ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਆਪਣੀ ਮਾਤਾ ਦੇ ਨਾਂਅ 'ਤੇ ਚੱਕ ਨਾਨਕੀ ਨਗਰ ਵਸਾਇਆ, ਜਿੱਥੇ ਗੁਰਦੁਆਰਾ ਗੁਰੂ ਕੇ ਮਹੱਲ ਸਥਿਤ ਹੈ, ਜਦਕਿ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਸਥਾਪਨਾ ਕੀਤੀ। ਮੌਜੂਦਾ ਸਮੇਂ ਦੌਰਾਨ ਦੋਵੇਂ ਸਿੱਖ ਨਗਰਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਕਰਕੇ ਜਾਣਿਆ ਜਾਂਦਾ ਹੈ।
ਦਿੱਲੀ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਸਕਾਰ ਤੋਂ ਕੁਝ ਦਿਨ ਬਾਅਦ ਗੁਰੂ ਜੀ ਦੀ ਮਾਤਾ ਸੁਲੱਖਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਲਈ ਪੈਗਾਮ ਭੇਜਿਆ। 11 ਅਗਸਤ 1664 ਨੂੰ ਗੁਰੂ ਸਾਹਿਬ ਬਕਾਲਾ ਪੁੱਜੇ। ਗੁਰੂ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਬਾਬਾ ਦਵਾਰਕਾ ਦਾਸ (ਪੜਪੋਤਾ ਗੁਰੂ ਅਮਰਦਾਸ ਜੀ) ਨੇ ਕੀਤੀ। ਇਸ ਸਮੇਂ ਸੰਗਤਾਂ ਤੋਂ ਇਲਾਵਾ ਦੀਵਾਨ ਦਰਗਾਹ ਮੱਲ, ਭਾਈ ਮਨੀ ਰਾਮ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਾਤਾ ਸੁਲੱਖਣੀ ਹਾਜ਼ਰ ਸਨ। ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਸਭ ਤੋਂ ਪਹਿਲਾ ਦੌਰਾ ਕੀਰਤਪੁਰ ਸਾਹਿਬ ਵੱਲ ਸੀ, ਹਾਲਾਂਕਿ ਗੁਰੂ ਹਰਿਰਾਇ ਜੀ ਸਮੇਂ ਵੀ ਗੁਰੂ ਜੀ ਕੀਰਤਪੁਰ ਸਾਹਿਬ ਆਉਂਦੇ ਰਹਿੰਦੇ ਸਨ। ਸੰਨ 1656 ਤੋਂ 1664 ਈ। ਤੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਦੌਰੇ ਦੌਰਾਨ ਸਿੱਖੀ ਦਾ ਪ੍ਰਚਾਰ ਕੀਤਾ। 7 ਅਪ੍ਰੈਲ 1665 ਈ: ਨੂੰ ਗੁਰੂ ਸਾਹਿਬ ਨੇ ਬਾਂਗਰ ਦੇਸ਼ ਦੇ ਧਮਤਾਨ ਇਲਾਕੇ ਦਾ ਦੌਰਾ ਕੀਤਾ। ਇਲਾਕਾ ਵਾਸੀਆਂ ਅਤੇ ਸਿੱਖ ਸੇਵਕ ਭਾਈ ਦੱਗੋ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਤੋਂ ਧਮਤਾਨ ਲਿਆਉਣ ਦਾ ਮਨ ਬਣਾ ਲਿਆ। ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਵਸਾਏ ਸਿੱਖ ਨਗਰ ਕੀਰਤਪੁਰ ਸਾਹਿਬ ਦਾ ਦੌਰਾ ਕੀਤਾ। ਗੁਰੂ ਜੀ ਨੂੰ ਕੀਰਤਪੁਰ ਸਾਹਿਬ ਆਏ ਕੁਝ ਸਮਾਂ ਹੀ ਹੋਇਆ ਸੀ ਕਿ 27 ਅਪ੍ਰੈਲ 1665 ਨੂੰ ਬਿਲਾਸਪੁਰ (ਕਹਿਲੂਰ) ਦੇ ਰਾਜਾ ਦੀਪ ਚੰਦ ਦੀ ਮੌਤ ਹੋ ਗਈ। ਰਾਣੀ ਚੰਪਾ ਨੇ ਗੁਰੂ ਜੀ ਨੂੰ ਰਾਜੇ ਦੀ ਸਤਾਰਵੀਂ ਦੇ ਦਿਨ ਬਿਲਾਸਪੁਰ ਪੁੱਜਣ ਦੀ ਬੇਨਤੀ ਕੀਤੀ। ਇਸ ਸਮੇਂ ਗੁਰੂ ਜੀ ਦੇ ਨਾਲ ਮਾਤਾ ਨਾਨਕੀ, ਗੁਰੂ ਹਰਿਰਾਇ ਸਾਹਿਬ ਦੀ ਸੁਪਤਨੀ ਮਾਤਾ ਸੁਲੱਖਣੀ ਤੇ ਸਪੁੱਤਰੀ ਸਮੇਤ ਬਹੁਤ ਸਾਰੇ ਸਿੱਖ ਬਿਲਾਸਪੁਰ ਪਹੁੰਚੇ। ਜਦੋਂ ਗੁਰੂ ਸਾਹਿਬ ਨੇ ਸਤਾਰਵੀਂ ਤੋਂ ਬਾਅਦ ਵਾਪਸ ਆਉਣ ਦੀ ਤਿਆਰੀ ਕੀਤੀ ਤਾਂ ਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਰੋਕ ਲਿਆ। ਰਾਣੀ ਚੰਪਾ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਸਾਹਿਬ ਧਮਤਾਨ ਇਲਾਕੇ 'ਚ ਆਪਣੇ ਪਰਿਵਾਰ ਸਮੇਤ ਰਹਿਣ ਦਾ ਮਨ ਬਣਾ ਚੁੱਕੇ ਹਨ। ਰਾਣੀ ਚੰਪਾ ਨੇ ਮਾਤਾ ਨਾਨਕੀ ਰਾਹੀਂ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਬਿਲਾਸਪੁਰ ਰਿਆਸਤ ਦਾ ਇਲਾਕਾ ਛੱਡ ਕੇ ਧਮਤਾਨ ਨਾ ਜਾਣ, ਜੇਕਰ ਉਨ੍ਹਾਂ ਨੂੰ ਕੀਰਤਪੁਰ ਸਾਹਿਬ ਵਾਲੀ ਜਗ੍ਹਾ ਥੋੜ੍ਹੀ ਲਗਦੀ ਹੈ ਤਾਂ ਉਹ ਬਿਲਾਸਪੁਰ ਰਿਆਸਤ ਦੀ ਹੋਰ ਜ਼ਮੀਨ ਦੇਣ ਨੂੰ ਤਿਆਰ ਹਨ। ਮਾਤਾ ਨਾਨਕੀ ਨੇ ਰਾਣੀ ਚੰਪਾ ਦੇ ਜਜ਼ਬਾਤ ਵੇਖ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਿਲਾਸਪੁਰ ਰਿਆਸਤ ਤੋਂ ਦੂਰ ਨਾ ਜਾਣ ਵਾਸਤੇ ਮਨਾ ਲਿਆ। ਇਸ ਸਮੇਂ ਗੁਰੂ ਜੀ ਨੇ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਕੀਤਾ ਪਰ ਉਨ੍ਹਾਂ ਰਾਣੀ ਚੰਪਾ ਤੋਂ ਮੁਫ਼ਤ ਵਿਚ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ।
ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਦੇ ਮਹਾਨ ਕੋਸ਼ ਅਨੁਸਾਰ ਗੁਰੂ ਸਾਹਿਬ ਨੇ ਬਿਲਾਸਪੁਰ ਦੀ ਰਾਣੀ ਚੰਪਾ ਤੋਂ ਪਿੰਡ ਸਹੋਟਾ, ਮੀਆਂਪੁਰ ਤੇ ਲੋਦੀਪੁਰ ਦੀ ਜ਼ਮੀਨ ਉਸ ਸਮੇਂ ਦੇ 500 ਰੁਪਏ 'ਚ ਮੁੱਲ ਖਰੀਦੀ। 19 ਜੂਨ 1665 ਨੂੰ ਇਸ ਨਗਰ ਦੀ ਨੀਂਹ ਭਾਈ ਗੁਰਦਿੱਤਾ ਜੀ (ਬਾਬਾ ਬੁੱਢਾ ਜੀ ਦੀ ਪੀੜ੍ਹੀ 'ਚੋਂ) ਤੋਂ ਮੌਜੂਦਾ ਗੁਰੂ ਕੇ ਮਹੱਲ ਦੀ ਚੋਣ ਕਰਕੇ ਦੀਵਾਨ ਦਰਗਾਹ ਮੱਲ ਛਿੱਬਰ ਤੋਂ ਅਰਦਾਸ ਕਰਵਾ ਕੇ ਰਖਵਾਈ। ਗੁਰੂ ਜੀ ਨੇ ਆਪਣੀ ਮਾਤਾ ਨਾਨਕੀ ਦੇ ਨਾਂਅ 'ਤੇ ਇਸ ਨਗਰ ਨੂੰ ਵਸਾਇਆ। ਸਰਕਾਰੀ ਕਾਗਜ਼ਾਂ 'ਚ ਇਹ ਅੱਜ ਵੀ 'ਚੱਕ' ਨਗਰ ਵਜੋਂ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਦੇ ਸਮੇਂ ਇਹ ਇਕ ਪਾਸੇ ਸਤਲੁਜ ਦਰਿਆ ਅਤੇ ਚਰਨ ਗੰਗਾ ਵਰਗੇ ਬਰਸਾਤੀ ਚੋਅ ਅਤੇ ਦੂਜੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਸੀ। ਗੁਰੂ ਸਾਹਿਬ ਨੂੰ ਮੁਗਲਾਂ ਵਲੋਂ ਅੰਮ੍ਰਿਤਸਰ ਅਤੇ ਕਰਤਾਰਪੁਰ 'ਤੇ ਕੀਤੇ ਹਮਲਿਆਂ ਦਾ ਅਨੁਭਵ ਸੀ, ਜਿਸ ਕਰਕੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਫੌਜੀ ਦਖਲਅੰਦਾਜ਼ੀ ਅਤੇ ਗੜਬੜ ਤੋਂ ਵੀ ਇਹ ਇਲਾਕਾ ਸੁਰੱਖਿਅਤ ਸੀ। ਉਸ ਸਮੇਂ ਸ਼ਾਂਤ ਅਤੇ ਦੋ ਫ਼ਸਲਾਂ ਪੈਦਾ ਕਰਨ ਵਾਲਾ ਇਹ ਉਪਜਾਊ ਇਲਾਕਾ ਮਾਖੋਵਾਲ ਦੇ ਖੰਡਰਾਂ ਨਾਲ ਹਥੌਤ (ਹਾਥੀਆਂ ਦਾ ਨਿਵਾਸ) ਕਰਕੇ ਵੀ ਜਾਣਿਆ ਜਾਂਦਾ ਸੀ। ਬਿਲਾਸਪੁਰ ਰਿਆਸਤ ਇਨ੍ਹਾਂ ਸਿੱਖ ਨਗਰਾਂ ਦੇ ਵਸ ਜਾਣ ਕਰਕੇ ਮੁਗਲਾਂ ਦੇ ਹਮਲਿਆਂ ਤੋਂ ਮਹਿਫ਼ੂਜ਼ ਹੋ ਗਈ ਕਿਉਂਕਿ ਮੈਦਾਨੀ ਇਲਾਕੇ ਤੋਂ ਪਹਾੜੀ ਇਲਾਕੇ ਵਿਚਕਾਰ ਵਸੇ ਇਹ ਨਗਰ ਪੂਰੀ ਤਰ੍ਹਾਂ ਇਸ ਰਿਆਸਤ ਦੀ ਢਾਲ ਬਣ ਗਏ।
ਗੁਰੂ ਤੇਗ ਬਹਾਦਰ ਸਾਹਿਬ ਚੱਕ ਨਾਨਕੀ ਵਿਖੇ ਤਿੰਨ ਮਹੀਨੇ ਰਹਿਣ ਉਪਰੰਤ ਲੰਬੀ ਯਾਤਰਾ 'ਤੇ ਚਲੇ ਗਏ। ਇਸ ਸਮੇਂ ਗੁਰੂ ਜੀ ਦਾ ਘਰ ਗੁਰੂ ਕੇ ਮਹੱਲ ਵਾਲੀ ਜਗ੍ਹਾ ਬਣ ਚੁੱਕਾ ਸੀ। ਇਸ ਤੋਂ ਇਲਾਵਾ ਹੋਰ ਘਰ ਵੀ ਬਣਨੇ ਸ਼ੁਰੂ ਹੋ ਗਏ ਸਨ। ਇਸ ਇਲਾਕੇ ਦੇ ਬਾਂਗਰ ਦੇ ਨੇੜੇ ਰੋਹੀ ਦੇ ਜੰਗਲਾਂ 'ਚ ਗੁਰੂ ਜੀ ਨੂੰ 8 ਨਵੰਬਰ 1665 ਨੂੰ ਆਲਮ ਖ਼ਾਨ ਰੁਹੇਲਾ ਨੇ ਸ਼ਾਹੀ ਹੁਕਮਾਂ ਹੇਠ ਪਹਿਲੀ ਵਾਰ ਗ੍ਰਿਫ਼ਤਾਰ ਕਰਕੇ ਔਰੰਗਜ਼ੇਬ ਅੱਗੇ ਪੇਸ਼ ਕੀਤਾ। ਰਾਜਾ ਜੈ ਸਿੰਹੁ ਮਿਰਜ਼ਾ ਦੇ ਪੁੱਤਰ ਕੁੰਵਰ ਰਾਮ ਸਿੰਹੁ ਦੀ ਗਵਾਹੀ ਨਾਲ ਗੁਰੂ ਜੀ ਨੂੰ ਰਿਹਾਅ ਕਰ ਦਿੱਤਾ ਗਿਆ। ਭਾਈ ਸਰੂਪ ਸਿੰਘ ਕੌਸ਼ਿਸ਼ ਵਲੋਂ ਰਚਿਤ ਪੁਸਤਕ 'ਗੁਰੂ ਦੀਆਂ ਸਾਖੀਆਂ' ਅਨੁਸਾਰ 8 ਜੁਲਾਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਰਾਇ ਨੂੰ ਗੁਰਗੱਦੀ ਦੇਣ ਦੀ ਰਸਮ ਅਦਾ ਕੀਤੀ ਤੇ ਇਸ ਤੋਂ ਦੋ ਦਿਨ ਬਾਅਦ ਉਹ ਔਰੰਗਜ਼ੇਬ ਨੂੰ ਮਿਲਣ ਲਈ ਦਿੱਲੀ ਵੱਲ ਚੱਲ ਪਏ। ਚੱਕ ਨਾਨਕੀ ਵਿਚ ਗੁਰੂ ਸਾਹਿਬ ਦਾ ਇਹ ਆਖ਼ਰੀ ਦਿਨ ਸੀ। ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੀ ਪਰਿਵਾਰ ਸਮੇਤ ਆਪਣੇ ਆਖ਼ਰੀ ਸਮੇਂ ਤੱਕ ਚੱਕ ਨਾਨਕੀ ਵਾਲੀ ਜਗ੍ਹਾ 'ਗੁਰੂ ਕੇ ਮਹੱਲ' ਵਿਖੇ ਹੀ ਰਹਿੰਦੇ ਰਹੇ ਹਨ। ਗੁਰੂ ਸਾਹਿਬ ਨੇ ਚੱਕ ਨਾਨਕੀ 'ਗੁਰੂ ਕੇ ਮਹੱਲ' ਦੀ ਹਿਫ਼ਾਜ਼ਤ ਲਈ ਕਿਲ੍ਹਾ ਫ਼ਤਹਿਗੜ੍ਹ ਦਾ ਨਿਰਮਾਣ ਕਰਵਾਇਆ। ਇੱਥੇ ਬਣੇ ਗੁਰਦੁਆਰਾ ਗੁਰੂ ਕੇ ਮਹੱਲ ਦੀ ਚਾਰਦੀਵਾਰੀ 'ਚ ਥੜ੍ਹਾ ਸਾਹਿਬ ਹੈ, ਜਿੱਥੇ ਕਸ਼ਮੀਰੀ ਪੰਡਤ ਆਪਣੀ ਫ਼ਰਿਆਦ ਲੈ ਕੇ ਚੱਕ ਨਾਨਕੀ ਆਏ ਸਨ। ਇਹ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਾਹਿਬਜ਼ਾਦਿਆਂ ਦੇ ਜਨਮ ਸਥਾਨ ਤੋਂ ਇਲਾਵਾ ਉਹ ਸਥਾਨ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪਿਤਾ ਨੇ ਦਿੱਲੀ ਜਾਣ ਤੋਂ ਪਹਿਲਾਂ ਗੁਰਗੱਦੀ ਦਿੱਤੀ ਸੀ। ਇਕ ਮਸੰਦਾਂ ਦਾ ਖੂਹ ਵੀ ਹੈ ਜਿੱਥੇ ਗੁਰੂ ਜੀ ਨੇ ਬੇਈਮਾਨ, ਲੁਟੇਰੇ, ਠੱਗ ਅਤੇ ਹੈਂਕੜਬਾਜ਼ ਮਸੰਦਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਅਤੇ ਮਸੰਦ ਪ੍ਰਥਾ ਬੰਦ ਕਰਨ ਦਾ ਐਲਾਨ ਕੀਤਾ ਸੀ।
ਮੌਜੂਦਾ ਸਮੇਂ 'ਚ ਚੱਕ ਨਾਨਕੀ ਤੇ ਅਨੰਦਪੁਰ ਸਾਹਿਬ ਦੀਆਂ ਹੱਦਾਂ ਬਾਰੇ ਆਮ ਵਿਅਕਤੀ ਨੂੰ ਪਤਾ ਨਹੀਂ ਲਗਦਾ। ਸਿਰਫ਼ ਮਾਲ ਮਹਿਕਮਾ ਅਧਿਕਾਰੀ ਜਾਂ ਨੰਬਰਦਾਰ ਹੀ ਇਨ੍ਹਾਂ ਪਿੰਡਾਂ ਦੀਆਂ ਸੀਮਾਵਾਂ ਬਾਰੇ ਜਾਣਦੇ ਹਨ। ਬੱਸ ਅੱਡੇ ਅਤੇ ਗੁਰਦੁਆਰਾ ਕੇਸਗੜ੍ਹ ਦੇ ਵਿਚਕਾਰਲਾ ਚੌਕ ਚੱਕ ਨਾਨਕੀ, ਅਨੰਦਪੁਰ ਸਾਹਿਬ ਅਤੇ ਲੋਦੀਪੁਰ ਦਾ ਮਿਲਣ ਸਥਾਨ ਹੈ। ਗੁਰਦੁਆਰਾ ਗੁਰੂ ਕੇ ਮਹੱਲ ਚੱਕ ਨਾਨਕੀ ਦੇ ਇਲਾਕੇ ਵਿਚ ਹਨ। ਗੁਰਦੁਆਰਾ ਸੀਸਗੰਜ ਚੱਕ ਨਾਨਕੀ ਤੇ ਅਨੰਦਪੁਰ ਸਾਹਿਬ ਦੀ ਹੱਦ 'ਤੇ ਹੈ। ਬੱਸ ਅੱਡਾ, ਹਸਪਤਾਲ, ਲੜਕੀਆਂ ਦਾ ਸਕੂਲ, ਗੁਰਦੁਆਰਾ ਹੋਲਗੜ੍ਹ ਤੇ ਗੁਰਦੁਆਰਾ ਕਿਲ੍ਹਾ ਫ਼ਤਹਿਗੜ੍ਹ ਚੱਕ ਨਾਨਕੀ ਦੀ ਹੱਦ ਅੰਦਰ ਹੈ। ਖ਼ਾਲਸਾ ਹਾਈ ਸਕੂਲ ਸਹੋਟਾ ਪਿੰਡ 'ਚ ਪੈਂਦਾ ਹੈ, ਜੋ ਚੱਕ ਨਾਨਕੀ ਦਾ ਹਿੱਸਾ ਹੈ। ਚਰਨ ਗੰਗਾ 'ਤੇ ਬਣਿਆ ਪੁਲ ਵੀ ਚੱਕ ਨਾਨਕੀ ਦਾ ਹਿੱਸਾ ਹੈ। ਹੁਣ ਸਾਰੇ ਇਲਾਕੇ ਨੂੰ ਅਨੰਦਪੁਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
-ਪਿੰਡ-ਰਸੂਲਪੁਰ, ਡਾਕ-ਮੋਰਿੰਡਾ, ਰੂਪਨਗਰ।
ਮੋਬਾ: 9417370699