14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਦੀ ਲਹੂ ਭਿੱਜੀ ਦਾਸਤਾਨ

Ad Position 21
No active advertisement
ਅਜੀਤ ਡੈਸਕ 21-12-2025

ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਦੀ ਧਰਤੀ 'ਤੇ ਚਲਦਿਆਂ ਸੈਂਕੜੇ ਹੀ ਸਿੱਖ ਜੁਝਾਰੂਆਂ ਨੇ ਸ਼ਹੀਦੀਆਂ ਪਾਈਆਂ। ਇੱਥੋਂ ਦੀ ਮਿੱਟੀ ਵਿਚ ਉਨ੍ਹਾਂ ਸ਼ਹੀਦਾਂ ਦੇ ਖ਼ੂਨ ਪਸੀਨੇ ਦੇ ਤੁਪਕੇ ਜਜ਼ਬ ਹੋਏ ਹਨ। ਸਿੱਖ ਇਤਿਹਾਸ ਦੇ ਛੋਟੇ ਪਰ ਸਭ ਤੋਂ ਵੱਧ ਲਹੂ ਭਿੱਜੇ ਇਨ੍ਹਾਂ ਦੋ ਦਿਨਾਂ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਇਹ ਕੁਰਬਾਨੀਆਂ ਅਸੂਲਾਂ ਅਤੇ ਸੂਰਬੀਰਤਾ ਦੀ ਇਕ ਮਹਾਨ ਮਿਸਾਲ ਹਨ, ਜਿੱਥੇ ਪਿਤਾ ਨੇ ਆਪਣੇ ਸਪੁੱਤਰਾਂ ਨੂੰ ਜ਼ੁਲਮ ਖ਼ਿਲਾਫ਼ ਸ਼ਹੀਦ ਹੁੰਦੇ ਵੇਖਿਆ।
ਮੁਗ਼ਲ ਕਾਲ ਦੇ ਮੁੱਢਲੇ ਸਰੋਤ ਸਾਕੀ ਮੁਸਤੈਦ ਖ਼ਾਨ ਦੀ ਪੁਸਤਕ ਮੁਆਸਿਰ-ਏ-ਆਲਮਗੀਰੀ ਅਤੇ ਅਖ਼ਬਾਰਾਤ-ਏ-ਦਰਬਾਰ-ਏ-ਮੁਅੱਲਾ (ਰੋਜ਼ਨਾਮਚਾ) ਅਨੁਸਾਰ ਅਗਸਤ 1695 ਨੂੰ ਲਾਹੌਰ ਦੇ ਗਵਰਨਰ ਮੁਕੱਰਮ ਖ਼ਾਨ ਨੇ ਮੁਗ਼ਲ ਕਮਾਂਡਰ ਦਿਲਾਬਰ ਖ਼ਾਨ ਦੀ ਅਗਵਾਈ ਵਿਚ ਉਸ ਦੇ ਪੁੱਤਰ ਖ਼ਾਨਜ਼ਾਦਾ ਨੂੰ ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਲਈ ਭੇਜਿਆ। ਇਹ ਅਨੰਦਪੁਰ ਸਾਹਿਬ 'ਤੇ ਮੁਗ਼ਲ ਫ਼ੌਜਾਂ ਦਾ ਪਹਿਲਾ ਹਮਲਾ ਸੀ, ਜਿਸ ਵਿਚ ਗੁਰੂ ਜੀ ਨੇ ਖ਼ਾਨਜ਼ਾਦਾ ਦੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾ ਕੇ ਭਜਾ ਦਿੱਤਾ। ਸੰਨ 1696 ਨੂੰ ਦਿਲਾਬਰ ਖ਼ਾਨ ਨੇ ਜਰਨੈਲ ਹੁਸੈਨ ਖ਼ਾਨ ਨੂੰ ਇਕ ਮਜ਼ਬੂਤ ਅਤੇ ਵੱਡੀ ਫ਼ੌਜ ਨਾਲ ਪਹਾੜੀ ਰਿਆਸਤਾਂ ਦੇ ਰਾਜਿਆਂ ਤੋਂ ਟੈਕਸ ਲੈਣ ਅਤੇ ਗੁਰੂ ਜੀ ਨੂੰ ਸਬਕ ਸਿਖਾਉਣ ਲਈ ਭੇਜਿਆ। ਇਸ ਸਮੇਂ ਡਢਵਾਲੀਏ ਅਤੇ ਕਹਿਲੂਰੀਏ ਰਿਆਸਤ ਦੇ ਰਾਜਿਆਂ ਨੇ ਹੁਸੈੇਨੀ ਨੂੰ ਬਣਦਾ ਟੈਕਸ ਦੇਣਾ ਮਨਜ਼ੂਰ ਕਰ ਲਿਆ ਅਤੇ ਉਹ ਆਪਣੀਆਂ ਫ਼ੌਜਾਂ ਸਮੇਤ ਉਸ ਦੀ ਮੁਹਿੰਮ ਵਿਚ ਸ਼ਾਮਲ ਹੋ ਗਏ। ਗ਼ੁਲ਼ੇਰ ਰਿਆਸਤ ਦੇ ਰਾਜਾ ਗੋਪਾਲ ਚੰਦ ਗ਼ੁਲ਼ੇਰੀਆ ਨੇ ਹੁਸੈਨ ਖ਼ਾਨ ਨੂੰ ਟੈਕਸ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਾਜੇ ਨੇ ਅਨੰਦਪੁਰ ਸਾਹਿਬ ਆ ਕੇ ਗੁਰੂ ਜੀ ਤੋਂ ਸਹਾਇਤਾ ਮੰਗੀ। 19 ਫਰਵਰੀ 1696 ਨੂੰ ਸਿੱਖਾਂ ਦੀ ਅਗਵਾਈ ਵਿਚ ਗ਼ੁਲ਼ੇਰ ਦੀਆਂ ਫ਼ੌਜਾਂ ਨੇ ਪਹਾੜੀ ਫ਼ੌਜਾਂ ਅਤੇ ਮੁਗ਼ਲ ਫ਼ੌਜਾਂ ਨੂੰ ਮੈਦਾਨ ਵਿਚੋਂ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਲੜਾਈ ਵਿਚ ਹੁਸੈਨ ਖ਼ਾਨ ਮਾਰਿਆ ਗਿਆ, ਜਦੋਂ ਕਿ ਸਿੱਖਾਂ ਵਿਚੋਂ ਭਾਈ ਲਹਿਨੂ, ਭਾਈ ਸੰਗਤ, ਭਾਈ ਹਨੂੰਮਤ ਅਤੇ ਭਾਈ ਦਰਸੋ ਵਰਗੇ ਸਿੱਖ ਸ਼ਹੀਦ ਹੋ ਗਏ। ਇਸ ਲੜਾਈ ਤੋਂ ਦੋ ਕੁ ਮਹੀਨਿਆਂ ਬਾਅਦ ਲਾਹੌਰ ਦੇ ਗਵਰਨਰ ਨੇ 30 ਅਪਰੈਲ 1696 ਈਸਵੀ ਨੂੰ ਭਲਾਣ ਦੇ ਮੈਦਾਨ ਵਿਚ ਜੁਝਾਰ ਸਿੰਹੁ ਹਾਂਡਾ ਨੂੰ 3000 ਫ਼ੌਜੀ ਦਸਤਾ ਦੇ ਕੇ ਭੇਜਿਆ। ਇਸ ਲੜਾਈ ਵਿਚ ਜੁਝਾਰ ਸਿੰਹੁ ਹਾਂਡਾ ਅਤੇ ਦਿਲਾਬਰ ਖ਼ਾਨ ਦਾ ਪੁੱਤਰ ਖ਼ਾਨਜ਼ਾਦਾ ਵੀ ਮਾਰਿਆ ਗਿਆ।
ਗੁਰੂ ਸਾਹਿਬ ਨੇ 30 ਮਾਰਚ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਅਨੰਦਪੁਰ ਸਾਹਿਬ ਦੇ ਲਾਗਲੇ ਪਹਾੜੀ ਰਾਜੇ ਅਤੇ ਮੁਗ਼ਲ ਹਕੂਮਤ ਮਨੁੱਖ ਦੀ ਬਰਾਬਰੀ ਵਾਲੇ ਇਸ ਸਿਧਾਂਤ ਦੇ ਵਿਰੁੱਧ ਸਨ, ਜਿਸ ਕਰਕੇ ਅਜਮੇਰ ਚੰਦ ਕਹਿਲੂਰੀਏ ਨੇ ਅਨੰਦਪੁਰ ਸਾਹਿਬ 'ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਮਹਾਨ ਕੋਸ਼ ਅਤੇ ਭੱਟ ਵਹੀਆਂ ਦੇ ਵੇਰਵਿਆਂ ਅਨੁਸਾਰ 29 ਅਗਸਤ, 1700 ਨੂੰ ਅਜਮੇਰ ਚੰਦ ਦੀਆਂ ਪਹਾੜੀ ਫ਼ੌਜਾਂ ਨੇ ਅਨੰਦਪੁਰ ਸਾਹਿਬ ਤੋਂ ਪੰਜ ਕਿਲੋਮੀਟਰ ਦੂਰ ਕਿਲ੍ਹਾ ਤਾਰਾਗੜ੍ਹ 'ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਨੇ ਪਹਾੜੀ ਫ਼ੌਜਾਂ ਨਾਲ ਡਟ ਕੇ ਮੁਕਾਬਲਾ ਕੀਤਾ। ਇਸ ਲੜਾਈ ਵਿਚ ਭਾਈ ਈਸ਼ਰ ਸਿੰਘ, ਭਾਈ ਕਲਿਆਣ ਸਿੰਘ ਅਤੇ ਮੰਗਤ ਸਿੰਘ ਸ਼ਹੀਦ ਹੋ ਗਏ। ਪਹਾੜੀ ਫ਼ੌਜਾਂ ਨੇ ਆਪਣੀ ਹਾਰ ਤੋਂ ਤੁਰੰਤ ਬਾਅਦ 30 ਅਗਸਤ, 1700 ਨੂੰ ਕਿਲ੍ਹਾ ਫ਼ਤਹਿਗੜ੍ਹ ਉੱਤੇ ਹਮਲਾ ਕੀਤਾ, ਜਿਸ ਵਿਚ ਭਾਈ ਭਗਵਾਨ ਸਿੰਘ, ਭਾਈ ਜਵਾਹਰ ਸਿੰਘ ਅਤੇ ਭਾਈ ਨੰਦ ਸਿੰਘ ਸ਼ਹੀਦ ਹੋ ਗਏ। ਤੀਜੇ ਦਿਨ 31 ਅਗਸਤ ਨੂੰ ਕਿਲ੍ਹਾ ਅਗੰਮਗੜ੍ਹ ਦੀ ਲੜਾਈ ਦੌਰਾਨ ਭਾਈ ਬਾਘ ਸਿੰਘ ਘਰਬਾਰਾ ਸ਼ਹੀਦ ਹੋ ਗਏ। ਲਗਾਤਾਰ ਤਿੰਨ ਦਿਨ ਹਾਰ ਖਾਣ ਉਪਰੰਤ ਰਾਜਾ ਅਜਮੇਰ ਚੰਦ ਕਹਿਲੂਰੀਏ ਨੇ ਆਪਣੇ ਮਾਮਾ ਕੇਸਰੀ ਚੰਦ ਜਸਵਾਲੀਆ ਨਾਲ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲ੍ਹਾ ਲੋਹਗੜ੍ਹ 'ਤੇ ਹਮਲਾ ਕਰਨ ਦੀ ਰਣਨੀਤੀ ਤਿਆਰ ਕੀਤੀ। ਇਸ ਕਿਲ੍ਹੇ ਅੰਦਰ ਰਾਮ ਸਿੰਘ ਸਿਕਲੀਗਰ ਨੇ ਲੋਹੇ ਦੇ ਹਥਿਆਰ ਤਿਆਰ ਕਰਨ ਦਾ ਕਾਰਖ਼ਾਨਾ ਲਗਾਇਆ ਹੋਇਆ ਸੀ। ਅਜਮੇਰ ਚੰਦ ਨੇ ਕਿਲ੍ਹੇ 'ਤੇ ਫ਼ੌਜਾਂ ਨਾਲ ਲੜਾਈ ਕਰਨ ਦੀ ਬਜਾਏ ਇਕ ਹਾਥੀ ਨੂੰ ਸ਼ਰਾਬ ਪਿਲਾ ਕੇ ਭੇਜਣ ਦਾ ਫ਼ੈਸਲਾ ਕੀਤਾ। ਭਾਈ ਬਚਿੱਤਰ ਸਿੰਘ ਨੇ ਨਾਗਨੀ ਬਰਛੇ ਨਾਲ ਹਾਥੀ ਦਾ ਮੁਕਾਬਲਾ ਕਰਕੇ ਉਸ ਨੂੰ ਮੈਦਾਨ ਵਿਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਅਤੇ ਉਨ੍ਹਾਂ ਦੇ ਦੂਸਰੇ ਭਰਾ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਜਸਵਾਲੀਆ ਨੂੰ ਚਿੱਤ ਕਰ ਦਿੱਤਾ। ਇਸ ਲੜਾਈ ਦੌਰਾਨ ਭਾਈ ਕੁਸ਼ਾਲ ਸਿੰਘ, ਭਾਈ ਆਲਮ ਸਿੰਘ ਅਤੇ ਭਾਈ ਦਿਆਲ ਸਿੰਘ ਸ਼ਹੀਦ ਹੋ ਗਏ। ਅਜਮੇਰ ਚੰਦ ਨੇ ਆਪਣੇ ਪੰਡਤ ਪਰਮਾ ਨੰਦ ਰਾਹੀਂ ਗੁਰੂ ਜੀ ਨੂੰ ਪੱਤਰ ਭੇਜ ਕੇ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਅਨੰਦਪੁਰ ਸਾਹਿਬ ਨੂੰ ਕੁਝ ਦਿਨਾਂ ਲਈ ਛੱਡ ਜਾਣ ਜਿਸ ਕਰਕੇ ਪਹਾੜੀ ਰਿਆਸਤਾਂ ਵਿਚ ਮੇਰੀ ਇੱਜ਼ਤ ਰਹਿ ਜਾਵੇਗੀ। ਗੁਰੂ ਸਾਹਿਬ ਨੇ ਇਸ ਇਲਾਕੇ ਦੀ ਅਮਨ ਸ਼ਾਂਤੀ ਵੇਖਦੇ ਹੋਏ ਪਹਿਲੀ ਵਾਰ 04 ਅਕਤੂਬਰ ਤੋਂ ਲੈ ਕੇ 15 ਅਕਤੂਬਰ, 1700 ਤੱਕ ਅਨੰਦਪੁਰ ਸਾਹਿਬ ਨੂੰ ਛੱਡ ਕੇ ਕੀਰਤਪੁਰ ਸਾਹਿਬ ਦੀ ਪਹਾੜੀ ਨਿਰਮੋਹਗੜ੍ਹ ਉੱਤੇ ਆਪਣੇ ਸਿੱਖਾਂ ਸਮੇਤ ਤੰਬੂ ਲਗਾ ਲਏ। ਜਦੋਂ ਅਜਮੇਰ ਚੰਦ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਨੇ ਆਪਣੀਆਂ ਫ਼ੌਜਾਂ ਲੈ ਕੇ ਨਿਰਮੋਹਗੜ੍ਹ ਦੀ ਪਹਾੜੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਸਰਹਿੰਦ ਦੇ ਸੂਬੇਦਾਰ ਨੂੰ ਖ਼ਬਰ ਭੇਜ ਦਿੱਤੀ। 08 ਅਕਤੂਬਰ ਨੂੰ ਇਸ ਪਹਾੜੀ ਦੇ ਮੈਦਾਨੀ ਖੇਤਰ ਵਿਚ ਹੋਈ ਲੜਾਈ ਦੌਰਾਨ ਭਾਈ ਸਾਹਿਬ ਸਿੰਘ, ਭਾਈ ਸੂਰਤ ਸਿੰਘ, ਭਾਈ ਦੇਵਾ ਸਿੰਘ, ਭਾਈ ਅਨੂਪ ਸਿੰਘ, ਭਾਈ ਸਰੂਪ ਸਿੰਘ ਅਤੇ ਭਾਈ ਮਾਥੁਰਾ ਸਿੰਘ ਤੋਂ ਇਲਾਵਾ ਦੁਨੀ ਚੰਦ ਮਸੰਦ ਦੇ ਭਤੀਜੇ ਭਾਈ ਅਨੂਪ ਸਿੰਘ ਅਤੇ ਭਾਈ ਸਰੂਪ ਸਿੰਘ ਸ਼ਹੀਦ ਹੋ ਗਏ। 13 ਅਕਤੂਬਰ ਨੂੰ ਸਰਹਿੰਦ ਤੋਂ ਭੇਜੇ ਮੁਗ਼ਲ ਜਰਨੈਲ ਰੁਸਤਮ ਖ਼ਾਨ ਅਤੇ ਨਾਸਰ ਅਲੀ ਖ਼ਾਨ ਨੇ ਇਕ ਉੱਚੀ ਪਹਾੜੀ 'ਤੇ ਆ ਕੇ ਤੋਪ ਦੇ ਗੋਲੇ ਨਾਲ ਗੁਰੂ ਜੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਦੇ ਇਕੋ ਤੀਰ ਦੇ ਨਿਸ਼ਾਨੇ ਨੇ ਰੁਸਤਮ ਖ਼ਾਨ ਨੂੰ ਥਾਏਂ ਮਾਰ ਮੁਕਾਇਆ ਅਤੇ ਭਾਈ ਉਦੈ ਸਿੰਘ ਦੇ ਤੀਰ ਨੇ ਨਾਸਰ ਅਲੀ ਖ਼ਾਨ ਦੀ ਜਾਨ ਲੈ ਲਈ। ਇਸ ਦੌਰਾਨ ਤੋਪ ਦੇ ਗੋਲੇ ਨੇ ਭਾਈ ਰਾਮ ਸਿੰਘ ਕਸ਼ਮੀਰੀ ਨੂੰ ਸ਼ਹੀਦ ਕਰ ਦਿੱਤਾ। ਇਸ ਲੜਾਈ ਵਿਚ ਭਾਈ ਹਿੰਮਤ ਸਿੰਘ ਰਾਠੌਰ ਅਤੇ ਭਾਈ ਮੋਹਰ ਸਿੰਘ ਵੀ ਸ਼ਹੀਦ ਹੋ ਗਏ। ਜਦੋਂ ਬਸਾਲੀ ਦੇ ਰਾਜਾ ਸਲਾਹੀ ਚੰਦ ਨੂੰ ਅਜਮੇਰ ਚੰਦ ਦੀ ਇਸ ਬੇਈਮਾਨੀ ਦਾ ਪਤਾ ਲੱਗਿਆ, ਤਾਂ ਉਸ ਨੇ ਗੁਰੂ ਜੀ ਨੂੰ ਆਪਣੀ ਰਿਆਸਤ ਵਿਚ ਆਉਣ ਦੀ ਬੇਨਤੀ ਕੀਤੀ। ਇਹ ਰਿਆਸਤ ਸਤਲੁਜ ਦਰਿਆ ਪਾਰ ਕਰਕੇ ਨੂਰਪੁਰ ਬੇਦੀ ਦੀਆਂ ਪਹਾੜੀਆਂ ਵੱਲ ਸੀ। ਗੁਰੂ ਸਾਹਿਬ ਨੇ ਨਿਰਮੋਹਗੜ੍ਹ ਦੀ ਪਹਾੜੀ ਤੋਂ ਹੇਠਾਂ ਵੱਲ ਜਦੋਂ ਦਰਿਆ ਪਾਰ ਕੀਤਾ, ਤਾਂ ਅਜਮੇਰ ਚੰਦ ਦੀਆਂ ਫ਼ੌਜਾਂ ਨੇ ਇਕ ਵਾਰ ਫਿਰ ਤੋਂ ਹਮਲਾ ਕੀਤਾ। ਇਸ ਸਮੇਂ ਹੋਈ ਲੜਾਈ ਦੌਰਾਨ ਭਾਈ ਅਜੀਤ ਸਿੰਘ, ਭਾਈ ਨੇਤਾ ਸਿੰਘ ਅਤੇ ਭਾਈ ਕੇਸਰਾ ਸਿੰਘ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਾਹਿਬ ਜੀ ਦੇ ਬਸਾਲੀ ਰਹਿੰਦਿਆਂ ਹੋਇਆਂ ਰਾਜਾ ਸਲਾਹੀ ਚੰਦ ਨੇ ਅਜਮੇਰ ਚੰਦ ਨੂੰ ਸਮਝਾ ਕੇ ਮਸਲਾ ਹੱਲ ਕਰਵਾ ਦਿੱਤਾ। 30 ਅਕਤੂਬਰ 1700 ਈਸਵੀ ਨੂੰ ਗੁਰੂ ਸਾਹਿਬ ਮੁੜ ਅਨੰਦਪੁਰ ਸਾਹਿਬ ਆ ਗਏ।
ਕਰੀਬ ਚਾਰ ਸਾਲਾਂ ਤੋਂ ਬਾਅਦ 30 ਜਨਵਰੀ 1704 ਨੂੰ ਅਜਮੇਰ ਚੰਦ ਕਹਿਲੂਰੀਏ ਨੇ ਆਪਣੇ ਸਾਥੀ ਰਾਜਿਆਂ ਗੋਪਾਲ ਚੰਦ ਹੰਡੂਰੀਆ, ਚੰਬੇ ਦਾ ਰਾਜਾ ਉਦੈ ਸਿੰਹੁ ਅਤੇ ਫ਼ਤਿਹਪੁਰ ਦੇ ਰਾਜਾ ਦੇਵ ਸਰਨ ਨਾਲ ਮਿਲ ਕੇ ਇਕ ਵਾਰ ਫਿਰ ਤੋਂ ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਲੜਾਈ ਦੌਰਾਨ ਭਾਈ ਹੇਮ ਸਿੰਘ ਅਤੇ ਭਾਈ ਕਾਹਨ ਸਿੰਘ ਰਾਠੌਰ ਸ਼ਹੀਦ ਹੋ ਗਏ। 03 ਮਈ 1705 ਈਸਵੀ ਨੂੰ ਅਜਮੇਰ ਚੰਦ ਨੇ ਹੰਡੂਰ ਦੀਆਂ ਫ਼ੌਜਾਂ, ਗੁੱਜਰਾਂ, ਰੰਗੜਾਂ ਅਤੇ ਸਰਹਿੰਦ ਦੀਆਂ ਮੁਗ਼ਲ ਫ਼ੌਜਾਂ ਦੀ ਸਹਾਇਤਾ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਹ ਘੇਰਾ ਸੱਤ ਮਹੀਨੇ ਦੇ ਕਰੀਬ ਰਿਹਾ। ਅਖੀਰ 04 ਦਸੰਬਰ 1705 ਨੂੰ ਸਮਾਣੇ ਦਾ ਰਹਿਣ ਵਾਲਾ ਸ਼ਾਹੀ ਕਾਜ਼ੀ ਸਯੱਦ ਅਲੀ ਹਸਨ ਅਨੰਦਪੁਰ ਸਾਹਿਬ ਵਿਚ ਕੁਰਾਨ ਸ਼ਰੀਫ਼ ਦੀ ਜਿਲਦ 'ਤੇ ਲੱਗੀ ਔਰੰਗਜ਼ੇਬ ਦੀ ਚਿੱਠੀ ਲੈ ਕੇ ਆਇਆ। ਇਸ ਚਿੱਠੀ ਵਿਚ ਲਿਖਿਆ ਸੀ ਕਿ ਗੁਰੂ ਜੀ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਨੂੰ ਛੱਡ ਕੇ ਕਾਂਗੜ ਵੱਲ ਆ ਜਾਣ, ਜਿੱਥੇ ਹਾਲਾਤਾਂ 'ਤੇ ਵਿਚਾਰਾਂ ਕੀਤੀਆਂ ਜਾਣਗੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਕਿਲ੍ਹਾ ਅਨੰਦਗੜ੍ਹ ਸਾਹਮਣੇ ਲਗਾਏ ਸੂਚਨਾ ਬੋਰਡ ਅਨੁਸਾਰ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ 5 ਅਤੇ 6 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਅਨੰਦਪੁਰ ਸਾਹਿਬ ਸਦਾ ਲਈ ਛੱਡ ਦਿੱਤਾ। ਇਸ ਸਮੇਂ ਗੁਰੂ ਜੀ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ 500 ਦੇ ਕਰੀਬ (ਕੁਝ ਸਰੋਤ 1000) ਸਿੰਘ ਸਨ। ਸਾਰੀ ਵਹੀਰ ਅਜੇ ਕੀਰਤਪੁਰ ਸਾਹਿਬ ਤੋਂ ਰੋਪੜ ਵੱਲ ਜਾ ਹੀ ਰਹੀ ਸੀ ਕਿ ਸ਼ਾਹੀ ਟਿੱਬੀ ਦੀ ਚੌਕੀ 'ਤੇ ਤਾਇਨਾਤ ਫ਼ੌਜੀ ਟੁਕੜੀ ਨੇ ਵਹੀਰ ਉੱਤੇ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ 50 ਸਿੱਖ ਫ਼ੌਜੀਆਂ ਸਮੇਤ ਭਾਈ ਉਦੈ ਸਿੰਘ ਨੂੰ ਪਹਾੜੀ ਫ਼ੌਜਾਂ ਦਾ ਰਾਹ ਡੱਕਣ ਲਈ ਜ਼ਿੰਮੇਵਾਰੀ ਸੌਂਪੀ। ਇਸ ਚੌਕੀ ਵਿਚ ਮੌਜੂਦ ਅਤੇ ਅਨੰਦਪੁਰ ਸਾਹਿਬ ਵਲੋਂ ਆਈ ਪਹਾੜੀ ਫ਼ੌਜ ਨਾਲ ਯੁੱਧ ਕਰਦਿਆਂ ਜਥੇ ਦੇ 50 ਸਿੰਘਾਂ ਸਮੇਤ ਭਾਈ ਉਦੈ ਸਿੰਘ ਸ਼ਹੀਦ ਹੋ ਗਏ। ਉਧਰ ਸਰਸਾ ਨਦੀ ਦੇ ਕੰਢੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਬੀਬੀ ਭਿੱਖਾਂ ਨੇ 100 ਸਿੰਘਾਂ ਨਾਲ ਅਨੰਦਪੁਰ ਸਾਹਿਬ ਵਲੋਂ ਆਉਣ ਵਾਲੀ ਪਹਾੜੀ ਫ਼ੌਜ ਨੂੰ ਰੋਕਣ ਲਈ ਮੋਰਚਾਬੰਦੀ ਕਰ ਲਈ ਅਤੇ ਭਾਈ ਬਚਿੱਤਰ ਸਿੰਘ ਨੇ ਆਪਣੇ ਜਥੇ ਦੇ 100 ਸਿੰਘਾਂ ਸਮੇਤ ਰੋਪੜ ਵਲੋਂ ਆਉਣ ਵਾਲੀ ਸਰਹਿੰਦ ਦੀ ਫ਼ੌਜ ਨੂੰ ਡੱਕਣ ਲਈ ਮੋਰਚੇ ਸੰਭਾਲ ਲਏ। ਇਸ ਸਮੇਂ ਹੋਈ ਹਫ਼ੜਾ-ਦਫ਼ੜੀ ਅਤੇ ਮਾਰ-ਧਾੜ ਸਮੇਂ ਸਾਰਾ ਵਹੀਰ ਇਕ ਦੂਜੇ ਤੋਂ ਵੱਖ ਹੋ ਗਿਆ। ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਸਹੇੜੀ ਵੱਲ ਚਲੇ ਗਏ। ਅਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਵਹੀਰ 'ਚੋਂ ਗੁਰੂ ਸਾਹਿਬ ਦੇ ਪਰਿਵਾਰ ਸਮੇਤ 48 ਸਿੰਘ ਹੀ ਬਾਕੀ ਬਚੇ ਸਨ ਅਤੇ ਹੋਰ ਸਾਰਾ ਵਹੀਰ ਸ਼ਹੀਦ ਹੋ ਚੁੱਕਾ ਸੀ। ਗੁਰੂ ਸਾਹਿਬ ਸਰਸਾ ਨਦੀ ਤੋਂ ਹੁੰਦੇ ਹੋਏ ਕੋਟਲਾ ਨਿਹੰਗ ਖ਼ਾਨ ਦੇ ਕਿਲ੍ਹੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੇ। ਇੱਥੇ ਹੀ ਸਹਿਬਜ਼ਾਦਾ ਅਜੀਤ ਸਿੰਘ ਮਲਕਪੁਰ ਪਿੰਡ ਦੀ ਲੜਾਈ ਦੌਰਾਨ ਹੋਏ ਜ਼ਖ਼ਮੀ ਹਾਲਤ ਵਿਚ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਏ ਸਨ। ਕੋਟਲਾ ਨਿਹੰਗ ਖ਼ਾਨ ਦੀ ਸਪੁੱਤਰੀ ਬੀਬੀ ਮੁਮਤਾਜ਼ ਨੇ ਭਾਈ ਬਚਿੱਤਰ ਸਿੰਘ ਦੀ ਬਹੁਤ ਸੇਵਾ ਕੀਤੀ ਪਰ ਜ਼ਖ਼ਮ ਜ਼ਿਆਦਾ ਹੋਣ ਕਰਕੇ ਉਹ ਬਚ ਨਾ ਸਕੇ। ਗੁਰੂ ਗੋਬਿੰਦ ਸਿੰਘ ਜੀ ਕੋਟਲਾ ਨਿਹੰਗ ਤੋਂ ਸਿੰਘਾਂ ਸਮੇਤ ਚੱਲ ਕੇ 07 ਦਸੰਬਰ 1705 ਦੀ ਸਵੇਰ ਸ੍ਰੀ ਚਮਕੌਰ ਸਾਹਿਬ ਵਿਚ ਭਾਈ ਬੁੱਧੀ ਚੰਦ ਰਾਵਤ ਦੀ ਗੜ੍ਹੀ ਅੰਦਰ ਆ ਗਏ। ਇੱਥੇ ਹੋਈ ਭਿਆਨਕ ਅਤੇ ਅਸਾਵੀਂ ਜੰਗ ਵਿਚ ਸਿੱਖਾਂ ਨੇ ਅਦੁੱਤੀ ਅਤੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ। ਗੁਰੂ ਸਾਹਿਬ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜੇ, ਤਾਂ ਕਿ ਦੁਸ਼ਮਣ ਦੀ ਫ਼ੌਜ ਨੂੰ ਭੁਲੇਖਾ ਰਹੇ ਕਿ ਅੰਦਰ ਬਹੁਤ ਵੱਡੀ ਫ਼ੌਜ ਹੈ। ਸ਼ਾਮ ਤੱਕ ਚੱਲੀ ਇਸ ਲੜਾਈ ਦੌਰਾਨ ਗੁਰੂ ਜੀ ਦੇ ਦੋ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ 38 ਸਿੰਘ ਸ਼ਹੀਦ ਹੋ ਚੁੱਕੇ ਸਨ। ਹੁਣ ਰਾਤ ਵੇਲੇ ਗੁਰੂ ਜੀ ਦੇ ਨਾਲ ਗੜ੍ਹੀ ਵਿਚ ਦੋ ਪਿਆਰਿਆਂ ਸਮੇਤ ਪੰਜ ਸਿੰਘ ਰਹਿ ਗਏ ਸਨ। ਇਨ੍ਹਾਂ ਸਿੰਘਾਂ ਨੇ ਪੰਚ ਪ੍ਰਧਾਨੀ ਖ਼ਾਲਸਾ ਦੇ ਸਿਧਾਂਤ ਅਨੁਸਾਰ ਗੁਰੂ ਜੀ ਨੂੰ ਹੁਕਮ ਕੀਤਾ ਕਿ ਉਹ ਆਪਣੇ-ਆਪ ਨੂੰ ਬਚਾ ਕੇ ਗੜ੍ਹੀ ਵਿਚੋਂ ਨਿਕਲ ਜਾਣ, ਤਾਂ ਜੋ ਖ਼ਾਲਸਾ ਪੰਥ ਦੀ ਅਗਵਾਈ ਜਾਰੀ ਰੱਖੀ ਜਾ ਸਕੇ। ਗੁਰੂ ਜੀ ਖ਼ਾਲਸੇ ਦੇ ਹੁਕਮ ਨੂੰ ਮੰਨਦੇ ਹੋਏ ਪੰਜ ਸਿੰਘਾਂ ਸਮੇਤ ਗੜ੍ਹੀ ਨੂੰ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ। 08 ਦਸੰਬਰ ਦੀ ਸਵੇਰ ਨੂੰ ਭਾਈ ਸੰਤ ਸਿੰਘ ਬੰਗੇਸ਼ਰੀ ਅਤੇ ਭਾਈ ਸੰਗਤ ਸਿੰਘ ਅਰੋੜਾ ਨੇ ਮੁਗ਼ਲਾਂ ਨਾਲ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ। ਚਮਕੌਰ ਸਾਹਿਬ ਦੀ ਲੜਾਈ ਦੁਨੀਆਂ ਦੇ ਇਤਿਹਾਸ ਦੀ ਇਕ ਬੇਮਿਸਾਲ ਜੰਗ ਹੈ, ਜਿੱਥੇ ਮੁੱਠੀ ਭਰ ਸਿੰਘਾਂ ਨੇ ਲੱਖਾਂ ਦੀ ਫ਼ੌਜ ਨਾਲ ਮੁਕਾਬਲਾ ਕੀਤਾ।

-ਪਿੰਡ ਰਸੂਲਪੁਰ, ਡਾਕ: ਮੋਰਿੰਡਾ, ਜ਼ਿਲ੍ਹਾ ਰੂਪਨਗਰ।
ਮੋਬਾਇਲ- 94173-70699

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸ਼ਹਾਦਤ, ਸੰਦੇਸ਼ ਅਤੇ ਪ੍ਰਭਾਵ ਅਗਲੀ ਖ਼ਬਰ Var
Ad Position 24