ਖੇਡ ਮੈਦਾਨ 'ਚ ਉਚਾਈਆਂ ਨੂੰ ਛੂਹਣ ਲਈ ਸਭ ਤੋਂ ਵੱਡੀ ਲੋੜ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਸਰੀਰਕ ਸਿੱਖਿਆ ਦੇ ਅਧਿਆਪਕਾਂ ਹੋਣਾ। ਜੇ ਪਹਿਲਾ ਕਦਮ ਹੀ ਮਜ਼ਬੂਤ ਰੱਖਿਆ ਜਾਵੇ ਤਾਂ ਭਵਿੱਖ ਦੀ ਪੂਰੀ ਇਮਾਰਤ ਸਥਿਰ ਤੇ ਸ਼ਕਤੀਸ਼ਾਲੀ ਬਣਦੀ ਹੈ। ਪ੍ਰਾਇਮਰੀ ਪੱਧਰ 'ਤੇ ਸਰੀਰਕ ਸਿੱਖਿਆ ਦਾ ਅਧਿਆਪਕ ਬੱਚਿਆਂ ਦੀ ਲੁਕੀ ਖੇਡ ਪ੍ਰਤਿਭਾ ਨੂੰ ਪਛਾਣ ਸਕਦਾ ਹੈ ਅਤੇ ਉਮਰ ਤੇ ਰੁਚੀ ਮੁਤਾਬਕ ਉਹ ਬੱਚਿਆਂ ਨੂੰ ਖੇਡਾਂ 'ਚ ਸਹੀ ਦਿਸ਼ਾ ਵੱਲ ਮੋੜ ਸਕਦਾ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਵੀ ਪ੍ਰਾਇਮਰੀ ਸਕੂਲਾਂ 'ਚ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀਆਂ ਆਸਾਮੀਆਂ ਨਹੀਂ ਹਨ। ਨਤੀਜਾ ਇਹ ਹੈ ਕਿ ਖੇਡਾਂ ਨੂੰ ਖ਼ਾਨਾਪੂਰਤੀ ਵਾਂਗ ਹੀ ਕਰਵਾਇਆ ਜਾਂਦਾ ਹੈ। ਮਿਡਲ ਜਾਂ ਹਾਈ ਸਕੂਲਾਂ ਦੇ ਅਧਿਆਪਕਾਂ ਦੀ ਮਦਦ ਨਾਲ ਖੇਡ ਮੁਕਾਬਲਾ ਕਰਵਾ ਦੇਣਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਬਣ ਜਾਂਦੀ ਹੈ। ਇਸ ਕਰਕੇ ਪ੍ਰਾਇਮਰੀ ਪੱਧਰ 'ਤੇ ਖੇਡਾਂ ਨੂੰ ਭਵਿੱਖ ਲਈ ਬਹੁਤ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਵਿਕਸਤ ਦੇਸ਼ਾਂ ਵੱਲ ਦੇਖੀਏ ਤਾਂ ਅਮਰੀਕਾ, ਚੀਨ ਤੇ ਹੋਰ ਰਾਸ਼ਟਰਾਂ ਨੇ ਆਪਣੇ ਖੇਡ ਮਾਡਲਾਂ ਦੀ ਨੀਂਹ ਛੋਟੀ ਉਮਰ ਤੋਂ ਹੀ ਰੱਖੀ ਹੈ। ਉੱਥੇ ਬੱਚਿਆਂ ਨੂੰ ਸ਼ੁਰੂਆਤੀ ਪੱਧਰ 'ਤੇ ਹੀ ਵਿਗਿਆਨਕ ਟ੍ਰੇਨਿੰਗ ਅਤੇ ਆਧੁਨਿਕ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸੇ ਕਰਕੇ ਉਹ ਨੈਸ਼ਨਲ, ਇੰਟਰਨੈਸ਼ਨਲ, ਉਲੰਪਿਕ ਖੇਡਾਂ ਤੋਂ ਲੈ ਕੇ ਵੱਡੀਆਂ ਖੇਡਾਂ ਤੱਕ ਆਪਣੇ ਦੇਸ਼ਾਂ ਲਈ ਸੋਨ ਤਮਗਿਆਂ ਦੀ ਝੜੀ ਲਾ ਦਿੰਦੇ ਹਨ। ਜੇ ਭਾਰਤ ਦੀ ਗੱਲ ਕਰੀਏ ਤਾਂ ਇਸ ਵਿਚ ਪ੍ਰਤਿਭਾ ਦੀ ਕੋਈ ਘਾਟ ਨਹੀਂ। ਹਰ ਪਿੰਡ, ਕਸਬੇ ਅਤੇ ਸ਼ਹਿਰ 'ਚ ਅਨੇਕਾਂ ਬੱਚੇ ਹਨ, ਖੇਡ ਸਟੇਡੀਅਮ ਹਨ। ਜੇਕਰ ਸਹੀ ਮਾਰਗਦਰਸ਼ਨ ਤੇ ਸਾਧਨ ਮਿਲਣ ਤਾਂ ਦੁਨੀਆ ਭਰ 'ਚ ਦੇਸ਼ ਦਾ ਨਾਂਅ ਹੋਰ ਵਧੇਰੇ ਰੌਸ਼ਨ ਹੋ ਸਕਦਾ ਹੈ।
ਪ੍ਰਾਇਮਰੀ ਪੱਧਰ 'ਤੇ ਮਜ਼ਬੂਤ
ਪ੍ਰਬੰਧਨ ਦੀ ਲੋੜ
ਪ੍ਰਾਇਮਰੀ ਸਕੂਲਾਂ 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਖੇਡਾਂ) ਅਤੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਦੀ ਨਵੀਂ ਭਰਤੀ ਕੀਤੀ ਜਾਵੇ। ਇਹ ਭਰਤੀ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਿਤ ਨਾ ਰਹੇ, ਸਗੋਂ ਇਨ੍ਹਾਂ ਅਹੁਦਿਆਂ ਲਈ ਉਹੀ ਵਿਅਕਤੀ ਚੁਣੇ ਜਾਣ, ਜਿਨ੍ਹਾਂ ਦਾ ਖੇਡ ਪੱਧਰ ਘੱਟੋ-ਘੱਟ ਰਾਸ਼ਟਰੀ ਪੱਧਰ ਦਾ ਹੋਵੇ। ਇਸ ਤਰ੍ਹਾਂ ਦੀ ਭਰਤੀ ਨਾਲ ਉਕਤ ਅਧਿਕਾਰੀ ਹੀ ਖੇਡਾਂ ਦੀ ਅਸਲੀ ਮਹੱਤਤਾ ਨੂੰ ਸਮਝ ਸਕਣਗੇ ਅਤੇ ਆਪਣਾ ਤਜਰਬਾ ਪ੍ਰਾਇਮਰੀ ਪੱਧਰ ਦੇ ਬੱਚਿਆਂ ਤੱਕ ਪਹੁੰਚਾ ਸਕਣਗੇ। ਅਜਿਹੇ ਅਫ਼ਸਰ ਨਾ ਸਿਰਫ਼ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਯੋਜਨਾਬੱਧ ਤਰੀਕੇ ਨਾਲ ਰਾਹ ਦਿਖਾਉਣਗੇ, ਸਗੋਂ ਉਨ੍ਹਾਂ ਨੂੰ ਸਮੇਂ-ਸਮੇਂ ਤੇ ਨਵੀਂ ਤਕਨੀਕਾਂ ਅਤੇ ਟ੍ਰੇਨਿੰਗ ਨਾਲ ਵੀ ਜਾਣੂ ਕਰਵਾਉਣਗੇ। ਇਹ ਪ੍ਰਬੰਧ ਬੱਚਿਆਂ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ। ਜਦੋਂ ਖਿਡਾਰੀ ਬੱਚੇ ਦੇਖਣਗੇ ਕਿ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਸਮਝਣ ਵਾਲੇ ਤਜਰਬੇਕਾਰ ਅਫ਼ਸਰ ਉਨ੍ਹਾਂ 'ਚ ਖੁਦ ਖੇਡ ਰਹੇ ਹਨ, ਖੇਡ ਤਕਨੀਕੀ ਗੁਣਾਂ ਦੇ ਦਾਅ-ਪੇਚ ਦੱਸ ਰਹੇ ਹਨ ਤਾਂ ਉਨ੍ਹਾਂ ਦਾ ਉਤਸ਼ਾਹ ਕਈ ਗੁਣਾ ਵਧੇਗਾ। ਖੇਡ, ਗੁਣ ਤੇ ਬੱਚਿਆਂ 'ਚ ਖੁਦ ਖੇਡਣ ਦੀ ਸਮਰੱਥਾ ਉਹੀ ਰੱਖੇਗਾ, ਜੋ ਆਪ ਰਾਸ਼ਟਰੀ ਪੱਧਰ ਦਾ ਖਿਡਾਰੀ ਹੋਵੇਗਾ। ਜੋ ਆਪ ਹੀ ਜ਼ੋਨਲ ਜਾਂ ਜ਼ਿਲ੍ਹਾ ਪੱਧਰੀ ਖਿਡਾਰੀ ਹੋਵੇਗਾ, ਉਹ ਬੱਚਿਆਂ ਨੂੰ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣ ਦੀ ਸੋਚ ਵੀ ਨਹੀਂ ਸਕਦਾ। ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਖੇਡਾਂ ਨਾਲ ਸਬੰਧਿਤ ਖੇਡ ਅਧਿਆਪਕ ਸਿਰਫ਼ ਜ਼ਿਲ੍ਹਾ ਜਾਂ ਰਾਜ ਪੱਧਰ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਮਾਣ ਵਧਾਉਣਗੇ। ਇਸ ਲਈ ਲੋੜ ਹੈ ਕਿ ਸਰਕਾਰ ਇਸ ਪੱਧਰ 'ਤੇ ਖ਼ਾਸ ਧਿਆਨ ਦੇਵੇ। ਹਰ ਪ੍ਰਾਇਮਰੀ ਸਕੂਲ 'ਚ ਸਿਖਲਾਈ ਪ੍ਰਾਪਤ ਖਿਡਾਰੀਆਂ ਲਈ ਉਤਸ਼ਾਹ ਭਰਪੂਰ ਯੋਜਨਾਵਾਂ ਬਣਾਈਆਂ ਜਾਣ। ਫਿਰ ਜਦੋਂ ਬੱਚੇ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ 'ਚ ਰੁਚੀ ਲੈਣਗੇ ਤਾਂ ਉਨ੍ਹਾਂ ਦੀ ਖੇਡ ਰੁਝਾਨ ਦੀ ਲੜੀ ਵੱਡੀਆਂ ਜਮਾਤਾਂ ਤੱਕ ਵੀ ਜਾਰੀ ਰਹੇਗੀ। ਉਹ ਸਿਰਫ਼ ਆਪਣੇ ਪਰਿਵਾਰ ਲਈ ਨਹੀਂ, ਪੂਰੇ ਦੇਸ਼ ਲਈ ਮਾਣ ਦਾ ਸਬੱਬ ਬਣ ਸਕਣਗੇ।
-ਉੱਤਮ ਗਾਰਡਨ ਕਾਲੋਨੀ, ਮਨਵਾਲ ਬਾਗ, ਪਠਾਨਕੋਟ। ਮੋਬਾ : 9417427656
ਈਮੇਲ : rajan_pathankot0yahoo.com