14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਣਗੌਲਿਆ ਕਬੀਲਾ ਸਿਕਲੀਗਰ

Ad Position 21
No active advertisement
ਅਜੀਤ ਡੈਸਕ 21-12-2025

ਪੰਜਾਬੀ ਸਭਿਆਚਾਰ 'ਚ ਅਨੇਕਾਂ ਜਾਤੀਆਂ, ਧਰਮਾਂ, ਨਸਲਾਂ, ਕੌਮਾਂ ਅਤੇ ਕਬੀਲਿਆਂ ਦਾ ਮਿਸ਼ਰਣ ਮਿਲਦਾ ਹੈ। ਪੰਜਾਬੀ ਸੱਭਿਆਚਾਰ 'ਚ ਬਹੁਤ ਸਾਰੇ ਕਬੀਲੇ ਸਮੇਂ-ਸਮੇਂ ਸ਼ਾਮਿਲ ਹੁੰਦੇ ਰਹਿੰਦੇ ਹਨ। ਹੌਲੀ-ਹੌਲੀ ਇਨ੍ਹਾਂ ਕਬੀਲਿਆਂ ਦਾ ਪੰਜਾਬੀ ਸੱਭਿਆਚਾਰ 'ਚ ਸੁਮੇਲ ਹੁੰਦਾ ਗਿਆ। ਵਰਤਮਾਨ ਸਮੇਂ 'ਚ ਬਹੁਤ ਸਾਰੇ ਕਬੀਲੇ ਪੰਜਾਬੀ ਸੱਭਿਆਚਾਰ 'ਚ ਸੰਮਲਿਤ ਹੋ ਚੁੱਕੇ ਹਨ, ਪ੍ਰੰਤੂ ਇਨ੍ਹਾਂ ਕਬੀਲਿਆਂ ਦੇ ਜੀਵਨ ਵਿਵਹਾਰ ਦੇ ਪੈਟਰਨ ਪੰਜਾਬੀ ਸੱਭਿਆਚਾਰ 'ਚ ਵੱਖਰੇ ਹੀ ਪਹਿਚਾਣੇ ਜਾ ਸਕਦੇ ਹਨ। ਪੰਜਾਬੀ ਸੱਭਿਆਚਾਰ ਦੇ ਸੰਦਰਭ 'ਚ ਇਨ੍ਹਾਂ ਕਬੀਲਿਆਂ ਦੀ ਬੜੀ ਅਹਿਮੀਅਤ ਹੈ। ਪੰਜਾਬ 'ਚ ਵਸਣ ਵਾਲੇ ਕਬੀਲੇ ਕਿਸੇ ਨਾ ਕਿਸੇ ਲੋਕ ਸਿਰਜਣਾ ਨਾਲ ਜੁੜੇ ਹੋਏ ਹਨ। ਖੇਤੀਬਾੜੀ ਦੀ ਲੋੜ ਵਜੋਂ ਕੰਮ ਆਉਣ ਵਾਲੇ ਸੰਦਾਂ ਦਾ ਨਿਰਮਾਣ ਕਰਨਾ, ਜਿਵੇਂ ਛੱਜ ਬਣਾਉਣੇ, ਵਾਣ ਵੱਟਣਾ, ਟੋਕਰੀਆਂ ਬਣਾਉਣਾ, ਨਵੇਂ ਦੌਰ 'ਚ ਢੋਲ ਵਜਾਉਣਾ ਆਦਿ ਕਿੱਤੇ ਵੱਖ-ਵੱਖ ਕਬੀਲਿਆਂ ਨਾਲ ਸੰਬੰਧਿਤ ਹਨ। ਪੰਜਾਬੀ ਸੱਭਿਆਚਾਰ 'ਚ ਤਕਰੀਬਨ 30 ਕਬੀਲਿਆਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਪ੍ਰੰਤੂ ਵਰਤਮਾਨ ਸਮੇਂ 'ਚ 8 ਕਬੀਲਿਆਂ ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ। ਪੰਜਾਬ 'ਚ ਵਸਦੇ ਪ੍ਰਮੁੱਖ ਕਬੀਲੇ ਸਾਂਸੀ, ਬਾਜ਼ੀਗਰ, ਬੋਰੀਆਂ, ਗੁੱਜਰ, ਮਿਆਰੀ, ਸ਼ਿਕਾਰ, ਗਾਡੀਲੁਹਾਰ (ਗੱਡੀਆਂ ਵਾਲੇ) ਆਦਿ ਕਬੀਲੇ ਵੱਸੇ ਹੋਏ ਹਨ।
'ਸਿਕਲੀਗਰ' ਸ਼ਬਦ ਫ਼ਾਰਸੀ ਭਾਸ਼ਾ ਦੇ 'ਸਕਲਗਰ' ਦਾ ਪੰਜਾਬੀ ਰੂਪਾਂਤਰ ਹੈ, ਜਿਸ ਦਾ ਅਰਥ ਹੈ-ਸਿਕਲ ਕਰਨ ਵਾਲਾ, ਜੰਗ (ਜੰਗਾਲ) ਉਤਾਰਨ ਵਾਲਾ। ਅਰਬੀ/ਫ਼ਾਰਸੀ 'ਚ 'ਸਕਲ' (ਸਿਕਲ) ਦਾ ਅਰਥ ਹੈ- ਸਾਫ਼ ਕਰਨ ਦੀ ਕਿਰਿਆ, ਜੰਗ ਉਤਾਰ ਕੇ ਸ਼ਸਤਰ ਆਦਿ ਨੂੰ ਚਮਕਾਉਣ ਦਾ ਕਰਮ।
ਪੰਜਾਬ ਦੇ ਟੱਪਰੀਵਾਸ ਕਬੀਲਿਆਂ 'ਚ ਸਿਕਲੀਗਰ ਕਬੀਲੇ ਦਾ ਪ੍ਰਮੁੱਖ ਸਥਾਨ ਹੈ। ਸਿਕਲੀਗਰ ਕਬੀਲੇ ਦੇ ਲੋਕ ਲੋਹੇ ਦੇ ਕੰਮ ਨਾਲ ਜੁੜੇ ਹੋਏ ਹਨ। ਇਸ ਕਬੀਲੇ ਦੇ ਲੋਕ ਲੋਹੇ ਦੇ ਨਿਪੁੰਨ ਕਾਰੀਗਰ ਹੁੰਦੇ ਹਨ। ਇਹ ਲੋਹੇ ਤੋਂ ਹਥਿਆਰ ਅਤੇ ਘਰੇਲੂ ਲੋੜੀਂਦੀਆਂ ਵਸਤਾਂ ਤਿਆਰ ਕਰਦੇ ਹਨ। ਲੋਹੇ ਦੇ ਹਥਿਆਰ ਬਣਾਉਣ 'ਚ ਇਨ੍ਹਾਂ ਨੂੰ ਖ਼ਾਸ ਮੁਹਾਰਤ ਹਾਸਿਲ ਹੁੰਦੀ ਹੈ। ਜੇਕਰ ਇਨ੍ਹਾਂ ਦੇ ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਆਪਣਾ ਸੰਬੰਧ ਰਾਜਸਥਾਨ ਦੇ ਮਾਰਵਾੜ ਦੇ ਇਲਾਕੇ ਦੇ ਨਾਲ ਜੋੜਦੇ ਹਨ। ਕਬੀਲੇ ਦੇ ਲੋਕਾਂ ਅਨੁਸਾਰ ਇਨ੍ਹਾਂ ਦੇ ਪੂਰਵਜ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੁਲਾਵੇ 'ਤੇ ਪੰਜਾਬ ਆਏ ਸਨ। ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਹਿਬਾਨਾਂ ਦੀ ਸੇਵਾ 'ਚ ਵਿਚਰਦੇ ਰਹੇ। ਇਹ ਗੁਰੂ ਸਹਿਬਾਨਾਂ ਅਤੇ ਸਿੱਖਾਂ ਵਾਸਤੇ ਹਥਿਆਰ ਤਿਆਰ ਕਰਦੇ ਸਨ। ਸਿਕਲੀਗਰ ਕਬੀਲੇ ਦੇ ਬਾਬਾ ਰਾਮ ਸਿੰਘ ਅਤੇ ਬਾਬਾ ਵੀਰ ਸਿੰਘ ਗੁਰੂ ਗੋਬਿੰਦ ਸਿੰਘ ਦੀ ਫ਼ੌਜ 'ਚ ਉੱਚ ਅਹੁਦਿਆਂ 'ਤੇ ਰਹੇ ਸਨ। ਇਨ੍ਹਾਂ ਨੇ ਆਪਣੇ ਹੱਥੀਂ ਤਿਆਰ ਕੀਤੀਆਂ ਵਿਸ਼ੇਸ਼ ਕਿਸਮ ਦੀਆਂ ਬੰਦੂਕਾਂ ਗੁਰੂ ਸਾਹਿਬ ਨੂੰ ਭੇਟ ਕੀਤੀਆਂ ਸਨ। ਗੁਰੂ ਸਾਹਿਬ ਦੀ ਮਿਹਰ ਹੇਠ ਇਹ ਸਿੱਖ ਧਰਮ ਨਾਲ ਜੁੜ ਗਏ। ਸਿਕਲੀਗਰ ਕਬੀਲੇ ਦੇ ਲੋਕ ਜ਼ਿਆਦਾਤਰ ਨਿਰੰਕਾਰੀ ਸੰਪਰਦਾਇ ਅਤੇ ਸਿੱਖ ਧਰਮ ਨਾਲ ਜੁੜੇ ਹੋਏ ਹਨ। ਸਿੱਖ ਰਾਜ ਦੇ ਪਤਨ ਤੋਂ ਬਾਅਦ ਹਥਿਆਰ ਬਣਾਉਣ ਦੇ ਕਿੱਤੇ ਦਾ ਵੀ ਪਤਨ ਹੋ ਗਿਆ। ਸੋ, ਅੱਜ ਸਿਕਲੀਗਰ ਕਬੀਲੇ ਨਾਲ ਸੰਬੰਧਤ ਲੋਕ ਬਹੁਗਿਣਤੀ 'ਚ ਬਾਜ਼ਾਰੂ ਵਸਤਾਂ ਨੂੰ ਹੀ ਪਿੰਡਾਂ 'ਚ ਵੇਚਣ ਜਾਂਦੇ ਹਨ ਜਾਂ ਰਸੋਈ 'ਚ ਲੋੜੀਂਦੀਆਂ ਛੋਟੀਆਂ-ਮੋਟੀਆਂ ਵਸਤਾਂ ਹੀ ਤਿਆਰ ਕਰਦੇ ਹਨ। ਸਿਕਲੀਗਰ ਕਬੀਲੇ 'ਚ ਗੋਤਰ ਸਤਰੀਕਰਣ ਪਾਇਆ ਜਾਂਦਾ ਹੈ। ਸਿਕਲੀਗਰ ਕਬੀਲੇ ਨੂੰ ਮੁੱਖ ਰੂਪ 'ਚ ਤੇਰਾਂ ਗੋਤਾਂ 'ਚ ਵੰਡਿਆ ਜਾਂਦਾ ਹੈ। ਸਕਲੀਗਰ ਕਬੀਲੇ ਦੇ ਪ੍ਰਮੱਖ ਗੋਤਰ ਜੂਨੀ, ਡਾਂਗੀ, ਭੇਂਟ, ਟਾਂਕ, ਖੀਚੀ, ਤਲਬਿਥੀਆਂ, ਬਊਰੀਏ, ਘਾਸੀ ਟਾਂਕ, ਪਟੋਆ, ਘਟਾੜੇ, ਪਿਆਲਾ, ਜਿਊਣੀ ਆਦਿ ਹਨ। ਇਨ੍ਹਾਂ ਗੋਤਰਾਂ ਦੀਆਂ ਅੱਗੋਂ ਉਪ ਗੋਤਰਾਂ ਵੀ ਹਨ। ਗੋਤਰਾਂ ਨੂੰ ਲੈ ਕੇ ਕਬੀਲੇ 'ਚ ਸਖ਼ਤ ਮਨਾਹੀਆਂ ਮੌਜੂਦ ਹਨ। ਸਾਰੇ ਗੋਤਰਾਂ ਵਲੋਂ ਹੀ ਇਨ੍ਹਾਂ ਮਨਾਹੀਆਂ ਦੀ ਪਾਲਣਾ ਕੀਤੀ ਜਾਂਦੀ ਹੈ।
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਤਕ ਦੇ ਲੰਮੇ ਸਮੇਂ ਦੌਰਾਨ ਹਥਿਆਰਬੰਦ ਸੰਘਰਸ਼ ਦੀ ਲੋੜ ਨਾ ਪਈ। ਇਹ ਹਾਲਾਤ ਰਾਜਪੂਤੀ ਸੁਭਾਅ ਦੇ ਅਨੁਕੂਲ ਨਹੀਂ ਸਨ। ਇਸੇ ਸਮੇਂ ਦੌਰਾਨ ਕੁਝ ਮਾਰਵਾੜੀ ਪਰਿਵਾਰ ਵਾਪਸ ਮਾਤ-ਭੂਮੀ ਵੱਲ ਪਰਤ ਗਏ। ਕਈ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਖਿੰਡ ਗਏ। ਕਈਆਂ ਨੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਰਿਆਸਤੀ ਰਜਵਾੜਿਆਂ ਨੂੰ ਹਥਿਆਰ ਵੇਚਣ ਲੱਗ ਪਏ। ਦੂਜੇ ਪਾਸੇ, ਮਾਰਵਾੜ ਅਤੇ ਹੋਰ ਰਾਜਪੂਤ ਰਾਜਿਆਂ-ਰਜਵਾੜਿਆਂ ਦੀਆਂ ਆਪਸੀ ਲੜਾਈਆਂ, ਮੁਗ਼ਲਾਂ ਦੇ ਹਮਲਿਆਂ, ਰਾਜਪੂਤਾਂ ਦੇ ਆਪਸੀ ਵੈਰ-ਵਿਰੋਧ ਅਤੇ ਪਰਿਵਾਰਕ ਤੰਗੀ-ਤਰੁਸ਼ੀ ਦੇ ਸਤਾਏ ਬਹੁਤ ਸਾਰੇ ਰਾਜਪੂਤ ਪਰਿਵਾਰ ਮਾਤ-ਭੂਮੀ ਛੱਡ ਕੇ ਪੰਜਾਬ ਵੱਲ ਆ ਰਹੇ ਸਨ। ਇਹ ਘੁਮੱਕੜ/ਟੱਪਰੀਵਾਸ ਕਬੀਲਿਆਂ ਦੇ ਰੂਪ 'ਚ ਇੱਧਰ-ਉੱਧਰ ਘੁੰਮਦੇ ਰਹਿੰਦੇ ਸਨ ਅਤੇ ਟਿਕ ਕੇ ਨਹੀਂ ਸੀ ਬਹਿੰਦੇ।
ਹੌਲੀ-ਹੌਲੀ ਇਹ ਮੁੱਖ ਧਾਰਾ ਨਾਲੋਂ ਟੁੱਟ ਗਏ। ਜਿਹੜੇ ਪਰਿਵਾਰ ਕਿਸੇ ਕਾਰਨ ਵਾਪਸ ਆਪਣੀ ਧਰਤੀ ਵੱਲ ਪਰਤ ਵੀ ਜਾਂਦੇ, ਉਨ੍ਹਾਂ ਨੂੰ ਮਾਰਵਾੜ ਦੀ ਰਾਜਪੂਤ ਅੱਖ ਨਫ਼ਰਤ ਨਾਲ ਵੇਖਦੀ ਸੀ। ਮਾਰਵਾੜ ਰਹਿੰਦੇ ਰਾਜਪੂਤਾਂ ਨੇ ਇਨ੍ਹਾਂ ਦੇ ਰਿਸ਼ਤੇ ਲੈਣ-ਦੇਣ ਤੋਂ ਨਾਂਹ ਕਰ ਦਿੱਤੀ। ਅਜਿਹੀਆਂ ਸਥਿਤੀਆਂ 'ਚੋਂ ਹੀ ਵੱਟੋ-ਸੱਟਾ ਵਿਆਹ-ਪ੍ਰਥਾ ਪ੍ਰਚੱਲਿਤ ਹੋਈ ਅਤੇ ਅਜਿਹੇ ਕਈ ਕਾਰਨ ਪੈਦਾ ਹੋਏ, ਜਿਨ੍ਹਾਂ ਨੇ ਮਾਰਵਾੜੀ ਲੋਹਾਰਾਂ ਨੂੰ ਕਬੀਲਾਵਾਦ ਦੀਆਂ ਪੀਡੀਆਂ ਵਲਗਣਾਂ 'ਚ ਜਕੜ ਦਿੱਤਾ। ਇੱਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਜਾਤੀ-ਪਾਤੀ ਭਾਵਨਾ ਦੇ ਨਾਲ-ਨਾਲ ਕਈ ਹੋਰ ਸਮਾਜਿਕ ਬੰਦਿਸ਼ਾਂ ਤੇ ਕਬੀਲਾਵਾਦੀ ਰੀਤਾਂ ਸ਼ੁਰੂ ਤੋਂ ਹੀ ਰਾਜਪੂਤੀ ਜੀਵਨ-ਸ਼ੈਲੀ ਅਤੇ ਸੁਭਾਅ ਦਾ ਹਿੱਸਾ ਬਣ ਚੁੱਕੀਆਂ ਹਨ।
ਇਕ ਰਵਾਇਤ ਅਨੁਸਾਰ ਲੋਹਾਰਾਂ ਨੂੰ 'ਸਿਕਲੀਗਰ' ਦੀ ਉਪਾਧੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਪ੍ਰਦਾਨ ਕੀਤੀ ਸੀ। ਡਾ. ਕਿਰਪਾਲ ਸਿੰਘ ਕਜ਼ਾਕ ਨੇ ਸਿਕਲੀਗਰ ਬਜ਼ੁਰਗਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਕਬੀਲਾ ਮਾਰਵਾੜੀ ਲੋਹਾਰਾਂ ਨੂੰ ਪ੍ਰੇਮ ਅਤੇ ਸ਼ਰਧਾ ਨਾਲ ਹਥਿਆਰਾਂ ਨੂੰ ਚਮਕਾਉਂਦੇ (ਸਿਕਲ ਕਰਦੇ) ਵੇਖਿਆ ਤਾਂ ਉਨ੍ਹਾਂ ਖ਼ੁਸ਼ ਹੋ ਕੇ ਕਬੀਲੇ ਦੀ ਸਮੁੱਚੀ ਲੋਹਵੰਸ਼ ਨੂੰ ਹੀ 'ਸਿਕਲੀਗਰਾਂ' ਦੀ ਉਪਾਧੀ ਨਾਲ ਨਿਵਾਜ ਦਿੱਤਾ, ਜਿਸ ਮਗਰੋਂ ਇਹ ਸਮੁੱਚਾ ਕਬੀਲਾ ਹੀ ਸਿਕਲੀਗਰਾਂ ਵਜੋਂ ਜਾਣਿਆ ਜਾਣ ਲੱਗਾ।
ਗੁਰੂ ਗੋਬਿੰਦ ਸਿੰਘ ਤੋਂ ਬਾਅਦ 'ਸਿਕਲੀਗਰ' ਸ਼ਬਦ, ਸ਼ਸਤਰ ਤਿਆਰ ਕਰਨ ਵਾਲੇ ਮਾਰਵਾੜੀ ਕਬੀਲਿਆਂ ਲਈ ਰੂੜ੍ਹ ਹੋ ਚੁੱਕਾ ਸੀ। ਉਹ ਤਲਵਾਰ ਦਾ ਯੁੱਗ ਸੀ, ਜਦੋਂ ਆਧੁਨਿਕ ਹਥਿਆਰਾਂ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਬਿਨਾਂ ਸ਼ੱਕ ਅਠ੍ਹਾਰਵੀਂ ਸਦੀ ਦੌਰਾਨ ਹਥਿਆਰਬੰਦ ਸੰਘਰਸ਼ ਜ਼ੋਰਾਂ 'ਤੇ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਅਤੇ ਉਸ ਤੋਂ ਬਾਅਦ ਸ਼ਸਤਰਾਂ ਦੀ ਲੋੜ ਸੁਭਾਵਿਕ ਸੀ। ਅਜਿਹੇ ਸਮੇਂ ਬਾਬਾ ਬੰਦਾ ਸਿੰਘ ਨਾਲ ਸਿਕਲੀਗਰਾਂ ਦੇ ਹੋਣ ਬਾਰੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਇਸੇ ਕਾਰਨ ਉਸ ਸਮੇਂ ਸਿਕਲੀਗਰ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ, ਟੱਪਰੀਵਾਸ ਤਰਜ਼ 'ਤੇ ਘੁੰਮਦੇ-ਘੁੰਮਾਉਂਦੇ ਹੀ ਹਥਿਆਰ ਬਣਾਉਂਦੇ ਅਤੇ ਸਥਾਨਕ ਰਜਵਾੜਿਆਂ ਸਮੇਤ ਜਿੱਥੇ-ਜਿੱਥੇ ਵੀ ਸੰਭਵ ਹੁੰਦਾ, ਵੇਚ ਦਿੰਦੇ। ਇਸ ਕੰਮ ਦੇ ਨਾਲ-ਨਾਲ ਉਨ੍ਹਾਂ ਨੇ ਆਮ ਲੋਕਾਂ ਲਈ ਚਾਕੂ-ਛੁਰੀਆਂ ਆਦਿ ਚੀਜ਼ਾਂ ਬਣਾਉਣ ਦੇ ਕੰਮ ਕਰਨੇ ਵੀ ਜਾਰੀ ਰੱਖੇ ਹੋਏ ਸਨ।
ਰਾਜੇ-ਰਜਵਾੜਿਆਂ ਦੀ ਆਪਸੀ ਖਹਿਬਾਜ਼ੀ/ਖਾਨਾਜੰਗੀ ਅਤੇ ਬਦੇਸ਼ੀ ਹਮਲਾਵਰਾਂ ਦੀ ਵਜ੍ਹਾ ਕਰਕੇ ਸਿਕਲੀਗਰ ਕਬੀਲੇ ਦੀ ਬੱਝਵੀਂ ਸ਼ਕਤੀ ਖਿੰਡ-ਪੁੰਡ ਚੁੱਕੀ ਸੀ। ਇਸ ਕਬੀਲੇ ਦੇ ਛੋਟੇ-ਛੋਟੇ ਟੋਲੇ, ਵੱਖੋ-ਵੱਖਰੀ ਥਾਵਾਂ 'ਤੇ ਵੱਖ-ਵੱਖ ਰਾਜਿਆਂ, ਸਰਦਾਰਾਂ ਲਈ ਕੰਮ ਕਰਦੇ ਸਨ। ਮਿਸਲਾਂ ਦੇ ਪ੍ਰਬੰਧ ਦੌਰਾਨ ਵੀ ਸਿਕਲੀਗਰ ਕਬੀਲੇ ਦੇ ਕਾਰੀਗਰ, ਵੱਖ-ਵੱਖ ਮਿਸਲਾਂ ਲਈ ਜੰਗੀ ਸਾਜ਼ੋ-ਸਾਮਾਨ ਤਿਆਰ ਕਰਦੇ ਸਨ।
(ਬਾਕੀ 4 ਜਨਵਰੀ ਐਤਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਜਮਹੂਰੀਅਤ ਤਾਨਾਸ਼ਾਹੀ ਦੇ ਉਲਟ ਹੈ। ਇਹ ਸਿਰਫ ਹੱਕਾਂ ਦੀ ਮੰਗ ਨਹੀਂ ਕਰਦੀ, ਸਗੋਂ ਜ਼ਿੰਮੇਵਾਰੀਆਂ ਵੀ ਪਾਉਂਦੀ ਹੈ। -ਜੋਨ ਡਰਾ... ਅਗਲੀ ਖ਼ਬਰ ਤੇਰਾ ਸਵਾਗਤ ਹੈ ਵਿਨੇਸ਼ ਫੋਗਾਟ
Ad Position 24