2030 ਦੀਆਂ ਰਾਸ਼ਟਰਮੰਡਲ ਖੇਡਾਂ ਹੁਣ ਭਾਰਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਹੋਣਗੀਆਂ। ਗਲਾਸਗੋ ਵਿਖੇ ਹੋਈ ਰਾਸ਼ਟਰਮੰਡਲ ਖੇਡਾਂ ਦੀ ਬੈਠਕ 'ਚ ਇਸ ਦੀ ਰਸਮੀ ਮਨਜ਼ੂਰੀ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 2030 'ਚ ਰਾਸ਼ਟਰਮੰਡਲ ਖੇਡਾਂ ਆਪਣਾ 100 ਸਾਲ ਦਾ ਸਫ਼ਰ ਪੂਰਾ ਕਰ ਰਹੀਆਂ ਹਨ। ਪਹਿਲੀਆਂ ਰਾਸ਼ਟਰਮੰਡਲ ਖੇਡਾਂ 1930 'ਚ ਕੈਨੇਡਾ ਵਿਖੇ ਕਰਵਾਈਆਂ ਗਈਆਂ ਸਨ। ਇਸ ਲਈ ਇਸ ਦੀ ਮੇਜ਼ਬਾਨੀ ਭਾਰਤ ਲਈ ਅਹਿਮ ਸਥਾਨ ਰੱਖਦੀ ਹੈ। ਇਨ੍ਹਾਂ ਖੇਡਾਂ ਨੂੰ ਹਾਸਿਲ ਕਰਨ ਲਈ ਭਾਰਤ ਨੂੰ ਨਾਈਜੀਰੀਆ ਤੋਂ ਸਖ਼ਤ ਟੱਕਰ ਮਿਲੀ ਪਰ ਕਮੇਟੀ ਨੇ 2034 ਦੀਆਂ ਰਾਸ਼ਟਰਮੰਡਲ ਖੇਡਾਂ ਉਸ ਨੂੰ ਦੇਣ ਦਾ ਭਰੋਸਾ ਦੇ ਕੇ ਇਸ ਦੀ ਮੇਜ਼ਬਾਨੀ ਭਾਰਤ ਨੂੰ ਸੌਂਪ ਦਿੱਤੀ। ਇਸ ਦਾ ਐਲਾਨ ਹੁੰਦੇ ਹੀ ਗਰਬਾ ਨਰਤਕਾਂ ਤੇ 30 ਢੋਲ ਵਾਦਕਾਂ ਨੇ ਜਸ਼ਨ ਮਨਾ ਕੇ ਗਲਾਸਗੋ ਨੂੰ ਗੁਜਰਾਤ ਦੇ ਰੰਗ 'ਚ ਰੰਗ ਦਿੱਤਾ। ਇਨ੍ਹਾਂ ਖੇਡਾਂ ਦੀ ਮੇਜ਼ਬਾਨੀ 2036 ਦੀ ਉਲੰਪਿਕ ਦੀ ਭਾਰਤ ਵਲੋਂ ਜਤਾਈ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ।
ਇਸ ਤੋਂ ਪਹਿਲਾਂ ਸਾਲ 2010 ਦੀਆਂ ਨਵੀਂ ਦਿੱਲੀ ਵਿਖੇ ਹੋੋਈਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ 38 ਸੋਨ ਸਮੇਤ 101 ਤਗਮੇ ਜਿੱਤ ਕੇ ਓਵਰਆਲ ਮੈਡਲ ਟੈਲੀ 'ਚ ਦੂਜਾ ਸਥਾਨ ਹਾਸਿਲ ਕੀਤਾ ਸੀ। ਜੇਕਰ 2030 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਨੂੰ ਮਿਲਣ ਦੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਠੋਸ ਕਾਰਨਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਭਾਰਤ 'ਚ ਇਸ ਸਮੇਂ ਇਨਫ੍ਰਾਸਟਰਕਚਰ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਤੇ ਵਧ ਰਿਹਾ ਹੈ। ਹਰ ਸਾਲ 10-12 ਲੱਖ ਕਰੋੜ ਦਾ ਜਨਤਕ ਨਿਵੇਸ਼ ਹੋ ਰਿਹਾ ਹੈ। ਸਟੇਡੀਅਮ, ਰੋਡ, ਮੈਟਰੋ, ਬੁਲਟ ਟਰੇਨ ਦਾ ਕੰਮ ਹੋਰ ਤੇਜ਼ੀ ਨਾਲ ਚੱਲ ਰਿਹਾ ਹੈ। ਭਾਰਤ ਦੀ ਅਰਥਵਿਵਸਥਾ 2030 ਤੱਕ 7 ਟ੍ਰਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਜਦੋਂ ਦਿੱਲੀ ਵਿਖੇ ਇਹ ਖੇਡਾਂ 2010 'ਚ ਕਰਵਾਈਆਂ ਗਈਆਂ ਸਨ ਤਾਂ ਨਵੀਂ ਦਿੱਲੀ ਦੇ ਨਿਵੇਸ਼ 30% ਦਾ ਵਾਧਾ ਜੀ.ਡੀ.ਪੀ. 'ਚ ਹੋਇਆ ਸੀ। ਇਸ ਤੋਂ ਇਲਾਵਾ ਮੈਟਰੋ ਦੇ ਫੇਜ਼-2 ਦੀ ਔਸਤ ਰੋਜ਼ਾਨਾ 8 ਲੱਖ ਯਾਤਰੀ ਸਨ। ਹੁਣ ਇਹ ਖੇਡਾਂ ਅਹਿਮਦਾਬਾਦ 'ਚ ਹੋਣਗੀਆਂ। ਕੀ ਅਹਿਮਦਾਬਾਦ ਸਪੋਰਟਸ ਫਾਈਨਾਂਸ ਕੈਪੀਟਲ ਮਾਡਲ ਬਣ ਸਕਦਾ ਹੈ? ਜਿਵੇਂ ਉਸਾਕਾ (ਫਾਈਨਾਂਸ + ਸਪੋਰਟਸ) ਤੇ ਟੋਰਾਂਟੋ (ਫਾਈਨਾਂਸ + ਈਵੈਂਟਸ) ਹਨ। ਇੱਥੇ ਸੜਕ, ਮੈਟਰੋ, ਐਕਸਪ੍ਰੈੱਸ ਵੇਅ ਤੇ ਏਅਰਪੋਰਟ ਦੇ ਨਿਰਮਾਣ 'ਚ ਤੇਜ਼ੀ ਆਵੇਗੀ। ਗੁਜਰਾਤ ਸ਼ਹਿਰ ਨੂੰ ਸਿੰਗਾਪੁਰ, ਦੁਬਈ ਵਰਗੀਆਂ ਪੱਕੀਆਂ ਬ੍ਰਾਂਡਿੰਗ ਮਿਲਣਗੀਆਂ। ਇਸ ਦੇ ਨਾਲ ਹੀ 70 ਦੇਸ਼ਾਂ ਦੇ ਖਿਡਾਰੀ ਤੇ ਖੇਡ ਪ੍ਰੇਮੀ ਆਉਣ ਨਾਲ ਅਹਿਮਦਾਬਾਦ 'ਚ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
2030 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਨਵੀਆਂ ਖੇਡਾਂ 15 ਤੋਂ ਵਧੇਰੇ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਟੀ-20 ਕ੍ਰਿਕਟ, ਤੀਰਅੰਦਾਜ਼ੀ, ਬੈਡਮਿੰਟਨ, ਸਾਈਕਲਿੰਗ, ਨਿਸ਼ਾਨੇਬਾਜ਼ੀ, ਕੁਸ਼ਤੀ, ਹਾਕੀ, ਜੂਡੋ, ਡਾਈਵਿੰਗ ਆਦਿ ਹਨ। ਇਸ ਦੇ ਨਾਲ ਹੀ ਅਹਿਮਦਾਬਾਦ ਨੂੰ 2028 ਦੀ ਵਿਸ਼ਵ ਦੀ ਅੰਡਰ-20 ਚੈਂਪੀਅਨਸ਼ਿਪ, 2031 ਦੀ ਵਰਲਡ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ, 2033 ਦੀ ਵਰਲਡ ਅਥਲੈਟਿਕਸ ਕਰਵਾਉਣ ਲਈ ਇਸ ਦਾ ਉਤਸ਼ਾਹ ਹੋਰ ਵਧੇਗਾ। ਅਗਲੇ ਸਾਲ ਅਹਿਮਦਾਬਾਦ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿਪ ਤੇ ਏਸ਼ੀਅਨ ਪੈਰਾ ਤੀਰਅੰਦਾਜ਼ੀ ਕੱਪ ਦੀ ਮੇਜ਼ਬਾਨੀ ਵੀ ਕਰੇਗਾ, ਨਾਲ ਹੀ 2029 ਦੀਆਂ ਵਿਸ਼ਵ ਪੁਲਿਸ ਖੇਡਾਂ ਵੀ ਅਹਿਮਦਾਬਾਦ, ਗਾਂਧੀ ਨਗਰ ਤੇ ਏਕਤਾ ਨਗਰ 'ਚ ਕਰਵਾਏ ਜਾਣ ਦੀ ਤਜਵੀਜ਼ ਹੈ, ਜਿਸ ਲਈ ਸਰਦਾਰ ਵੱਲਭ ਭਾਈ ਪਟੇਲ ਖੇਡ ਕੰਪਲੈਕਸ ਨੂੰ ਖ਼ਾਸ ਤੌਰ 'ਤੇ ਤਿਆਰ ਕੀਤਾ ਜਾ ਰਿਹਾ ਹੈ। ਨਾਲ ਹੀ ਇਕ ਲੱਖ ਦਰਸ਼ਕਾਂ ਦੀ ਸਮਰੱਥਾ ਵਾਲਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵੀ ਸ਼ਾਮਿਲ ਹੈ। ਰਾਸ਼ਟਰਮੰਡਲ ਖੇਡਾਂ ਦੇ ਪ੍ਰਧਾਨ ਡਾ. ਡੋਨਾਲਡ ਰੁਕਾਰੇ ਨੇ ਭਾਰਤ ਨੂੰ ਮੇਜ਼ਬਾਨੀ ਮਿਲਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਰਾਸ਼ਟਰਮੰਡਲ ਖੇਡਾਂ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਕਿਹਾ ਕਿ ਰਾਸ਼ਟਰਮੰਡਲ ਖੇਡਾਂ ਦੇ 74 ਦੇਸ਼ ਇਸ ਦਾ ਸ਼ਾਨਦਾਰ ਸਵਾਗਤ ਦੀ ਤਿਆਰੀ ਨਾਲ 2026 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵੱਲ ਵਧ ਰਹੇ ਹਨ ਤੇ ਉਸ ਤੋਂ ਬਾਅਦ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਵਿਸ਼ੇਸ਼ ਸ਼ਤਾਬਦੀ ਸਮਾਰੋਹ ਲਈ ਅਹਿਮਦਾਬਾਦ 'ਤੇ ਆਪਣੀਆਂ ਨਜ਼ਰਾਂ ਟਿਕਾਈਆਂ ਹਨ। ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਵੀ ਭਾਰਤ ਨੂੰ ਮੇਜ਼ਬਾਨੀ ਮਿਲਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਦੇ 100 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਜਸ਼ਨ ਮਨਾਏ ਜਾਣਗੇ ਤੇ ਰਾਸ਼ਟਰਮੰਡਲ ਖੇਡਾਂ ਨਾਲ ਸਾਰੇ ਦੇਸ਼ਾਂ ਦੇ ਅਥਲੀਟਾਂ ਲਈ ਆਪਸੀ ਖੇਡ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
-ਮੋਬਾ : 98729-78781