾ ਅੰਗ ਹੈ। ਖ਼ਾਸ ਕਰਕੇ ਲੋਕਾਂ ਦਾ ਲਹੂ ਪੀਣ ਵਾਲੇ ਭ੍ਰਿਸ਼ਟ ਹਾਕਮ ਅਤੇ ਨਾਰੀ ਦਾ ਨਿਰਾਦਰ ਕਰਨ ਦੀ ਬਿਰਤੀ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬ ਨੇ ਸੁਚੇਤ ਕਾਰਜ ਅਰੰਭ ਕੀਤੇ। ਇਸ ਕਾਰਜ ਦੀ ਸਫ਼ਲਤਾ ਲਈ ਭੈ-ਮੁਕਤ ਨਿਰਮਲ ਸਮਾਜ ਦੀ ਸਿਰਜਣਾ ਅਤਿ ਜ਼ਰੂਰੀ ਸੀ। ਗੁਰੂ ਜੀ ਨੇ ਇਸ ਕਾਰਜ ਲਈ ਗੁਰੂ ਨਾਨਕ ਸਾਹਿਬ ਵਾਂਗ ਭਾਰਤ ਦੇ ਬਹੁਤ ਸਾਰੇ ਨਗਰਾਂ ਵਿਚ ਯਾਤਰਾਵਾਂ ਕਰਕੇ ਚੇਤਨਾ ਜਗਾਈ। ਜ਼ੁਲਮ ਦੇ ਸਤਾਏ ਲੋਕਾਂ ਨੂੰ ਰੋਣ ਦੀ ਥਾਂ ਉੱਠਣ ਦਾ ਬਲ ਪ੍ਰਦਾਨ ਕੀਤਾ।
ਭੈਅ ਅਤੇ ਲਾਲਚ ਮਨੁੱਖੀ ਕਿਰਦਾਰ ਲਈ ਘਾਤਕ ਸਾਬਤ ਹੁੰਦੇ ਹਨ। ਡਰੇ ਲੋਕ ਚੁੱਪ-ਚਾਪ ਜ਼ੁਲਮ ਸਹਿੰਦੇ ਰਹਿੰਦੇ ਹਨ ਅਤੇ ਤਾਨਾਸ਼ਾਹੀ ਬਿਰਤੀ ਵਧਦੀ ਰਹਿੰਦੀ ਹੈ। ਗੁਰੂ ਜੀ ਸਮੇਂ ਔਰੰਗਜ਼ੇਬ ਦਾ ਰਾਜ ਸੀ। ਉਸ ਨੇ ਆਪਣੇ ਪਿਤਾ ਨੂੰ ਕੈਦ ਕਰ ਕੇ ਅਤੇ ਭਰਾਵਾਂ ਨੂੰ ਬੇਰਹਿਮੀ ਨਾਲ ਕਤਲ ਕਰ ਕੇ ਰਾਜ ਸੱਤਾ ਹਾਸਲ ਕੀਤੀ ਸੀ। ਇਸ ਕਲੰਕ ਨੂੰ ਲੁਕਾਉਣ ਲਈ ਉਹ ਇਸਲਾਮ ਦੇ ਪ੍ਰਸਾਰ ਦੇ ਨਾਂਅ ਹੇਠ ਲੋਕਾਂ ਨੂੰ ਤਲਵਾਰ ਦੇ ਜ਼ੋਰ 'ਤੇ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗ ਪਿਆ। ਇਸ ਨਾਲ ਕੱਟੜਪੰਥੀ ਮੁਸਲਮਾਨਾਂ ਦਾ ਸਮਰਥਨ ਉਸ ਨੂੰ ਹਾਸਲ ਹੋ ਗਿਆ ਤੇ ਦੂਜੇ ਪਾਸੇ ਗ਼ੈਰ ਮੁਸਲਮਾਨਾਂ ਵਿਚ ਦਹਿਸ਼ਤ ਫੈਲ ਗਈ।
ਗੁਰੂ ਤੇਗ ਬਹਾਦਰ ਜੀ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਮਹੱਤਵਪੂਰਨ ਮਸਲਾ ਸੀ। ਲੋਕਾਂ ਅੰਦਰ ਡਰ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਅਤੇ ਬਿਖਮ ਕਾਰਜ ਸੀ। ਡਰ ਖ਼ਤਮ ਕਰਨ ਲਈ ਮਨੁੱਖ ਅੰਦਰ ਨੈਤਿਕਤਾ ਅਤੇ ਪਵਿੱਤਰਤਾ ਦਾ ਹੋਣਾ ਅਤਿ ਜ਼ਰੂਰੀ ਸੀ। ਧਨ, ਸੰਪਤੀ ਅਤੇ ਪਰਿਵਾਰਵਾਦ ਵਿਚ ਘਿਰੇ ਲੋਕ ਉੱਚੇ ਅਦਰਸ਼ਾਂ ਲਈ ਕੁਰਬਾਨੀ ਨਹੀਂ ਦੇ ਸਕਦੇ। ਉਹ ਵਕਤ ਨਾਲ ਸਮਝੌਤਾ ਕਰ ਲੈਂਦੇ ਹਨ। ਗੁਰੂ ਜੀ ਨੇ ਇਸ ਅਧੋਗਤੀ ਦੀ ਨਿਸ਼ਾਨਦੇਹੀ ਕੀਤੀ।
ਗੁਰੂ ਤੇਗ ਬਹਾਦਰ ਜੀ ਨੇ ਮਨੁੱਖ ਨੂੰ ਨਿਰਭਉ, ਉਦਾਰ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਦੇ ਧਾਰਨੀ ਬਣਾਉਣ ਲਈ ਮੁਕਤੀ ਨੂੰ ਮੌਤ ਤੋਂ ਬਾਅਦ ਦੀ ਥਾਂ ਵਰਤਮਾਨ ਜੀਵਨ ਨਾਲ ਜੋੜਿਆ। ਸੁੱਖ-ਦੁੱਖ, ਵੈਰੀ-ਮੀਤ, ਉਸਤਤ-ਨਿੰਦਾ, ਹਰਖ-ਸੋਗ, ਕੰਚਨ (ਅਮੀਰੀ) ਲੋਹ (ਗਰੀਬੀ) ਨੂੰ ਬਰਾਬਰ ਸਮਝਣ ਦੀ ਅਵਸਥਾ ਨੂੰ ਮੁਕਤੀ ਆਖਿਆ ਹੈ। ਮਨੁੱਖ ਨੂੰ ਲਾਭ-ਹਾਨੀ ਤੇ ਵਿਤਕਰਿਆਂ ਦੀਆਂ ਬੰਦਸ਼ਾਂ ਤੋਂ ਮੁਕਤ ਕਰ ਕੇ ਮਾਨਵਤਾ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਜਗਾਇਆ।
ਗੁਰੂ ਤੇਗ ਬਹਾਦਰ ਜੀ ਦੇ ਪ੍ਰਵਚਨਾਂ ਵਿਚ ਗਿਆਨ ਨੂੰ ਭੈਅ ਤੋਂ ਮੁਕਤ ਕਰ ਕੇ ਮਾਨਵਤਾ ਲਈ ਕਲਿਆਣਕਾਰੀ ਬਣਾਉਣ ਦੀ ਪ੍ਰੇਰਨਾ ਹੈ। ਗਿਆਨਵਾਨ ਅਕਸਰ ਸਮੇਂ ਦੀ ਹਕੂਮਤ ਦੇ ਪ੍ਰਭਾਵ ਹੇਠ ਸਮਾਜ ਦੀਆਂ ਸਮੱਸਿਆਵਾਂ ਤੋਂ ਮੂੰਹ ਫੇਰ ਲੈਂਦੇ ਹਨ। ਉਹ ਹਕੂਮਤ ਦੇ ਸ਼ੋਸ਼ਣ ਦਾ ਵਿਰੋਧ ਕਰਨ ਦੀ ਥਾਂ ਸਮਰਥਨ ਕਰਨ ਲਗਦੇ ਹਨ। ਗੁਰੂ ਜੀ ਨੇ ਨਾ ਕਿਸੇ ਤੋਂ ਡਰਨ, ਨਾ ਕਿਸੇ ਨੂੰ ਡਰਾਉਣ, ਨਾ ਜ਼ੁਲਮ ਕਰਨ ਤੇ ਨਾ ਜ਼ੁਲਮ ਸਹਿਣ ਦਾ ਸੰਦੇਸ਼ ਦਿੱਤਾ ਹੈ। ਇਸ ਨਾਲ ਗਿਆਨੀ ਲਈ ਹਕੂਮਤ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਆਵਾਜ਼ ਉਠਾਉਣਾ ਲਾਜ਼ਮੀ ਬਣ ਗਿਆ। ਜ਼ੁਲਮ ਦੇ ਝੰਬੇ ਲੋਕਾਂ ਦੀ ਬਾਂਹ ਫੜਨ ਤੇ ਉਨ੍ਹਾਂ ਲਈ ਸਿਰ-ਧੜ ਦੀ ਬਾਜ਼ੀ ਲਾਉਣਾ ਧਾਰਮਿਕ ਫ਼ਰਜ਼ ਬਣ ਗਿਆ।
ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਸੁਣ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਨ ਲਈ ਕੀਤੇ ਜਾ ਰਹੇ ਧੱਕੇ ਖ਼ਿਲਾਫ਼ ਸ਼ਹਾਦਤ ਦੇਣ ਦਾ ਨਿਸਚਾ ਕਰ ਲਿਆ। ਗੁਰੂ ਜੀ ਦੇ ਮਨ ਵਿਚ ਇਸਲਾਮ ਪ੍ਰਤੀ ਘਿਰਣਾ ਨਹੀਂ ਸੀ। ਉਹ ਹਿੰਦੂ ਧਰਮ ਦੀ ਵਰਣ ਵਿਵਸਥਾ ਦੀ ਊਚ-ਨੀਚ ਤੇ ਕਰਮ ਕਾਂਡ ਦੇ ਵਿਰੋਧੀ ਸਨ। ਗੁਰੂ ਜੀ ਨੇ ਤੀਰਥ, ਵਰਤ ਤੇ ਦਿਖਾਵੇ ਲਈ ਦਾਨ ਕਰਨ ਦੇ ਅਭਿਮਾਨ ਦੀ ਬਿਰਤੀ ਨੂੰ ਕੁੰਚਰ ਇਸ਼ਨਾਨ ਵਾਂਗ ਦੱਸਿਆ ਅਰਥਾਤ ਹਾਥੀ ਜਿਵੇਂ ਇਸ਼ਨਾਨ ਕਰਕੇ ਆਪਣੇ ਉੱਤੇ ਖੇਹ ਸੁੱਟ ਕੇ ਮੁੜ ਮਲੀਨ ਹੋ ਜਾਂਦਾ ਹੈ, ਇਹ ਕਰਮ ਨਿਰਮਲਤਾ ਦੀ ਥਾਂ ਹਉਮੈ ਦਾ ਕਾਰਨ ਬਣਦੇ ਹਨ। ਇਸ ਦੇ ਬਾਵਜੂਦ ਗੁਰੂ ਜੀ ਹਿੰਦੂਆਂ 'ਤੇ ਜ਼ਬਰਦਸਤੀ ਇਸਲਾਮ ਥੋਪਣ ਦੇ ਵਿਰੁੱਧ ਸਨ। ਹਕੂਮਤ ਦਾ ਵਿਰੋਧ ਕਰਨਾ ਮੌਤ ਨੂੰ ਆਵਾਜ਼ ਮਾਰਨ ਵਾਂਗ ਸੀ।
ਹਕੂਮਤ ਵਲੋਂ ਗੁਰੂ ਜੀ ਨੂੰ ਝੁਕਾਉਣ ਲਈ ਅਣਮਨੁੱਖੀ ਤਸੀਹੇ ਦਿੱਤੇ ਗਏ। ਦਿੱਲੀ ਦੇ ਚਾਂਦਨੀ ਚੌਕ ਵਿਚ ਭਾਈ ਮਤੀ ਦਾਸ ਨੇ ਆਰੇ ਦੇ ਤਿੱਖੇ ਦੰਦਿਆਂ, ਭਾਈ ਦਿਆਲਾ ਜੀ ਨੇ ਉਬਲਦੀ ਦੇਗ ਅਤੇ ਭਾਈ ਸਤੀ ਦਾਸ ਨੇ ਮਚਦੀਆਂ ਲਾਟਾਂ ਦੇ ਕਹਿਰ ਵਿਚ ਬੇਮਿਸਾਲ ਅਡੋਲਤਾ ਦਿਖਾਈ। ਗੁਰੂ ਜੀ ਅਤੇ ਸਿੱਖਾਂ ਨੂੰ ਡਰਾਉਣ ਲਈ ਕੀਤੇ ਇਹ ਖ਼ੌਫਨਾਕ ਮੰਜ਼ਰ ਗੁਰੂ ਜੀ ਅਤੇ ਸਿੱਖਾਂ ਦੇ ਸਿਦਕ ਸਾਹਮਣੇ ਨਿਸਫਲ ਹੋ ਗਏ। ਗੁਰੂ ਜੀ ਲਈ ਜੀਵਨ ਨਹੀਂ, ਅਦਰਸ਼ ਵੱਡਾ ਸੀ। ਸੁਆਰਥਾਂ ਦੀ ਥਾਂ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦੇਣ ਦਾ ਚਾਅ ਸੀ। ਗੁਰੂ ਜੀ ਨੇ ਮਹਾਨ ਸ਼ਹਾਦਤ ਦੇ ਕੇ ਸਰਬ ਧਰਮ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦੀ ਬਲਬਾਨ ਪ੍ਰੇਰਨਾ ਜਗਾਈ। ਗੁਰੂ ਜੀ ਦੇ ਪਾਵਨ ਲਹੂ ਵਿਚੋਂ ਨਿਰਧਨ ਨੂੰ ਪਾਲਣ ਅਤੇ ਦੁਸ਼ਟ ਨੂੰ ਗਾਲਣ ਵਾਲਾ ਅਮਰ ਖ਼ਾਲਸਾ ਪੈਦਾ ਹੋਇਆ।

-ਮਾਸਟਰ ਕਲੋਨੀ, ਵਾਰਡ ਨੰ. 7, ਕੁਰਾਲੀ।
ਮੋਬਾ: 70093-56607

Ad Position 22
No active advertisement
ਪਿਛਲੀ ਖ਼ਬਰ ਜਾ ਮਨ ਰਹੇ ਹਦੂਰਿ ਅਗਲੀ ਖ਼ਬਰ Gurdwara Khalsa Diwan ਤੋਂ ਨਗਰ ਕੀਰਤਨ ਆਪਣੇ ਅਗਲੇ ਪੜਾਅ ਲਈ ਰਵਾਨਾ
Ad Position 24