13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਪ੍ਰਭਾਵ

Ad Position 21
No active advertisement
ਅਜੀਤ ਡੈਸਕ 25-11-2025

ਗੁਰੂ ਤੇਗ਼ ਬਹਾਦਰ ਜੀ ਨੇ ਪਰਸਵਾਰਥ ਹਿਤ ਆਪਣੀ ਸ਼ਹਾਦਤ ਦੇ ਕੇ ਆਮ ਲੋਕਾਂ ਨੂੰ ਜਬਰ ਅਤੇ ਜ਼ੁਲਮ ਵਿਰੁੱਧ ਸੰਘਰਸ਼ ਕਰਨ ਲਈ ਸੁਚੇਤ ਕੀਤਾ ਸੀ। ਲੋਕ-ਮਨਾਂ ਵਿਚ ਹਕੂਮਤ ਪ੍ਰਤੀ ਗੁੱਸਾ ਇੰਨਾ ਜ਼ਿਆਦਾ ਵਧ ਚੁੱਕਾ ਸੀ ਕਿ ਬਾਦਸ਼ਾਹ ਨੂੰ ਆਪਣੀ ਧਰਮ ਪਰਿਵਰਤਨ ਦੀ ਨੀਤੀ ਨੂੰ ਠੋਸ ਰੂਪ ਵਿਚ ਅੱਗੇ ਵਧਾਉਣਾ ਮੁਸ਼ਕਿਲ ਹੋ ਗਿਆ ਸੀ। ਉਹ ਸਰਕਾਰ ਦੀ ਧਰਮ ਪਰਿਵਰਤਨ ਦੀ ਨੀਤੀ ਦਾ ਖੁੱਲ੍ਹੇ ਤੌਰ 'ਤੇ ਵਿਰੋਧ ਕਰਨ ਲੱਗੇ ਸਨ। ਇਸ ਦੀ ਇਕ ਪ੍ਰਤੱਖ ਮਿਸਾਲ ਉਸ ਸਿੱਖ ਰਾਹੀਂ ਸਾਹਮਣੇ ਆਉਂਦੀ ਹੈ ਜਿਸ ਨੇ ਗੁਰੂ ਜੀ ਦੀ ਸ਼ਹਾਦਤ ਤੋਂ 11 ਮਹੀਨੇ ਬਾਅਦ ਬਾਦਸ਼ਾਹ ਨੂੰ ਇੱਟ ਮਾਰੀ ਸੀ। ਜਾਦੂਨਾਥ ਸਰਕਾਰ ਦੱਸਦਾ ਹੈ :
ਆਗਰਾ ਦੀ ਸਿੱਖ ਸੰਗਤ ਬਹੁਤ ਹੀ ਨਿਸ਼ਠਾਵਾਨ ਅਤੇ ਗੁਰੂ ਪ੍ਰਤੀ ਸਮਰਪਿਤ ਭਾਵਨਾ ਵਾਲੀ ਹੋਵੇਗੀ ਜਿਹੜੀ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਗਿਆਰਾਂ ਮਹੀਨੇ ਬਾਅਦ ਵੀ ਸਿੱਖਾਂ ਨਾਲ ਹੋਏ ਅਨਿਆਂ ਨੂੰ ਭੁੱਲੀ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਅਕਤੂਬਰ 1676 ਵਿਚ ਗਿਆਰਾਂ ਮਹੀਨੇ ਬਾਅਦ ਜਦੋਂ ਔਰੰਗਜ਼ੇਬ ਆਗਰੇ ਗਿਆ ਸੀ ਤਾਂ ਉਨ੍ਹਾਂ ਵਿਚੋਂ ਕਿਸੇ ਨੇ ਬਾਦਸ਼ਾਹ ਦੇ ਇੱਟ ਮਾਰ ਦਿੱਤੀ ਸੀ। ਇਹ ਦਲੇਰ ਸ਼ਖ਼ਸ ਆਗਰਾ ਦੀ ਸਿੱਖ ਸੰਗਤ ਦਾ ਆਗੂ ਹੋ ਸਕਦਾ ਹੈ।
ਸਪੱਸ਼ਟ ਸੀ ਕਿ ਸਮੇਂ ਦੇ ਬੀਤਣ ਨਾਲ ਵੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਲਈ ਹਕੂਮਤ ਵਿਰੋਧੀ ਭਾਵਨਾਵਾਂ ਸ਼ਾਂਤ ਨਹੀਂ ਹੋ ਰਹੀਆਂ ਸਨ ਅਤੇ ਭਾਰਤ ਦੀ ਜਨਤਾ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਸੀ। ਆਮ ਜਨਤਾ ਦੇ ਮਨ ਵਿਚ ਹਕੂਮਤ ਪ੍ਰਤੀ ਰੋਸ ਅਤੇ ਵਿਦਰੋਹ ਦੀ ਭਾਵਨਾ ਪ੍ਰਚੰਡ ਰੂਪ ਧਾਰਨ ਕਰਨ ਲੱਗੀ ਸੀ, ਜਿਸ ਕਰਕੇ ਉਨ੍ਹਾਂ ਦੇ ਮਨ ਵਿਚੋਂ ਹਕੂਮਤ ਦਾ ਡਰ ਖ਼ਤਮ ਹੋਣ ਲੱਗਾ ਸੀ ਅਤੇ ਉਹ ਅਜਿਹੇ ਆਗੂ ਦੀ ਉਡੀਕ ਕਰ ਰਹੇ ਸਨ, ਜਿਹੜਾ ਉਨ੍ਹਾਂ ਦੀ ਅਗਵਾਈ ਕਰ ਸਕੇ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਮ ਲੋਕਾਂ ਨੂੰ ਜ਼ੁਲਮ ਵਿਰੁੱਧ ਸੰਘਰਸ਼ ਕਰਨ ਲਈ ਲਾਮਬੰਦ ਕਰਨਾ ਅਰੰਭ ਕਰ ਦਿੱਤਾ ਸੀ ਅਤੇ ਉਨ੍ਹਾਂ ਵਲੋਂ ਆਰੰਭ ਕੀਤੀ ਗਈ ਬੀਰ-ਰਸ ਦੀ ਪਰੰਪਰਾ ਬਹੁਤ ਤੇਜ਼ੀ ਨਾਲ ਅੱਗੇ ਵਧਣ ਲੱਗੀ ਸੀ। ਗੁਰੂ ਜੀ ਨੇ ਬੀਰ-ਰਸੀ ਸਾਹਿਤ ਦੇ ਨਾਲ-ਨਾਲ ਸ਼ਸਤਰ ਵਿੱਦਿਆ ਆਰੰਭ ਕਰ ਦਿੱਤੀ ਸੀ, ਜਿਸ ਦਾ ਨਿਰੰਤਰ ਅਭਿਆਸ ਪਾਉਂਟਾ ਸਾਹਿਬ ਦੀ ਧਰਤੀ 'ਤੇ ਹੋਣ ਲੱਗਾ ਸੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨਾਲ ਭਾਰਤ ਦੀ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਦਸ਼ਾ ਅਤੇ ਦਿਸ਼ਾ ਵਿਚ ਜਿਹੜੇ ਬਦਲਾਅ ਦੇਖਣ ਨੂੰ ਮਿਲੇ ਸਨ, ਉਨ੍ਹਾਂ ਦਾ ਵਰਨਣ ਬਹੁਤ ਸਾਰੇ ਵਿਦਵਾਨਾਂ ਅਤੇ ਸੂਝਵਾਨਾਂ ਨੇ ਆਪਣੇ ਢੰਗ ਨਾਲ ਕੀਤਾ ਹੈ। ਗਣੇਸ਼ ਦਾਸ ਵਡੇਹਰਾ ਆਪਣੀ ਪੁਸਤਕ ਚਹਾਰ ਬਾਗ਼ਿ ਪੰਜਾਬ ਵਿਚ ਦੱਸਦਾ ਹੈ :
ਗੁਰੂ ਤੇਗ਼ ਬਹਾਦਰ ਦੇ ਕਤਲ (ਸ਼ਹੀਦ ਹੋਣ) ਪਿੱਛੋਂ ਬਹੁਤ ਸਾਰੇ ਲੋਕ ਅਫਸੋਸ ਨਾਲ ਭਰ ਕੇ, ਉਨ੍ਹਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਦੀ ਖਿਦਮਤ ਵਿਚ ਪਹੁੰਚੇ, ਅਤੇ ਆਪਣੇ ਸਿਰ ਉਨ੍ਹਾਂ ਦੀ ਤਾਬੇਦਾਰੀ ਅਗੇ ਝੁਕਾ ਦਿੱਤੇ।
ਇਹ ਬਿਰਤਾਂਤ ਦੱਸਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਕੇ ਬਾਦਸ਼ਾਹ ਜਿਸ ਤਰ੍ਹਾਂ ਦਾ ਖ਼ੌਫ਼ ਪੈਦਾ ਕਰਨਾ ਚਾਹੁੰਦਾ ਸੀ, ਆਮ ਲੋਕ ਉਸ ਤੋਂ ਮੁਕਤ ਹੋ ਗਏ ਸਨ ਅਤੇ ਉਸ ਵਲੋਂ ਚਲਾਈ ਜਾ ਰਹੀ ਜਬਰੀ ਧਰਮ ਪਰਿਵਰਤਨ ਦੀ ਲਹਿਰ ਵਿਰੁੱਧ ਲਾਮਬੰਦ ਹੋਣੇ ਸ਼ੁਰੂ ਹੋ ਗਏ ਸਨ। ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਕਰਕੇ ਹੀ ਖ਼ਾਲਸੇ ਦੀ ਸਿਰਜਣਾ ਹੋਈ ਸੀ :
ਯਹ ਭਾਣਾ ਗੁਰੁ ਤੇਗ਼ ਬਹਾਦ੍ਰ ਜਬ ਵਰਤਾਯੋ॥
ਹਾਲ ਚਾਲ ਸਭ ਦੇਸ ਪਰੀ ਭੂਚਾਲ ਜਨਾਯੋ॥
ਤਬ ਤੇ ਤੁਰਕਨ ਕੇਰ ਤੇਜ ਦਿਨ ਦਿਨ ਪ੍ਰਤਿ ਨਾਸਯੋ॥
ਧਰਮ ਹਿੰਦ ਕਾ ਪੰਥ ਖ਼ਾਲਸਾ ਬਹੁ ਪ੍ਰਕਾਸਯੋ॥
ਗੁਰੂ ਜੀ ਦੀ ਸ਼ਹਾਦਤ ਨਾਲ ਸਭਨਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਗੁਰੂ-ਘਰ ਹੀ ਇਕ ਅਜਿਹਾ ਸਥਾਨ ਹੈ ਜਿਹੜਾ ਬਾਦਸ਼ਾਹੀ ਜ਼ੁਲਮਾਂ ਵਿਰੁੱਧ ਬੋਲਣ ਅਤੇ ਚੱਲਣ ਦੀ ਹਿੰਮਤ ਰੱਖਦਾ ਹੈ। ਭਾਈ ਨੰਦ ਲਾਲ ਦਾ ਬਾਦਸ਼ਾਹ ਦੇ ਦਰਬਾਰ ਵਿਚੋਂ ਭੱਜ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਣਾ ਅਤੇ ਪੀਰ ਬੁੱਧੂ ਸ਼ਾਹ ਵਲੋਂ ਸ਼ਾਹੀ ਫ਼ੌਜਾਂ ਵਿਚੋਂ ਕੱਢੇ ਗਏ 500 ਪਠਾਣਾਂ ਨੂੰ ਗੁਰੂ ਸਾਹਿਬ ਕੋਲ ਨੌਕਰੀ ਦਿਵਾਉਣੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਬਾਦਸ਼ਾਹੀ ਡਰ ਅਤੇ ਪ੍ਰਭਾਵ ਤੋਂ ਮੁਕਤ ਹੋ ਗਿਆ ਸੀ। ਗੋਕਲ ਚੰਦ ਨਾਰੰਗ ਲਿਖਦਾ ਹੈ :
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਹਿੰਦੂਆਂ ਨੇ ਸਮੁੱਚੇ ਤੌਰ 'ਤੇ ਆਪਣੇ ਧਰਮ ਲਈ ਕੁਰਬਾਨੀ ਮੰਨਿਆ। ਇਸ ਘਟਨਾ ਨਾਲ ਸਾਰਾ ਪੰਜਾਬ ਬਦਲੇ ਦੀ ਅੱਗ ਦੀ ਭਾਵਨਾ ਨਾਲ ਭੜਕ ਉੱਠਿਆ। ਮਾਝੇ ਅਤੇ ਮਾਲਵੇ ਦੇ ਬਲਵਾਨ ਜੱਟ ਇਕ ਅਜਿਹਾ ਆਗੂ ਚਾਹੁੰਦੇ ਸਨ ਜਿਸ ਦੀ ਅਗਵਾਈ ਵਿਚ ਉਹ ਲੜ ਸਕਣ ਅਤੇ ਆਪਣੇ ਧਰਮ ਦੇ ਨਿਰਾਦਰ ਦਾ ਬਦਲਾ ਲੈ ਸਕਣ। ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਉਨ੍ਹਾਂ ਨੂੰ ਅਜਿਹਾ ਆਗੂ ਮਿਲ ਗਿਆ ਸੀ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨਾਲ ਸਮੁੱਚੇ ਪੰਜਾਬ ਅਤੇ ਉੱਤਰੀ ਭਾਰਤ ਦੇ ਲੋਕਾਂ ਵਿਚ ਅਜਿਹੀ ਬੇਚੈਨੀ ਪੈਦਾ ਹੋ ਗਈ ਸੀ, ਜਿਸ ਨੇ ਪਹਾੜੀ ਰਾਜਿਆਂ ਅਤੇ ਸ਼ਾਹੀ ਫੌਜਾਂ ਦਾ ਡਰ ਮਨ ਵਿਚੋਂ ਬਾਹਰ ਕੱਢ ਦਿੱਤਾ ਸੀ। ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਜ਼ੁਲਮ ਵਿਰੁੱਧ ਸੰਘਰਸ਼ ਦੀ ਆਵਾਜ਼ ਉੱਠਣ ਲੱਗੀ ਸੀ। ਜਿਹੜੇ ਆਪਣੇ-ਆਪ ਨੂੰ ਨਿਰਬਲ ਸਮਝ ਰਹੇ ਸਨ, ਉਨ੍ਹਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲਾਂ ਨੇ ਸ਼ਕਤੀ ਪ੍ਰਦਾਨ ਕਰਨੀ ਆਰੰਭ ਕਰ ਦਿੱਤੀ ਸੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਪ੍ਰਭਾਵ 'ਤੇ ਟਿੱਪਣੀ ਕਰਦੇ ਹੋਏ ਜਾਦੂਨਾਥ ਸਰਕਾਰ ਕਹਿੰਦਾ ਹੈ :
ਗੁਰੂ ਤੇਗ਼ ਬਹਾਦਰ ਜੀ ਨੂੰ ਜੇਲ੍ਹ ਵਿਚ ਉਸ ਸਮੇਂ ਤੱਕ ਤਸੀਹੇ ਦਿੱਤੇ ਗਏ ਜਦੋਂ ਤੱਕ ਉਹ ਸ਼ਹੀਦ (1675) ਨਹੀਂ ਹੋ ਗਏ ਸਨ, ਇਸ ਤੋਂ ਬਾਅਦ ਉਨ੍ਹਾਂ ਦੇ ਸ਼ਰਧਾਲੂਆਂ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਚੈਨ ਨਾਲ ਨਹੀਂ ਬੈਠਣ ਦਿੱਤਾ ਸੀ।
ਮੁਗ਼ਲਾਂ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ 'ਤੇ ਰਾਜ ਕਰਨ ਲਈ ਇੱਥੋਂ ਦੇ ਇਤਿਹਾਸ ਅਤੇ ਪਰੰਪਰਾਵਾਂ ਨੂੰ ਜਾਣਨ ਦਾ ਮਹੱਤਵਪੂਰਨ ਯਤਨ ਕੀਤਾ ਸੀ। ਜਦੋਂ ਉਨ੍ਹਾਂ ਨੇ ਔਰੰਗਜ਼ੇਬ ਵਲੋਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਉਸ ਤੋੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਇਹ ਟਿੱਪਣੀ ਸਾਹਮਣੇ ਆਈ :
ਔਰੰਗਜ਼ੇਬ ਵਲੋਂ ਧਰਮ ਦੇ ਆਧਾਰ 'ਤੇ ਕੀਤੇ ਗਏ ਜ਼ੁਲਮਾਂ ਵਿਚ ਬਹੁਤ ਸਾਰੇ ਧਰਮਾਤਮਾ ਪੁਰਖ ਵੀ ਫਸ ਗਏ ਸਨ ਅਤੇ ਉਨ੍ਹਾਂ ਵਿਚੋਂ ਸਿੱਖ ਗੁਰੂ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਬਹੁਤ ਹੀ ਦੂਰਗਾਮੀ ਸਿੱਟੇ ਸਾਹਮਣੇ ਆਏ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ 'ਤੇ ਨਿਰਣਾਇਕ ਪ੍ਰਭਾਵ ਪਾਇਆ ਸੀ।
ਸੀਤਾ ਰਾਮ ਕੋਹਲੀ ਕਹਿੰਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਉਸ ਯੁੱਗ ਦੇ ਸਭ ਤੋਂ ਸ਼ਕਤੀਸ਼ਾਲੀ ਰਾਜ ਲਈ ਇਕ ਵੱਡੀ ਚੁਣੌਤੀ ਸੀ, ਜਿਹੜੀ ਕਿ ਦੇਸ਼ ਦੇ ਮਹਾਂਨਗਰ ਵਿਖੇ ਬਾਦਸ਼ਾਹ ਨੂੰ ਸਿੱਧੇ ਤੌਰ 'ਤੇ ਦਿੱਤੀ ਗਈ ਸੀ। ਇਤਿਹਾਸ ਦੇ ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਮਾਂ ਗੁਜ਼ਰਨ ਨਾਲ ਇਸ ਦਾ ਫਲ ਕਿਵੇਂ ਭੁਗਤਣਾ ਪਿਆ ਸੀ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਸਦੀਵ ਕਾਲੀ ਪ੍ਰਭਾਵ ਦੱਸਦੇ ਹੋਏ ਅਬਦੁਲ ਮਜੀਦ ਖ਼ਾਨ ਕਹਿੰਦਾ ਹੈ ਕਿ ਨੌਵੇਂ ਗੁਰੂ ਜੀ ਭਾਰਤ ਦੇ ਲੋਕਾਂ ਅੰਦਰ ਸਹੀ ਦਿਸ਼ਾ ਵੱਲ ਲਿਜਾਣ ਵਾਲੀ ਹਿੰਮਤ ਅਤੇ ਸੂਰਬੀਰਤਾ ਪੈਦਾ ਕਰਨ ਲਈ ਆਏ ਸਨ। ਜਦੋਂ ਤੱਕ ਸੰਸਾਰ ਵਿਚ ਧਾਰਮਿਕ ਆਜ਼ਾਦੀ ਪ੍ਰਤੀ ਵਿਸ਼ਵਾਸ ਕਾਇਮ ਰਹੇਗਾ, ਉਨ੍ਹਾਂ ਦਾ ਨਾਂਅ ਸ਼ਰਧਾ ਅਤੇੇ ਸਤਿਕਾਰ ਸਹਿਤ ਲਿਆ ਜਾਂਦਾ ਰਹੇਗਾ।
ਡਾ. ਜੀਤ ਸਿੰਘ ਸੀਤਲ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਹਕੂਮਤ ਦੀਆਂ ਜੜ੍ਹਾਂ ਸੁੱਕੀਆਂ ਕਰਨ ਵਾਲਾ ਸਥਾਈ ਯਤਨ ਦੱਸਦੇ ਹੋਏ ਕਹਿੰਦੇ ਹਨ :
ਇਸ ਅਦੁੱਤੀ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਨਵਾਂ ਮੋੜ ਲਿਆਂਦਾ ਜਿਸ ਨੇ ਭਾਰਤ ਦੀ ਤਵਾਰੀਖ਼ ਨੂੰ ਬਦਲ ਕੇ ਰੱਖ ਦਿੱਤਾ, ਵਿਸ਼ਵ ਮਨੁੱਖ ਦੇ ਇਤਿਹਾਸ ਨੂੰ ਨਵਾਂ ਰੰਗ ਦਿੱਤਾ, ਇਨਸਾਨ ਦੀ ਧਾਰਮਿਕ ਤੇ ਸਮਾਜਿਕ ਆਜ਼ਾਦੀ ਦੇ ਯੁਗ ਨੂੰ ਨੇੜੇ ਲਿਆਂਦਾ ਅਤੇ ਜ਼ਾਲਮ ਸ਼ਾਸਨ ਦੀ ਮੌਤ ਦਾ ਘੁੱਗੂ ਵਜਾਇਆ। ਜੱਲਾਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਾਵਨ ਸੀਸ ਪੁਰ ਤਲਵਾਰ ਦਾ ਵਾਰ ਨਹੀਂ ਸੀ ਕੀਤਾ, ਸਗੋਂ ਜ਼ੁਲਮ ਤੇ ਜ਼ਾਲਮ ਦੇ ਘੁਣ ਖਾਧੇ ਬ੍ਰਿਛ ਦੀਆਂ ਜੜ੍ਹਾਂ 'ਤੇ ਕੁਹਾੜਾ ਚਲਾਇਆ ਸੀ ਜੋ ਵੇਖਦਿਆਂ-ਵੇਖਦਿਆਂ ਪੁੱਟੀਆਂ ਗਈਆਂ ਤੇ ਮੁੜ ਪੁੰਗਰਨੋਂ ਰਹਿ ਗਈਆਂ। ਗੁਰੂ ਤੇਗ਼ ਬਹਾਦਰ ਤਾਂ ਪ੍ਰਭੂ ਦੇ ਚਰਨਾਂ ਵਿਚ ਜਾ ਬਿਰਾਜੇ, ਪਰ ਜ਼ਾਲਮ ਸ਼ਹਿਨਸ਼ਾਹ ਤੇ ਉਸ ਦੀ ਹਕੂਮਤ ਰਸਾਤਲ ਤੋਂ ਵੀ ਡੂੰਘੀ ਕਬਰੇ ਜਾ ਸੁਤੇ, ਜਿੱਥੋਂ ਉਹ ਕਿਆਮਤ ਨੂੰ ਵੀ ਸ਼ਾਇਦ ਬਾਹਰ ਨਾ ਆ ਸਕਣ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਸਦੀਵੀ ਅਤੇ ਸਥਾਈ ਪ੍ਰਭਾਵ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਣਾ ਰਾਹੀਂ ਦੇਖਿਆ ਜਾ ਸਕਦਾ ਹੈ ਜਿਹੜਾ ਕਿ ਉਨ੍ਹਾਂ ਦੀ ਸ਼ਹਾਦਤ ਤੋਂ ਲਗਭਗ 24 ਸਾਲ ਬਾਅਦ ਸਾਹਮਣੇ ਆਇਆ ਸੀ। ਦਸਮੇਸ਼ ਪਿਤਾ ਜੀ ਦੁਆਰਾ ਸਾਜੇ ਗਏ ਖ਼ਾਲਸਾ ਪੰਥ ਵਿਚ ਜਿਹੜੇ ਪੰਜ ਸਿੰਘ ਸਭ ਤੋਂ ਪਹਿਲਾਂ ਤਿਆਰ ਕੀਤੇ ਗਏ ਉਨ੍ਹਾਂ ਵਿਚ ਲਾਹੌਰ ਦਾ ਭਾਈ ਦਾਇਆ ਸਿੰਘ, ਹਸਤਿਨਾਪੁਰ ਦਾ ਭਾਈ ਧਰਮ ਸਿੰਘ, ਦਵਾਰਕਾ ਦਾ ਭਾਈ ਮੁਹਕਮ ਸਿੰਘ, ਜਗਨਾਨਾਥ ਪੁਰੀ ਦਾ ਭਾਈ ਹਿੰਮਤ ਸਿੰਘ ਅਤੇ ਬਿਦਰ ਦਾ ਭਾਈ ਸਾਹਿਬ ਸਿੰਘ ਸ਼ਾਮਿਲ ਸਨ। ਪੰਜ ਪਿਆਰਿਆਂ ਦੀ ਚੋਣ ਹੀ ਦੱਸਦੀ ਹੈ ਕਿ ਗੁਰੂ-ਘਰ ਦੇ ਸ਼ਰਧਾਲੂ ਅਤੇ ਮੁਗ਼ਲ ਹਕੂਮਤ ਦੇ ਸਤਾਏ ਹੋਏ ਲੋਕ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਏ ਸਨ ਅਤੇ ਜਦੋਂ ਗੁਰੂ ਜੀ ਨੇ ਉਨ੍ਹਾਂ ਨੂੰ ਜ਼ੁਲਮ ਵਿਰੁੱਧ ਸ਼ੰਘਰਸ਼ ਕਰਨ ਲਈ ਇਕ ਨਿਸ਼ਾਨ ਅਧੀਨ ਇਕੱਤਰ ਹੋਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਪ੍ਰਵਾਨ ਕਰਕੇ ਹਜ਼ਾਰਾਂ ਲੋਕਾਂ ਨੇ ਖੰਡੇ ਦੀ ਪਾਹੁਲ ਗ੍ਰਹਿਣ ਕਰ ਲਈ ਸੀ। ਖ਼ਾਲਸਾ ਪੰਥ ਦੀ ਸਥਾਪਨਾ ਨੇ ਮੁਗ਼ਲ ਰਾਜ ਦਾ ਪਤਨ ਆਰੰਭ ਕਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਜੰਗਾਂ-ਯੁੱਧਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਮੁਗ਼ਲ ਰਾਜ ਦੀ ਅਜਿੱਤ ਹੋਣੀ ਨੂੰ ਮਿੱਟੀ ਵਿਚ ਮਿਲਾ ਦਿੱਤਾ ਸੀ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਮੁਗ਼ਲ ਰਾਜ ਬਹੁਤ ਹੀ ਸ਼ਕਤੀਸ਼ਾਲੀ ਸੀ। ਇਹ ਉਹ ਸਮਾਂ ਸੀ ਜਦੋਂ ਭਾਈ ਜੈਤਾ ਜੀ ਬਚਦੇ-ਬਚਾਉਂਦੇ ਨੌਵੇਂ ਪਾਤਿਸ਼ਾਹ ਦਾ ਪਵਿੱਤਰ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਸਨ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਉਨ੍ਹਾਂ ਦੇ ਪਵਿੱਤਰ ਧੜ ਦਾ ਸਸਕਾਰ ਰਾਤ ਦੇ ਸਮੇਂ ਹੀ ਆਪਣੇ ਘਰ ਵਿਚ ਕਰ ਦਿੱਤਾ ਸੀ। ਇਸ ਮਹਾਨ ਸ਼ਹਾਦਤ ਨੇ ਮੁਗ਼ਲਾਂ ਨੂੰ ਉਹ ਦਿਨ ਦੇਖਣ ਲਈ ਮਜਬੂਰ ਕਰ ਦਿੱਤਾ ਸੀ ਕਿ ਸਿੱਖ ਦਿਨ ਵੇਲੇ ਘੋੜਿਆਂ ਸਮੇਤ ਉਨ੍ਹਾਂ ਦੀ ਰਾਜਧਾਨੀ ਵਿਚ ਦਾਖਲ ਹੋ ਕੇ ਉਨ੍ਹਾਂ ਦੇ ਤਖ਼ਤ 'ਤੇ ਬੈਠਣ ਵਿਚ ਸਫਲ ਹੋ ਗਏ ਸਨ। ਪਰਉਪਕਾਰ ਅਤੇ ਤਿਆਗ ਦੀ ਭਾਵਨਾ ਵਿਚੋਂ ਪੈਦਾ ਹੋਈ ਦੇਗ ਅਤੇ ਤੇਗ਼ ਨੇ ਫ਼ਤਹਿ ਦੇ ਦਰਸ਼ਨ ਕਰਵਾ ਦਿੱਤੇ ਸਨ।

-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਗੁਰੂ ਜੀ ਵਲੋਂ ਮਾਤਾ ਦੇ ਨਾਂਅ 'ਤੇ ਵਸਾਇਆ ਨਗਰ 'ਚੱਕ ਨਾਨਕੀ' ਅਗਲੀ ਖ਼ਬਰ Prof. Manjit Kaur Gill ਦੀ ਕਿਤਾਬ Rabb Kolon Langhdian ਦਾ ਰਿਲੀਜ਼ ਸਮਾਗਮ
Ad Position 24