ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨਾਲ ਜਿਹੜੇ ਯੁੱਧ ਕੀਤੇ, ਉਹ ਧਰਮ, ਨਿਆਂ ਅਤੇ ਸਦਾਚਾਰ ਦੀ ਭਾਵਨਾ ਪੈਦਾ ਕਰਨ ਵਾਲੇ ਸਨ। ਇਨ੍ਹਾਂ ਯੁੱਧਾਂ ਦੌਰਾਨ ਗੁਰੂ ਜੀ ਵਲੋਂ ਸਾਜੇ ਗਏ ਖ਼ਾਲਸਾ ਪੰਥ ਦਾ ਭਾਰੀ ਨੁਕਸਾਨ ਹੋਇਆ, ਅਨੰਦਪੁਰ ਛੱਡਣਾ ਪਿਆ, ਲਿਖਤਾਂ ਦੇ ਰੂਪ ਵਿਚ ਕੀਮਤੀ ਖ਼ਜ਼ਾਨਾ ਜਲ-ਪ੍ਰਵਾਹ ਹੋ ਗਿਆ, ਪਰਿਵਾਰ ਦੀਆਂ ਸ਼ਹਾਦਤਾਂ ਹੋਈਆਂ ਪਰ ਇਹ ਸਮੂਹ ਘਟਨਾਵਾਂ ਉਨ੍ਹਾਂ ਦੇ ਦੈਵੀ ਮਿਸ਼ਨ ਨੂੰ ਪ੍ਰਭਾਵਿਤ ਨਾ ਕਰ ਸਕੀਆਂ। ਇਨ੍ਹਾਂ ਯੁੱਧਾਂ ਦੌਰਾਨ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਚਮਕੌਰ ਦੀ ਗੜ੍ਹੀ ਵਿਚ ਵੈਰੀਆਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਹ ਸ਼ਹੀਦੀਆਂ ਗੁਰੂ ਜੀ ਦੀ ਆਗਿਆ ਅਨੁਸਾਰ ਹੋਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ ਕਿ ਸਾਹਿਬਜ਼ਾਦੇ ਧਰਮ ਦੇ ਮਾਰਗ 'ਤੇ ਚਲਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਹਨ।
ਇਸ ਸਮੁੱਚੇ ਘਟਨਾਕ੍ਰਮ ਦੌਰਾਨ ਜਿਹੜੀ ਸਭ ਤੋਂ ਵਧੇਰੇ ਅਨਿਆਂਪੂਰਨ ਘਟਨਾ ਸਾਹਮਣੇ ਆਈ, ਉਹ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੀ ਜਿਹੜੇ ਕਿ ਵੈਰੀ ਦੀਆਂ ਫ਼ੌਜਾਂ ਦਾ ਸਰੀਰਕ ਤੌਰ 'ਤੇ ਮੁਕਾਬਲਾ ਕਰਨ ਤੋਂ ਤਾਂ ਭਾਵੇਂ ਅਸਮਰੱਥ ਸਨ ਪਰ ਆਤਮਿਕ ਅਤੇ ਮਾਨਸਿਕ ਤੌਰ 'ਤੇ ਇੰਨੀ ਚੜ੍ਹਦੀ ਕਲਾ ਵਿਚ ਸਨ ਕਿ ਸ਼ਾਹੀ ਜੀਵਨ ਬਸਰ ਕਰਨ ਲਈ ਦਿੱਤੇ ਗਏ ਲਾਲਚ ਵੀ ਉਨ੍ਹਾਂ ਦਾ ਮਨ ਬਦਲਣ ਵਿਚ ਸਫ਼ਲ ਨਾ ਹੋ ਸਕੇ ਅਤੇ ਅਖੀਰ ਆਪਣੀ ਸ਼ਹਾਦਤ ਦੇ ਕੇ ਧਰਮ ਦਾ ਮਾਰਗ ਦ੍ਰਿੜ ਕਰਵਾ ਗਏ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਿੱਖਾਂ ਅਤੇ ਧਰਮ ਦੀ ਭਾਵਨਾ ਰੱਖਣ ਵਾਲੇ ਸਮੂਹ ਲੋਕਾਂ ਦੇ ਮਨ 'ਤੇ ਬਹੁਤ ਗਹਿਰਾ ਪ੍ਰਭਾਵ ਪਿਆ। ਉਹ ਇਹ ਵਿਚਾਰ ਰੱਖਦੇ ਸਨ ਕਿ ਏਨੀ ਛੋਟੀ ਉਮਰ ਦੇ ਬੱਚਿਆਂ ਨੂੰ ਸ਼ਹੀਦ ਕਰ ਦੇਣਾ ਕੋਈ ਸੂਰਬੀਰਤਾ ਨਹੀਂ ਹੈ। ਇਸ ਦੀ ਸਪੱਸ਼ਟ ਮਿਸਾਲ ਮਲੇਰਕੋਟਲਾ ਦੇ ਨਵਾਬ ਰਾਹੀਂ ਸਾਹਮਣੇ ਆਈ ਜਿਸ ਨੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਕਹਿਣ ਦੇ ਬਾਵਜੂਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਇਸ ਗੱਲ ਕਰਕੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਦੁੱਧ ਪੀਂਦੇ ਬੱਚਿਆਂ ਨੂੰ ਮਾਰਨਾ ਇਸਲਾਮ ਦੀ ਸਿੱਖਿਆ ਦੇ ਵਿਰੁੱਧ ਸੀ। ਦੂਜੇ ਪਾਸੇ ਹਾਕਮਾਂ ਦੀਆਂ ਨਜ਼ਰਾਂ ਵਿਚ ਰਾਜ ਦੇ ਖ਼ੈਰ-ਖੁਆਹ ਬਣਦੇ ਹੋਏ ਸੁੱਚਾ ਨੰਦ ਨੇ ਇਹ ਕਹਿ ਕੇ ਨਵਾਬ ਨੂੰ ਪ੍ਰਭਾਵਿਤ ਕੀਤਾ ਕਿ ਸੱਪ ਦੇ ਬੱਚਿਆਂ ਨੂੰ ਮਾਰ ਦੇਣਾ ਹੀ ਯੋਗ ਹੈ, ਨਹੀਂ ਤਾਂ ਵੱਡੇ ਹੋ ਕੇ ਇਹ ਰਾਜ ਲਈ ਖ਼ਤਰਾ ਖੜ੍ਹਾ ਕਰ ਸਕਦੇ ਹਨ। ਸੁੱਚਾ ਨੰਦ ਦੀ ਇਹ ਦਲੀਲ ਨਵਾਬ ਨੂੰ ਪਸੰਦ ਆਈ ਅਤੇ ਉਸ ਨੇ ਕਾਜ਼ੀ ਤੋਂ ਫ਼ਤਵਾ ਲੈ ਕੇ ਦੋਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ।
ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਲੰਮਾ ਜੱਟਪੁਰਾ ਪਿੰਡ ਵਿਖੇ ਮਿਲੀ ਸੀ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਗੁਰੂ ਜੀ ਇਸ ਪਿੰਡ ਵਿਖੇ ਪੁੱਜੇ ਸਨ ਜਿਹੜਾ ਕਿ ਰਾਏਕੋਟ ਦੇ ਚੌਧਰੀ ਰਾਇ ਕੱਲ੍ਹਾ ਦੇ ਇਲਾਕੇ ਵਿਚ ਪੈਂਦਾ ਸੀ। ਭਾਵੇਂ ਕਿ ਇਹ ਪਰਿਵਾਰ ਹਿੰਦੂ ਧਰਮ ਤੋਂ ਇਸਲਾਮ ਧਰਮ ਵਿਚ ਤਬਦੀਲ ਹੋ ਗਿਆ ਸੀ ਪਰ ਗੁਰੂ ਸਾਹਿਬਾਨ ਪ੍ਰਤੀ ਬਹੁਤ ਸ਼ਰਧਾ ਰੱਖਦਾ ਸੀ। ਮਾਲਵੇ ਦੀ ਯਾਤਰਾ ਦੌਰਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੀ ਇੱਥੇ ਆਏ ਸਨ ਅਤੇ ਜੱਟਪੁਰਾ ਪਿੰਡ ਵਿਖੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਸ਼ੋਭਿਤ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਪੁੱਜੇ ਤਾਂ ਰਾਇ ਕੱਲ੍ਹਾ ਆਪ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹੋਏ ਅਤੇ ਇਸ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਖ਼ਬਰ ਲਿਆਉਣ ਲਈ ਆਪਣਾ ਇਕ ਸੇਵਕ ਨੂਰਾ ਮਾਹੀ ਸਰਹਿੰਦ ਭੇਜਿਆ ਸੀ। ਇਸ ਨੇ ਵਾਪਸ ਆ ਕੇ ਜਿਹੜੀ ਸੂਚਨਾ ਦਿੱਤੀ ਉਹ ਹਿਰਦਿਆਂ ਨੂੰ ਝੰਜੋੜ ਦੇਣ ਵਾਲੀ ਸੀ। ਜਦੋਂ ਇਸ ਨੇ ਦੱਸਿਆ ਕਿ ਕਿਵੇਂ ਸਰਹਿੰਦ ਦੇ ਨਵਾਬ ਨੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਹੈ ਤਾਂ ਸਭਨਾਂ ਦੇ ਚਿਹਰੇ ਉਦਾਸ ਹੋ ਗਏ ਸਨ ਪਰ ਗੁਰੂ ਜੀ ਨੇ ਅਡੋਲ ਰਹਿੰਦੇ ਹੋਏ ਕਿਹਾ ਕਿ ਮੇਰੇ ਪੁੱਤਰ ਅਮਰ ਹਨ; ਉਨ੍ਹਾਂ ਨੇ ਧਰਮ ਦਾ ਸੌਦਾ ਨਹੀਂ ਕੀਤਾ। ਉਨ੍ਹਾਂ ਨੇ ਤੀਰ ਦੀ ਨੋਕ ਨਾਲ ਇਕ ਬੂਟਾ ਪੁੱਟਦੇ ਹੋਏ ਬਚਨ ਕੀਤਾ ਕਿ ਜ਼ੁਲਮ ਨੂੰ ਇਸ ਤਰ੍ਹਾਂ ਜੜ੍ਹ ਤੋਂ ਪੁੱਟ ਦਿੱਤਾ ਜਾਵੇਗਾ।
ਸਰਹਿੰਦ ਵਿਖੇ ਹੋਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਹਿਜ ਪੈਦਾ ਕਰਨ ਵਾਲੀ ਨਹੀਂ ਸੀ। ਇਹ ਅਜਿਹੀ ਘਟਨਾ ਸੀ ਜਿਸ ਨੇ ਸਭ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਇਸ ਅਨਿਆਂ ਨੂੰ ਕਿਵੇਂ ਰੋਕਿਆ ਜਾਵੇ। ਗੁਰੂ ਜੀ ਜਾਣਦੇ ਸਨ ਕਿ ਅਨਿਆਂ ਕਰਨ ਵਾਲੇ ਨੂੰ ਧਰਮ ਦੀ ਭਾਵਨਾ ਅਤੇ ਦ੍ਰਿੜ੍ਹਤਾ ਹੀ ਰੋਕ ਸਕਦੀ ਹੈ ਅਤੇ ਸਦਾਚਾਰ ਦੀ ਭਾਵਨਾ ਤੋਂ ਮੁਕਤ ਹੋ ਕੇ ਆਮ ਜਨਤਾ 'ਤੇ ਜਬਰ ਅਤੇ ਜ਼ੁਲਮ ਕਰਨ ਦਾ ਆਦੇਸ਼ ਕਰਨ ਵਾਲਾ ਬਾਦਸ਼ਾਹ ਔਰੰਗਜ਼ੇਬ ਦੱਖਣ ਵਿਚ ਮੌਜੂਦ ਹੈ। ਉਸ ਨੇ ਆਪਣੀ ਬਿਰਤੀ ਅਨੁਸਾਰ ਹੀ ਸੂਬੇਦਾਰ, ਫ਼ੌਜਦਾਰ ਅਤੇ ਅਹਿਲਕਾਰ ਨਿਯੁਕਤ ਕੀਤੇ ਜਿਹੜੇ ਕਿ ਆਮ ਲੋਕਾਂ 'ਤੇ ਜ਼ੁਲਮ ਕਰ ਰਹੇ ਸਨ। ਸਮੂਹ ਜ਼ੁਲਮਾਂ ਦਾ ਕੇਂਦਰ ਬਾਦਸ਼ਾਹ ਆਪ ਹੈ ਅਤੇ ਉਸ ਨੂੰ ਧਰਮ ਦੇ ਮਾਰਗ 'ਤੇ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਮ ਲੋਕਾਂ ਨੂੰ ਜ਼ੁਲਮ ਤੋਂ ਨਿਜਾਤ ਦਿਵਾਈ ਜਾ ਸਕੇ। ਬਾਦਸ਼ਾਹ ਔਰੰਗਜ਼ੇਬ ਨੂੰ ਧਰਮ ਦਾ ਮਾਰਗ ਦ੍ਰਿੜ ਕਰਾਉਣ ਲਈ ਗੁਰੂ ਜੀ ਨੇ ਜ਼ਫ਼ਰਨਾਮੇ ਦਾ ਸਹਾਰਾ ਲਿਆ ਜਿਸ ਦਾ ਹਰ ਇਕ ਸ਼ਬਦ ਧਰਮ ਅਤੇ ਸਦਾਚਾਰ ਦੀ ਵਿਆਖਿਆ ਕਰਨ ਵਾਲਾ ਹੈ। ਗੁਰੂ ਜੀ ਧਰਮ ਦੇ ਮਾਰਗ ਤੋਂ ਭਟਕ ਜਾਣ ਵਾਲੇ ਬਾਦਸ਼ਾਹ ਨੂੰ ਸੱਚਾ ਮੁਸਲਮਾਨ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਅਖੀਰ ਅੱਲ੍ਹਾ ਦੀ ਦਰਗਾਹ ਵਿਚ ਫ਼ੈਸਲਾ ਹੋਣਾ ਹੈ।
ਜ਼ਫ਼ਰਨਾਮੇ ਵਿਚ ਗੁਰੂ ਜੀ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਇਹ ਸਮਝਣਾ ਬਹੁਤ ਵੱਡੀ ਭੁੱਲ ਹੈ ਕਿ ਮੇਰੇ ਚਾਰ ਪੁੱਤਰਾਂ ਨੂੰ ਸ਼ਹੀਦ ਕਰ ਕੇ ਤੂੰ ਇਹ ਯੁੱਧ ਜਿੱਤ ਲਿਆ ਹੈ। ਇਹ ਯੁੱਧ ਤਾਂ ਨਿਰੰਤਰ ਚੱਲਣ ਵਾਲਾ ਹੈ, ਖ਼ਾਲਸਾ ਪੰਥ ਦੇ ਰੂਪ ਵਿਚ ਸਾਜਿਆ ਗਿਆ ਨਾਦੀ ਪੁੱਤਰ ਜਬਰ ਅਤੇ ਜ਼ੁਲਮ ਵਿਰੁੱਧ ਸਦੀਵੀ ਤੌਰ 'ਤੇ ਸੰਘਰਸ਼ ਕਰਦਾ ਰਹੇਗਾ। ਗੁਰੂ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਅਨੰਦਪੁਰ ਦੀ ਸੋਚ ਹਮੇਸ਼ਾ ਲਈ ਜੀਵਤ ਹੋ ਗਈ ਸੀ ਜਿਸ ਨੇ ਉਨ੍ਹਾਂ ਤੋਂ ਬਾਅਦ ਇਸ ਖਿੱਤੇ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਪ੍ਰਸ਼ਨ ਸਭ ਤੋਂ ਪਹਿਲਾਂ ਦਮਦਮਾ ਸਾਹਿਬ ਵਿਖੇ ਸਾਹਮਣੇ ਆਇਆ ਜਦੋਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਦਿੱਲੀ ਤੋਂ ਇੱਥੇ ਪੁੱਜਣ ਉਪਰੰਤ ਗੁਰੂ ਜੀ ਤੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਖ਼ਾਲਸੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ :
ਇਨ ਪੁਤਰਨ ਕੇ ਸੀਸ ਪੇ
ਵਾਰ ਦੀਏ ਸੁਤ ਚਾਰ,
ਚਾਰ ਮੂਏ ਤੋ ਕਿਆ ਭਇਆ
ਏ ਜੀਵਤ ਕਈ ਹਜ਼ਾਰ।
ਜ਼ਫ਼ਰਨਾਮੇ ਅਤੇ ਦਮਦਮਾ ਸਾਹਿਬ ਦੀਆਂ ਗਵਾਹੀਆਂ ਦੱਸਦੀਆਂ ਹਨ ਕਿ ਗੁਰੂ ਜੀ ਅਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਸਮੁੱਚੀ ਲੋਕਾਈ ਨੂੰ ਜੀਵਨ ਦੀ ਨਾਸ਼ਮਾਨਤਾ ਅਤੇ ਸੱਚੇ ਧਰਮ ਦੀ ਸਦੀਵੀ ਹੋਂਦ ਦਾ ਸੁਨੇਹਾ ਦਿੰਦੇ ਹੋਏ ਉਨ੍ਹਾਂ ਨੂੰ ਸੰਕਟ ਦੀ ਹਰ ਘੜੀ ਸਮੇਂ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰੇਰਨਾ ਕਰਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਮਨ ਵਿਚ ਅਜਿਹੀ ਚਿਣਗ ਪੈਦਾ ਕਰ ਦਿੱਤੀ ਜਿਹੜੀ ਕਿ ਜੰਗ ਦੇ ਮੈਦਾਨ ਵਿਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਸੀ। ਧਰਮ ਦੇ ਮਾਰਗ 'ਤੇ ਚੱਲਣ ਵਾਲਾ ਇਹ ਸੰਘਰਸ਼ ਹਰ ਇਕ ਬੱਚੇ, ਨੌਜਵਾਨ ਅਤੇ ਬਜ਼ੁਰਗ ਲਈ ਪ੍ਰੇਰਨਾ-ਸਰੋਤ ਹੈ। ਇਸ ਵਿਚ ਲਗਭਗ 6 ਸਾਲ ਦੇ ਸਾਹਿਬਜ਼ਾਦਾ ਫ਼ਤਹਿ ਸਿੰਘ ਤੋਂ ਲੈ ਕੇ 80 ਸਾਲ ਤੋਂ ਉਪਰ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਸ਼ਾਮਿਲ ਹਨ। ਇਹ ਯੁੱਧ ਅਨੰਦਪੁਰ, ਚਮਕੌਰ ਅਤੇ ਸਰਹਿੰਦ ਦੀਆਂ ਸ਼ਹਾਦਤਾਂ ਨਾਲ ਹੀ ਸਮਾਪਤ ਨਹੀਂ ਹੋਇਆ ਬਲਕਿ ਇਸ ਨੇ ਚਮਕੌਰ ਦੇ ਯੁੱਧ ਵਿਚੋਂ ਗੁਰੂ ਜੀ ਦੇ ਬਚ ਨਿਕਲਣ ਵਾਂਗ ਧਰਮ ਦੀ ਇਕ ਅਜਿਹੀ ਰੌਸ਼ਨੀ ਪ੍ਰਦਾਨ ਕੀਤੀ ਹੈ ਜਿਹੜੀ ਕਿ ਇਹ ਸੰਦੇਸ਼ ਦਿੰਦੀ ਹੈ ਕਿ ਬੁਰਾਈ ਤਾਕਤਵਰ ਹੋ ਸਕਦੀ ਹੈ ਪਰ ਸੱਚਾਈ ਨੂੰ ਕਾਬੂ ਕਰਨ ਤੋਂ ਅਸਮਰੱਥ ਹੈ। ਧਰਮ ਦੀ ਭਾਵਨਾ ਪੈਦਾ ਹੋਣ 'ਤੇ ਹੀ ਖਿਦਰਾਣੇ (ਮੁਕਤਸਰ) ਦੀ ਜੰਗ ਵਿਚ ਉਹ ਸੂਰਮੇ ਵਾਪਸ ਆ ਗਏ ਸਨ ਜਿਹੜੇ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਗਏ ਸਨ ਅਤੇ ਉਨ੍ਹਾਂ ਨੇ ਸ਼ਹਾਦਤਾਂ ਦੇ ਕੇ ਸਰਹਿੰਦ ਦੀਆਂ ਫ਼ੌਜਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਤੋਂ ਅੱਗੇ ਤਲਵੰਡੀ ਸਾਬੋ ਵਿਖੇ ਡੇਰੇ ਲਾ ਲਏ ਸਨ। ਇਸ ਅਸਥਾਨ ਨੂੰ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਗੁਰੂ ਜੀ ਨੇ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਸੀ ਅਤੇ ਇੱਥੇ ਹੀ ਵੱਡੀ ਗਿਣਤੀ ਵਿਚ ਸੰਗਤ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਉਣ ਲੱਗੀ ਸੀ। ਧਰਮ ਦੀ ਭਾਵਨਾ ਰੱਖਣ ਵਾਲੇ ਹਕੂਮਤ ਦੇ ਚੌਧਰੀ ਵੀ ਗੁਰੂ ਜੀ ਦੇ ਸ਼ਰਧਾਲੂ ਹੋ ਗਏ ਸਨ। ਭਾਵੇਂ ਕਿ ਉਹ ਖੁੱਲ੍ਹ ਕੇ ਹਕੂਮਤ ਵਿਰੁੱਧ ਕੁਝ ਵੀ ਬੋਲ ਨਹੀਂ ਰਹੇ ਸਨ ਪਰ ਫਿਰ ਵੀ ਗੁਰੂ ਜੀ ਪ੍ਰਤੀ ਮਨ ਵਿਚ ਪੈਦਾ ਹੋਈ ਸ਼ਰਧਾ ਅਤੇ ਭਾਵਨਾ ਉਨ੍ਹਾਂ ਨੂੰ ਤਲਵੰਡੀ ਸਾਬੋ ਵੱਲ ਲੈ ਜਾਂਦੀ ਸੀ। ਦਮਦਮਾ ਸਾਹਿਬ ਵਿਖੇ ਸੰਗਤ ਦੀ ਵਧਦੀ ਗਿਣਤੀ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਹਕੂਮਤ ਨੇ ਗੁਰੂ ਜੀ, ਉਨ੍ਹਾਂ ਦੇ ਪਰਿਵਾਰ ਅਤੇ ਸਿੱਖਾਂ ਪ੍ਰਤੀ ਜਿਸ ਤਰ੍ਹਾਂ ਦੀ ਦਮਨਕਾਰੀ ਨੀਤੀ ਅਪਣਾਈ ਹੋਈ ਸੀ, ਆਮ ਲੋਕ ਉਸ ਤੋਂ ਖੁਸ਼ ਨਹੀਂ ਹਨ। ਗੁਰੂ ਜੀ ਆਮ ਲੋਕਾਂ ਨੂੰ ਧਰਮ ਦੇ ਮਾਰਗ 'ਤੇ ਚੱਲਣ ਅਤੇ ਸਦਾਚਾਰ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਹੀ ਸਵੈਮਾਨ ਕਾਇਮ ਰੱਖਣ ਲਈ ਸ਼ਸਤਰ ਵਿੱਦਿਆ 'ਤੇ ਵੀ ਜ਼ੋਰ ਦਿੰਦੇ ਸਨ।
ਦਮਦਮਾ ਸਾਹਿਬ ਤੋਂ ਗੁਰੂ ਜੀ ਨਾਂਦੇੜ ਵੱਲ ਚੱਲ ਗਏ ਸਨ ਤਾਂ ਕਿ ਬਾਦਸ਼ਾਹ ਔਰੰਗਜ਼ੇਬ ਨਾਲ ਗੱਲ ਹੋ ਸਕੇ ਅਤੇ ਉਸ ਦੇ ਆਦੇਸ਼ ਅਨੁਸਾਰ ਪੰਜਾਬ ਦੇ ਲੋਕਾਂ 'ਤੇ ਕੀਤਾ ਜਾ ਰਿਹਾ ਜਬਰ ਅਤੇ ਜ਼ੁਲਮ ਰੋਕਿਆ ਜਾ ਸਕੇ। ਗੁਰੂ ਜੀ ਹਾਲੇ ਰਾਜਸਥਾਨ ਦੇ ਬਘੌਰ ਨਗਰ ਵਿਖੇ ਹੀ ਪਹੁੰਚੇ ਸਨ ਕਿ ਉਨ੍ਹਾਂ ਨੂੰ ਬਾਦਸ਼ਾਹ ਦੀ ਮੌਤ ਦੀ ਖ਼ਬਰ ਮਿਲ ਗਈ ਅਤੇ ਉਹ ਸ਼ਾਹਜਹਾਨਾਬਾਦ (ਦਿੱਲੀ) ਆ ਗਏ। ਇੱਥੇ ਉਨ੍ਹਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੀ ਸਹਾਇਤਾ ਕਰ ਕੇ ਉਸ ਨੂੰ ਦਿੱਲੀ ਦੇ ਤਖ਼ਤ 'ਤੇ ਬੈਠਣ ਵਿਚ ਸਹਾਇਤਾ ਕੀਤੀ ਸੀ। ਗੁਰੂ ਜੀ ਚਾਹੁੰਦੇ ਸਨ ਕਿ ਬਹਾਦਰ ਸ਼ਾਹ ਪੰਜਾਬ ਵਿਚ ਜ਼ੁਲਮ ਕਰ ਰਹੇ ਹਕੂਮਤ ਦੇ ਅਹਿਲਕਾਰਾਂ ਨੂੰ ਰੋਕੇ ਅਤੇ ਸਜ਼ਾਵਾਂ ਦੇਵੇ ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਬਾਦਸ਼ਾਹ ਇਹ ਕਾਰਜ ਕਰਨ ਤੋਂ ਕਿਨਾਰਾ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਇਸ ਕਾਰਜ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਅਤੇ ਥੋੜ੍ਹੇ ਜਿਹੇ ਸਿੱਖਾਂ ਨਾਲ ਪੰਜਾਬ ਪੁੱਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਗੁਰੂ ਜੀ ਦਾ ਸੁਨੇਹਾ ਆਮ ਲੋਕਾਂ ਤੱਕ ਪਹੁੰਚਾਇਆ ਤਾਂ ਵੱਡੀ ਗਿਣਤੀ ਵਿਚ ਸਿੱਖ ਉਸ ਕੋਲ ਆ ਗਏ ਸਨ ਜਿਨ੍ਹਾਂ ਨੇ ਇਕ ਨਿਸ਼ਾਨ ਹੇਠਾਂ ਇਕੱਠੇ ਹੋ ਕੇ ਸਰਹਿੰਦ ਨੂੰ ਫ਼ਤਹਿ ਕਰ ਲਿਆ ਸੀ। ਇਸ ਯੁੱਧ ਵਿਚ ਸਿੱਖਾਂ ਤੋਂ ਇਲਾਵਾ ਬਹੁਤ ਸਾਰੇ ਉਹ ਲੋਕ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਹਕੂਮਤ ਵਿਰੁੱਧ ਪੈਦਾ ਹੋਈ ਗੁੱਸੇ ਅਤੇ ਰੋਸ ਦੀ ਲਹਿਰ ਨੇ ਆਪਸ ਵਿਚ ਜੋੜ ਦਿੱਤਾ ਸੀ। ਭਾਵੇਂ ਕਿ ਸਰਹਿੰਦ ਦੀ ਜਿੱਤ ਨੂੰ ਇਕ ਵੱਡੀ ਪ੍ਰਾਪਤੀ ਸਮਝਿਆ ਜਾ ਰਿਹਾ ਸੀ ਪਰ ਇਸ ਤੋਂ ਬਾਅਦ ਵੀ ਜਬਰ, ਜ਼ੁਲਮ, ਅਨਿਆਂ, ਲੁੱਟ-ਖਸੁੱਟ ਅਤੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦਾ ਸਿਲਸਿਲਾ ਨਿਰੰਤਰ ਚੱਲਦਾ ਰਿਹਾ ਅਤੇ ਸਮਾਂ ਪਾ ਕੇ ਇਕ ਵੱਡੀ ਲਹਿਰ ਦੇ ਰੂਪ ਵਿਚ ਸਾਹਮਣੇ ਆਇਆ ਜਿਸ ਨੇ ਬਾਹਰੀ ਹਮਲਾਵਰਾਂ ਨੂੰ ਰੋਕਣ ਦੀ ਸਮਰੱਥਾ ਵੀ ਪੈਦਾ ਕਰ ਦਿੱਤੀ ਸੀ। ਭਾਵੇਂ ਕਿ ਇਸ ਕਾਰਜ ਵਿਚ ਬਹੁਤ ਸਾਰੀਆਂ ਸ਼ਹਾਦਤਾਂ ਹੋ ਰਹੀਆਂ ਸਨ ਪਰ ਧਰਮ ਦੀ ਭਾਵਨਾ ਅਨੁਸਾਰ ਸ਼ਹੀਦ ਹੋਣ ਵਾਲੇ ਵੀ ਦਿਨੋ-ਦਿਨ ਵਧਦੇ ਜਾ ਰਹੇ ਸਨ।
-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।