14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਤੇਰਾ ਸਵਾਗਤ ਹੈ ਵਿਨੇਸ਼ ਫੋਗਾਟ

Ad Position 21
No active advertisement
ਅਜੀਤ ਡੈਸਕ 21-12-2025

ਸਵਾਗਤ ਹੈ ਵਿਨੇਸ਼ ਫੋਗਾਟ! ਤੂੰ ਭਾਰਤ ਦੇ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੀ ਉੱਤਰਨ ਲਈ ਮੁੜ ਹੌਸਲਾ ਕੀਤਾ ਹੈ, ਦਲੇਰੀ ਵਿਖਾਈ ਹੈ, ਤੂੰ ਕਿਹਾ ਹੈ ਕਿ 'ਅੱਗ ਕਦੇ ਖ਼ਤਮ ਨਹੀਂ ਹੁੰਦੀ'। ਭਾਰਤ ਦੇ ਲੋਕ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣਗੇ ਅਤੇ ਇਸ ਭਖ਼ਦੀ ਅੱਗ ਨੂੰ ਜਵਾਲਾਮੁਖੀ ਬਣਾਉਣ ਲਈ ਫੂਕਾਂ ਮਾਰ ਮਾਰ ਕੇ ਆਕਸੀਜਨ ਦਿੰਦੇ ਰਹਿਣਗੇ। ਤੇਰੀ ਮਿਹਨਤ ਅਤੇ ਭਾਰਤੀ ਲੋਕਾਂ ਦਾ ਸਾਥ ਰੂਪੀ ਹੌਸਲਾ ਜ਼ਰੂਰ ਰੰਗ ਲਿਆਵੇਗਾ। ਮੁੜ ਮੈਟ 'ਤੇ ਆਉਣ ਲਈ ਜੀ ਆਇਆਂ।
ਬੀਬਾ ਵਿਨੇਸ਼ ਜਦੋਂ ਤੈਨੂੰ ਪਿਛਲੇ ਸਾਲ ਉਲੰਪਿਕ ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ, ਭਾਰਤ ਦੇ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਸੱਟ ਵੱਜੀ ਸੀ, ਕਿਉਂਕਿ ਤੇਰੇ ਨਾਲ ਇਕ ਸਾਜਿਸ਼ ਤਹਿਤ ਕਥਿਤ ਧੋਖਾ ਹੋਇਆ ਸੀ। ਆਮ ਲੋਕ ਉਸ ਸਮੇਂ ਤੇਰੇ ਨਾਲ ਡਟ ਕੇ ਖੜ੍ਹ ਗਏ ਸਨ ਅਤੇ ਉਨ੍ਹਾਂ ਕਿਹਾ ਸੀ, 'ਵਿਨੇਸ਼ ਫੋਗਾਟ ਤੂੰ ਹਾਰੀ ਨਹੀਂ, ਤੂੰ ਜੇਤੂ ਹੈਂ! ਤੂੰ ਕਰੋੜਾਂ ਭਾਰਤੀਆਂ ਦਾ ਦਿਲ ਜਿੱਤਿਆ ਹੈ, ਤੂੰ ਉਨ੍ਹਾਂ ਦੇ ਹਿਰਦਿਆਂ ਵਿਚ ਵਸ ਗਈ ਐਂ, ਤੇਰੇ 'ਤੇ ਭਾਰਤੀਆਂ ਨੂੰ ਮਾਣ ਹੈ, ਤੇਰੇ ਨਾਲ ਹੋਏ ਧੋਖੇ ਤੋਂ ਸਭ ਭਲੀ-ਭਾਂਤ ਜਾਣੂ ਹਨ, ਉਲੰਪਿਕ ਦੇ ਇਕ ਤਗਮੇ ਨਾਲੋਂ ਸਮੁੱਚੇ ਭਾਰਤੀਆਂ ਦੇ ਦਿਲਾਂ ਦੇ ਤਗਮੇ ਕਿਤੇ ਭਾਰੀ ਹਨ ਜੋ ਤੂੰ ਜਿੱਤ ਲਏ ਹਨ।' ਇਹ ਸਮੁੱਚੇ ਭਾਰਤੀਆਂ ਦੇ ਦਿਲਾਂ 'ਚੋਂ ਉੱਠੀ ਆਵਾਜ਼ ਸੀ। ਤੂੰ ਕਾਫ਼ੀ ਸਾਲਾਂ ਤੋਂ ਹੌਂਸਲੇ ਨਾਲ ਖੇਡ ਰਹੀ ਸੀ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤ ਚੁੱਕੀ ਸੀ ਅਤੇ ਵਿਸ਼ਵ ਚੈਂਪੀਅਨਾਂ ਵਿੱਚ ਦੋ ਵਾਰ ਕਾਂਸੀ ਦਾ ਤਗਮਾ ਜਿੱਤਿਆ ਸੀ। ਪੈਰਿਸ ਵਿਚ ਹੋ ਰਹੀਆਂ ਉਲੰਪਿਕ ਖੇਡਾਂ 'ਚ ਤੈਥੋਂ ਸੋਨ ਤਗਮਾ ਜਿੱਤਣ ਦੀ ਵੱਡੀ ਆਸ ਸੀ, ਤੂੰ ਇਸ ਨਿਸ਼ਾਨੇ ਦੇ ਬਿਲਕੁੱਲ ਨਜ਼ਦੀਕ ਪਹੁੰਚ ਗਈ ਅਤੇ ਫਾਈਨਲ ਵਿਚ ਪਹੁੰਚਣ ਸਦਕਾ ਦੇਸ਼ ਲਈ ਇਕ ਤਗਮਾ ਪੱਕਾ ਕਰ ਲਿਆ ਸੀ।
ਤੂੰ ਸਾਜਿਸ਼ ਦਾ ਸ਼ਿਕਾਰ ਹੋ ਗਈ ਸੀ। ਜਿੱਤਣ ਤੋਂ ਬਾਅਦ ਤੇਰੇ 'ਤੇ ਦੋਸ਼ ਲਾਇਆ ਗਿਆ ਸੀ ਕਿ ਤੇਰਾ ਭਾਰ ਸੌ ਗਰਾਮ ਵੱਧ ਹੈ। ਇਸ ਦੋਸ਼ ਨਾਲ ਤੈਨੂੰ ਕੇਵਲ ਹਾਰੀ ਹੋਈ ਕਰਾਰ ਨਹੀਂ, ਦਿੱਤਾ ਬਲਕਿ ਕੁਸ਼ਤੀ ਮੁਕਾਬਲੇ ਵਿੱਚੋਂ ਹੀ ਬਾਹਰ ਕਰਦਿਆਂ ਤੇਰੀ ਮਿਹਨਤ ਮਿੱਟੀ ਵਿਚ ਰੋਲ ਦਿੱਤੀ ਗਈ। ਇਸ ਦਾ ਤੈਨੂੰ ਦੁੱਖ ਹੋਣਾ ਸੁਭਾਵਿਕ ਹੀ ਸੀ ਤੇ ਹੋਇਆ ਵੀ। ਪਰ ਇਹ ਦੁੱਖ ਕੇਵਲ ਤੈਨੂੰ ਨਹੀਂ ਸਮੁੱਚੇ ਭਾਰਤ ਵਾਸੀਆਂ ਨੂੰ ਹੋਇਆ ਸੀ। ਸੁਆਲ ਉੱਠਿਆ ਸੀ ਕਿ ਜੇਕਰ ਤੇਰਾ ਭਾਰ ਸੌ ਗਰਾਮ ਵੱਧ ਸੀ ਤਾਂ ਉਲੰਪਿਕ ਐਸੋਸੀਏਸਨ ਨੇ ਪੰਜਾਹ ਕਿਲੋ ਵਜ਼ਨ ਵਿੱਚ ਖੇਡਣ ਦੀ ਇਜਾਜ਼ਤ ਹੀ ਕਿਉਂ ਦਿੱਤੀ? ਖੇਡ ਮੈਦਾਨ ਵਿੱਚ ਉੱਤਰਣ ਹੀ ਕਿਉਂ ਦਿੱਤਾ ਗਿਆ? ਜੇਕਰ ਤੇਰਾ ਭਾਰ ਸਹੀ ਸੀ ਤਾਂ ਫੇਰ ਜਿੱਤਣ ਤੋਂ ਬਾਅਦ ਇਹ ਦੋਸ਼ ਕਿਉਂ ਮੜ੍ਹਿਆ ਗਿਆ? ਇਸ ਤੋਂ ਇਹ ਸਪੱਸ਼ਟ ਹੈ ਕਿ ਤੇਰੇ ਨਾਲ ਧੋਖਾ ਹੋਇਆ ਸੀ, ਜੋ ਕਥਿਤ ਤੌਰ 'ਤੇ ਜਾਣ-ਬੁੱਝ ਕੇ ਕੀਤਾ ਗਿਆ ਸੀ। ਸੈਮੀ ਫਾਈਨਲ ਵਿਚ ਕਿਊਬਾ ਦੀ ਜਿਸ ਪਹਿਲਵਾਨ ਵਾਈ ਗੂਜ਼ਮੈਨ ਲੋਪੇਜ਼ ਨੂੰ ਤੂੰ ਹਰਾ ਦਿੱਤਾ ਸੀ, ਉਸ ਨੂੰ ਫਾਈਨਲ ਮੈਚ ਖੇਡਣ ਲਈ ਮੈਦਾਨ ਵਿਚ ਉਤਾਰਿਆ ਗਿਆ ਤੇ ਉਹ ਅਮਰੀਕਾ ਦੀ ਸਾਰਾ ਏਨ ਹਿਲਡਰਬ੍ਰਾਂਟ ਤੋਂ ਹਾਰ ਗਈ ਹੈ। ਭਾਰਤ ਵਾਸੀਆਂ ਨੂੰ ਉਮੀਦ ਹੀ ਨਹੀਂ ਯਕੀਨ ਹੈ ਕਿ ਜੇਕਰ ਅਜਿਹੀ ਧੋਖੇਬਾਜ਼ੀ ਨਾ ਹੁੰਦੀ ਤਾਂ ਤੂੰ ਸੋਨ ਤਗਮਾ ਹਾਸਲ ਕਰ ਲੈਂਦੀ ਤੇ ਭਾਰਤ ਦਾ ਨਾਂਅ ਹੋਰ ਉੱਚਾ ਹੋ ਜਾਂਦਾ।
ਸਮੁੱਚੇ ਭਾਰਤੀਆਂ ਨੇ ਤੇਰੀ ਸਾਜ਼ਿਸ਼ੀ ਹਾਰ ਨੂੰ ਹਾਰ ਨਾ ਮੰਨਦਿਆਂ ਤੈਨੂੰ ਜੇਤੂ ਕਰਾਰ ਦਿੱਤਾ ਸੀ, ਤੈਨੂੰ ਹੱਥਾਂ 'ਤੇ ਚੁੱਕਦਿਆਂ ਮਾਣ-ਸਨਮਾਨ ਦਿੱਤੇ ਗਏ ਸਨ। ਪਰ ਵਲੂੰਧਰੇ ਹਿਰਦੇ ਸਦਕਾ ਤੂੰ ਖੇਡਾਂ ਤੋਂ ਸੰਨਿਆਸ ਲੈ ਕੇ ਸਿਆਸਤ ਵਿਚ ਸ਼ਾਮਿਲ ਹੋ ਗਈ ਸੀ ਅਤੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਹਲਕਾ ਜੁਲਾਨਾ ਤੋਂ ਵਿਧਾਇਕ ਬਣ ਗਈ ਸੀ। ਸਿਆਸਤ ਇਕ ਵੱਖਰਾ ਖੇਤਰ ਹੈ, ਤੂੰ ਭਾਵੇਂ ਸਿਆਸਤ ਵਿਚ ਸਫ਼ਲ ਹੋ ਗਈ ਪਰ ਲੋਕ ਤੈਨੂੰ ਖਿਡਾਰੀ ਦੇ ਤੌਰ 'ਤੇ ਹੀ ਵੇਖਣਾ ਚਾਹੁੰਦੇ ਸਨ। ਤੂੰ ਹੁਣ ਲੋਕਾਂ ਦੀਆਂ ਉਮੀਦਾਂ ਦੀ ਕਦਰ ਕੀਤੀ ਹੈ, ਹੌਸਲਾ ਇਕੱਠਾ ਕੀਤਾ ਹੈ ਅਤੇ ਖੇਡਾਂ ਤੋਂ ਲਿਆ ਸੰਨਿਆਸ ਵਾਪਸ ਲੈ ਕੇ ਮੁੜ ਖੇਡਾਂ ਦੇ ਖੇਤਰ ਵਿਚ ਪਰਤਦਿਆਂ ਕੁਸ਼ਤੀ ਦੇ ਮੈਟ 'ਤੇ ਕਦਮ ਰੱਖਣ ਦਾ ਫੈਸਲਾ ਕੀਤਾ ਹੈ। ਭਾਰਤੀ ਲੋਕ ਤੇਰੇ ਇਸ ਫੈਸਲੇ ਦਾ ਸੁਆਗਤ ਕਰਦੇ ਹਨ। ਤੂੰ ਕਿਹਾ ਹੈ ਕਿ ਅੱਗ ਕਦੇ ਖ਼ਤਮ ਨਹੀਂ ਹੁੰਦੀ, ਖੇਡ ਪ੍ਰੇਮੀ ਅਤੇ ਭਾਰਤ ਦੇ ਲੋਕ ਇਸ ਅੱਗ ਨੂੰ ਹੌਸਲੇ ਦੀਆਂ ਫੂਕਾਂ ਮਾਰ ਮਾਰ ਕੇ ਤੇਰਾ ਸਹਿਯੋਗ ਕਰਦੇ ਰਹਿਣਗੇ। ਤੈਥੋਂ ਆਸ ਹੈ ਕਿ ਤੂੰ ਸਾਲ 2028 ਵਿਚ ਲਾਸ ਏਂਜਲਜ਼ ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਹੋਰ ਉੱਚਾ ਕਰੇਂਗੀ। ਵੱਡੀ ਆਸ ਨਾਲ ਤੇਰਾ ਮੁੜ ਮੈਟ 'ਤੇ ਆਉਣ ਦਾ ਸੁਆਗਤ ਹੈ।

-ਮੋਬਾਈਲ : 098882 75913

Ad Position 22
No active advertisement
ਪਿਛਲੀ ਖ਼ਬਰ ਅਣਗੌਲਿਆ ਕਬੀਲਾ ਸਿਕਲੀਗਰ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸ਼ਹਾਦਤ, ਸੰਦੇਸ਼ ਅਤੇ ਪ੍ਰਭਾਵ
Ad Position 24