111 ਸਾਲਾ ਜੈਕਸਨ ਲੀ ਚਾਂਗ ਤੋਂ ਉਸ ਦੇ 90 ਸਾਲਾ ਪੁੱਤਰ ਨੇ ਜਾਣਨਾ ਚਾਹਿਆ ਕਿ ਉਸ ਦੀ ਲੰਮੀ ਉਮਰ ਦਾ ਰਾਜ਼ ਕੀ ਹੈ? ਤਾਂ ਉਸ ਨੇ ਦੱਸਿਆ, 'ਮੈਂ ਹਮੇਸ਼ਾ ਲਗਾਤਾਰ ਕੰਮ ਕਰਦਾ ਹਾਂ। ਇਹੀ ਮੇਰਾ ਲੰਮੀ ਉਮਰ ਦਾ ਰਾਜ਼ ਹੈ।' ਇਸ ਦਾ ਮਤਲਬ ਇਹ ਨਹੀਂ ਕਿ ਨਿਯਮ ਨਾਲ ਬੱਝ ਜਾਓ ਪਰ ਇਕ ਵਾਰ ਜੇਕਰ ਅਸੀਂ ਕੋਈ ਕੰਮ ਕਿਸੇ ਪੱਕੇ ਸਮੇਂ 'ਤੇ ਕਰਨਾ ਤੈਅ ਕਰ ਲਿਆ ਹੋਵੇ ਤਾਂ ਉਸ ਨੂੰ ਉਸੇ ਪੱਕੇ ਸਮੇਂ ਸਿਰ ਕਰੋ।
ਹਰ ਕੰਮ ਦਾ ਆਪਣਾ ਸਮਾਂ ਹੁੰਦਾ ਹੈ। ਸੌਣਾ ਰਾਤ ਨੂੰ ਸਰਬੋਤਮ ਹੈ ਤਾਂ ਨਹਾਉਣਾ ਸਵੇਰੇ। ਸੂਰਜ ਉਦੈ ਹੁੰਦਾ ਹੈ, ਕੁਦਰਤ ਇਕ ਹੀ ਚੱਕਰ ਵਿਚ ਆਪਣੇ ਮੌਸਮ ਬਦਲਦੀ ਹੈ। ਸਾਲ ਇਕ ਨਿਸਚਿਤ ਸਮੇਂ ਵਿਚ ਆਉਂਦਾ ਹੈ। ਇਹੀ ਕੁਦਰਤ ਦਾ ਨਿਯਮ ਹੈ।
ਕੁਦਰਤ ਤੋਂ ਮਨੁੱਖ ਵੱਖਰਾ ਨਹੀਂ ਹੈ। ਇਹੀ ਨਿਯਮ ਮਨੁੱਖ ਅਖ਼ਤਿਆਰ ਕਰ ਲਵੇ ਤਾਂ ਉਸ ਨੂੰ ਲੰਮੀ ਉਮਰ ਹਾਸਿਲ ਹੋ ਸਕਦੀ ਹੈ। ਸਵੇਰੇ ਸਮੇਂ ਸਿਰ ਉੱਠਣਾ, ਕਸਰਤ ਕਰਨੀ, ਨਹਾਉਣਾ, ਖਾਣਾ, ਸਭ ਕੁਝ ਨਿਯਮਤ ਰੂਪ ਨਾਲ ਚੱਲਣ ਲੱਗਣ ਤਾਂ ਆਦਮੀ ਕਦੀ ਬਿਮਾਰ ਹੀ ਨਾ ਹੋਵੇ। ਜਦੋਂ ਬਿਮਾਰੀ ਨਹੀਂ ਘੇਰੇਗੀ ਤਾਂ ਸਿਹਤ ਨਹੀਂ ਡਿੱਗੇਗੀ। ਸਿਹਤ ਠੀਕ ਹੈ ਤਾਂ ਲੰਮੀ ਉਮਰ ਯਕੀਨਨ ਹਾਸਿਲ ਹੋਵੇਗੀ। ਲੰਮੀ ਉਮਰ ਹਾਸਿਲ ਕਰਨ ਲਈ ਨਿਯਮ ਅਨੁਸਾਰ ਜੀਵਨ ਜਿਊਣਾ ਜ਼ਰੂਰੀ ਹੈ। ਜ਼ਰਾ ਦੇਖੋ :
* ਸਾਫ਼ ਹਵਾ, ਸਾਫ਼ ਭੋਜਨ, ਸਾਫ਼ ਮਨੋਰੰਜਨ, ਸਾਫ਼ ਕੱਪੜੇ, ਸਾਫ਼ ਸੁਥਰਾ ਸਰੀਰ ਆਦਿ ਰੱਖਣ ਦਾ ਧਿਆਨ ਰੱਖੋ।
* ਲੰਮੇ ਤੇ ਸੁਭਾਵਿਕ ਸਾਹ ਲਓ। ਜੇਕਰ ਤੁਸੀਂ ਖਰਾਟੇ ਲੈਂਦੇ ਹੋ ਤਾਂ ਲਓ ਤਾਂ ਸ਼ਰਮ ਨਾ ਮਹਿਸੂਸ ਕਰੋ।
* ਆਪਣਾ ਹਰ ਕੰਮ ਸੁਭਾਵਿਕ ਰੂਪ ਵਿਚ ਕਰੋ। ਮਹਿਮਾਨ ਜਾਂ ਵਿਸ਼ੇਸ਼ ਵਿਅਕਤੀ ਦੇ ਆਉਣ 'ਤੇ ਬਨਾਉਟੀ ਸ਼ਿਸ਼ਟਾਚਾਰ ਦੇ ਬੋਝ 'ਚ ਨਾ ਰਹੋ। ਆਪਣੀ ਸੁਭਾਵਿਕ ਮੁਦਰਾ ਵਿਚ ਰਹੋ।
* ਭਾਵਨਾਵਾਂ ਨੂੰ ਨਾ ਮਾਰੋ। ਪਹਿਲਾਂ ਤਾਂ ਗੁੱਸਾ ਕਰੋ ਹੀ ਨਾ। ਸ਼ਾਂਤ ਰਹੋ। ਜਦੋਂ ਗੁੱਸਾ ਆ ਵੀ ਜਾਵੇ ਤਾਂ ਚੀਕੋ। ਇਸ ਨਾਲ ਮਨ ਹਲਕਾ ਹੋਵੇਗਾ। ਸਰੀਰ 'ਤੇ ਵਾਧੂ ਬੋਝ ਤੇ ਮਾਨਸਿਕ ਦਬਾਅ ਨਹੀਂ ਰਹੇਗਾ।
* ਘਰ ਵਿਚ ਸਾਫ਼ ਹਵਾ ਆਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਬੰਦ ਕਮਰੇ ਵਿਚ ਨਾ ਸੌਂਵੋ। ਹੋ ਸਕੇ ਤਾਂ ਬਾਹਰ ਜਾਂ ਛੱਤ 'ਤੇ ਸੌਂਵੋ।
* ਸਰੀਰ ਦੇ ਅੰਗਾਂ ਦੀ ਲਗਾਤਾਰ ਸਫ਼ਾਈ ਕਰੋ। ਮਲ ਦੋ ਵਾਰ ਤਿਆਗ ਕਰੋ। ਦੰਦ ਸਵੇਰੇ ਤੇ ਰਾਤ ਨੂੰ ਸਾਫ਼ ਕਰਨਾ ਨਾ ਭੁੱਲੋ। ਹਫ਼ਤੇ ਵਿਚ ਇਕ ਵਾਰ ਵਰਤ ਕਰਨ ਨਾਲ ਪੇਟ ਦੀ ਸਫ਼ਾਈ ਹੋਵੇਗੀ।
* ਭੁੱਖ ਤੋਂ ਜ਼ਿਆਦਾ ਭੋਜਨ ਕਰਨਾ ਹਾਨੀਕਾਰਕ ਹੈ। ਜ਼ਿਆਦਾ ਖਾਣੇ ਨਾਲ ਮੋਟਾਪਾ ਵਧਦਾ ਹੈ ਤੇ ਹਾਜ਼ਮਾ ਕਿਰਿਆ ਖ਼ਰਾਬ ਹੋ ਜਾਂਦੀ ਹੈ, ਜਿਸ ਨਾਲ ਕਈ ਬਿਮਾਰੀਆਂ ਨੂੰ ਜਨਮ ਮਿਲਦਾ ਹੈ।
* ਹਰ ਅੰਗ ਨੂੰ ਆਪਣਾ ਨਿਯਮਬੱਧ ਕੰਮ ਕਰਨ ਦਿਓ। ਦੰਦਾਂ ਨਾਲ ਭੋਜਨ ਚੰਗੀ ਤਰ੍ਹਾਂ ਚਬਾਓ। ਇਸ ਤਰ੍ਹਾਂ ਨਾ ਹੋਵੇ ਕਿ ਦੰਦਾਂ ਦਾ ਕੰਮ ਪੇਟ ਨੂੰ ਕਰਨਾ ਪਵੇ। ਨੱਕ ਸਾਹ ਲੈਣ ਲਈ ਹੈ। ਉਸੇ ਰਾਹੀਂ ਸਾਹ ਲਓ, ਮੂੰਹ ਰਾਹੀਂ ਨਾ ਲਓ ਭਾਵ ਜੋ ਅੰਗ ਜਿਸ ਕੰਮ ਲਈ ਸਹੀ ਹਨ, ਉਸ ਤੋਂ ਉਹੀ ਕੰਮ ਲਓ।
* ਸਰੀਰ ਨੂੰ ਆਰਾਮ ਨਾ ਦਿਓ। ਚੱਲਣ ਸਮੇਂ ਸਿੱਧੇ ਰਹੋ, ਬੈਠੋ ਤਾਂ ਤਣ ਕੇ। ਸਰੀਰ ਨੂੰ ਗ਼ੈਰ-ਜ਼ਰੂਰੀ ਝੁਕਾਅ ਨਾ ਦਿਓ।
* ਸਵਾਦ ਤੋਂ ਬਚੋ। ਚਟਪਟੀਆਂ ਚੀਜ਼ਾਂ ਨਾ ਖਾਓ। ਮਿਰਚ-ਮਸਾਲੇ ਘੱਟ ਖਾਓ। ਜ਼ਹਿਰੀਲੇ ਪਦਾਰਥ, ਦਵਾਈਆਂ ਆਦਿ ਤੋਂ ਦੂਰੀ ਬਣਾਓ।
* ਤਾਕਤ ਅਨੁਸਾਰ ਕੰਮ ਕਰੋ। ਥੱਕ ਜਾਓ ਤਾਂ ਥੋੜ੍ਹਾ ਆਰਾਮ ਕਰੋ, ਥਕਾਵਟ ਦੂਰ ਕਰੋ। ਫਿਰ ਕੰਮ ਕਰਨਾ ਸ਼ੁਰੂ ਕਰੋ। ਤਾਕਤ ਅਨੁਸਾਰ ਹੀ ਜਾਗੋ। ਆਰਾਮ ਵੀ ਲਗਾਤਾਰ ਸਮੇਂ ਅਨੁਸਾਰ ਹੀ ਕਰੋ।
ਲੰਮੀ ਉਮਰ ਇੰਝ ਹਾਸਿਲ ਕਰੋ
ਅਜੀਤ ਡੈਸਕ
26-12-2025