07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

26-12-2025

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

 ਨੇਤਾਵਾਂ ਦੇ ਲਾਰੇ

ਚਾਹੇ ਪੈਟਰੋਲ, ਡੀਜ਼ਲ ਜਾਂ ਗੈਸ ਸਿਲੰਡਰ ਦਾ ਮੁੱਦਾ ਹੋਵੇ, ਜਾਂ ਕਰਮਚਾਰੀਆਂ ਦੇ ਬੋਨਸ, ਸ਼ਹਿਰੀ ਹਵਾਬਾਜ਼ੀ, ਬੀਮਾਂ ਜਾਂ ਦੂਰ ਸੰਚਾਰ ਵਿਚ ਵਿਦੇਸ਼ੀ ਸਰਮਾਇਆ ਲਾਉਣ ਦਾ ਸਾਰਿਆਂ ਬਾਰੇ ਸੱਤਾਧਾਰੀ ਪਾਰਟੀ ਵਿਰੋਧੀ ਪਾਰਟੀਆਂ ਦੇ ਵਿਚਾਰ ਟਕਰਾਅ ਰਹੇ ਹਨ। ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਦਾ ਭਲਾ ਕਰਨ, ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦੀਆਂ ਗੱਲਾਂ ਚੋਣ ਪ੍ਰਚਾਰ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਦੇਸ਼ ਦੀ ਖੇਤੀ ਤੇ ਉਦਯੋਗ ਪਹਿਲਾਂ ਵਾਂਗ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ। ਦੇਸ਼ ਦਾ ਕਿਸਾਨ ਆਪਣੀ ਖੇਤੀ ਨੂੰ ਲਗਾਤਾਰ ਘਾਟੇ ਦਾ ਸੌਦਾ ਹੋਣ ਦੇ ਬਾਵਜੂਦ ਕਿਸੇ ਹੋਰ ਬਦਲ ਦੀ ਥੁੜ੍ਹ ਕਾਰਨ ਸਾਹੂਕਾਰਾਂ, ਪੱਕੇ ਆੜ੍ਹਤੀਆਂ ਅਤੇ ਅਮੀਰ ਜ਼ਿੰਮੇਦਾਰਾਂ ਦੇ ਕਰਜ਼ਿਆਂ ਦੇ ਲੱਕ ਤੋੜਨੇ ਵਿਆਜ ਕਾਰਨ ਭੁੱਖਮਰੀ ਦਾ ਸ਼ਿਕਾਰ ਹੁੰਦਾ ਹੈ ਅਤੇ ਫਿਰ ਇਹ ਖ਼ੁਦਕੁਸ਼ੀ ਦੀ ਵਜ੍ਹਾ ਬਣ ਜਾਂਦੀ ਹੈ। ਸਰਕਾਰ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਝੂਠੇ ਦਾਅਵੇ ਕਰ ਰਹੀ ਹੈ। ਦਿਨੋ-ਦਿਨ ਨਸ਼ਾ ਵਧ ਰਿਹਾ ਹੈ ਅਤੇ ਨਸ਼ੇ ਕਰਕੇ ਹਰ ਰੋਜ਼ ਦੋ ਜਾਂ ਚਾਰ ਮੌਤਾਂ ਹੋ ਰਹੀਆਂ ਹਨ। ਪਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ।

-ਡਾ. ਨਰਿੰਦਰ ਭੱਪਰ ਝਬੇਲਵਾਲੀ

ਪੇਂਡੂ ਸੜਕਾਂ ਦੀ ਮਾੜੀ ਹਾਲਤ

ਇਹ ਗੱਲ ਆਮ ਦੇਖਣ-ਸੁਣਨ ਨੂੰ ਮਿਲਦੀ ਹੈ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਪੇਂਡ ਸੜਕਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਸੜਕਾਂ ਉੱਪਰ ਵੱਡੇ-ਵੱਡੇ ਖੱਡੇ ਅਤੇ ਪੱਥਰ-ਬੱਜਰੀ ਆਦਿ ਖਿੱਲ੍ਹਰੇ ਹੋਏ ਆਮ ਦੇਖੇ ਜਾ ਸਕਦੇ ਹਨ। ਜਿਸ ਕਰਕੇ ਲੋਕਾਂ ਨੂੰ ਆਪਣੇ ਵਾਹਨਾਂ ਰਾਹੀਂ ਆਉਣ ਜਾਣ ਵਿਚ ਕਾਫੀ ਮੁਸ਼ਕਿਲ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਰ ਵੇਲੇ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਮਿਸਾਲ ਦੇ ਤੌਰ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ-ਟਾਂਡਾ ਮੇਨ ਰੋਡ 'ਤੇ ਪੈਂਦੇ ਅੱਡਾ ਸਰਾਂ ਤੋਂ ਜਿਹੜੀ ਸੜਕ ਅੱਡਾ ਚੋਲਾਂਗ (ਜਲੰਧਰ) ਨੂੰ ਬਾਇਆ ਕੰਧਾਲਾ ਜੱਟਾਂ, ਘੋੜੇਬਾਹਾ, ਨੰਗਲ ਫਰੀਦ, ਜੌੜਾਂ ਤੋਂ ਖਰਲ ਖੁਰਦ ਹੁੰਦੀ ਹੋਈ ਜਾਂਦੀ ਹੈ ਅਤੇ ਜੋ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਹੋਈ ਹੈ, ਦੀ ਹਾਲਤ ਦੇਖੀ ਜਾ ਸਕਦੀ ਹੈ, ਜਿਹੜੀ ਥਾਂ ਪੁਰ ਥਾਂ ਤੋਂ ਟੁੱਟੀ ਹੋਈ ਹੈ। ਇਸ ਸੜਕ 'ਤੇ ਰਾਤ ਸਮੇਂ ਤਾਂ ਇਕ ਪਾਸੇ ਰਿਹਾ, ਦਿਨ ਵੇਲੇ ਵੀ ਚੱਲਣਾ ਮੁਸ਼ਕਿਲ ਹੁੰਦਾ ਹੈ। ਸੋ, ਪੰਜਾਬ ਸਰਕਾਰ ਪਾਸੋਂ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਲੋਕ ਹਿੱਤ ਵਿਚ ਉਕਤ ਸੜਕ ਸਮੇਤ ਪੰਜਾਬ ਦੀਆਂ ਅਤੇ ਖ਼ਾਸ ਕਰਕੇ ਪੇਂਡੂ ਇਲਾਕੇ ਦੀਆਂ ਸੜਕਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਦੀ ਮਾਈਨਰ ਜਾਂ ਮੇਜਰ ਮੁਰੰਮਤ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਜੰਕ ਫੂਡ-ਬੱਚਿਆਂ ਲਈ ਮਿੱਠਾ ਜ਼ਹਿਰ

ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਜਿਥੇ ਸੁਵਿਧਾਵਾਂ ਵਧੀਆਂ ਹਨ, ਉਥੇ ਹੀ ਖਾਣ-ਪੀਣ ਦੀਆਂ ਆਦਤਾਂ ਵੀ ਬਦਲ ਗਈਆਂ ਹਨ। ਘਰ ਦੇ ਤਾਜ਼ੇ ਅਤੇ ਪੌਸ਼ਟਿਕ ਭੋਜਨ ਦੀ ਥਾਂ ਜੰਕ ਫੂਡ ਨੇ ਲੈ ਲਈ ਹੈ। ਬਰਗਰ, ਪਿਜ਼ਾ, ਨੂਡਲਜ਼, ਚਿਪਸ, ਕੋਲਡ ਡ੍ਰਿੰਕਸ ਅਤੇ ਤਲੀਆਂ-ਭੁੰਨੀਆਂ ਚੀਜ਼ਾਂ ਬੱਚਿਆਂ ਵਿਚ ਤੇਜ਼ੀ ਨਾਲ ਲੋਕਪ੍ਰਿਅ ਹੋ ਰਹੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਬੱਚਿਆਂ ਦੇ ਬੌਧਿਕ ਵਿਕਾਸ ਲਈ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ। ਬੱਚਿਆਂ ਦਾ ਦਿਮਾਗ਼ ਛੋਟੀ ਉਮਰ ਵਿਚ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ। ਇਸ ਦੌਰਾਨ ਪ੍ਰੋਟੀਨ, ਆਇਰਨ, ਉਮੇਗਾ-3 ਫੈਟੀ ਐਸਿਡ, ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਪੂਰੀ ਮਾਤਰਾ ਬਹੁਤ ਜ਼ਰੂਰ ਹੁੰਦੀ ਹੈ। ਜੰਕ ਫੂਡ ਵਿਚ ਇਹ ਤੱਤ ਬਹੁਤ ਘੱਟ ਹੁੰਦੇ ਹਨ, ਜਦਕਿ ਚਰਬੀ, ਨਮਕ ਅਤੇ ਸ਼ੱਕਰ ਦੀ ਮਾਤਰਾ ਕਾਫੀ ਵਧ ਹੁੰਦੀ ਹੈ। ਇਸ ਦਾ ਸਿੱਧਾ ਅਸਰ ਬੱਚਿਆਂ ਦੀ ਯਾਦਦਾਸ਼ਤ, ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਅਤੇ ਸਿੱਖਣ ਦੀ ਪ੍ਰਕਿਰਿਆ 'ਤੇ ਪੈਂਦਾ ਹੈ। ਡਾਕਟਰਾਂ ਮੁਤਾਬਿਕ ਜ਼ਿਆਦਾ ਜੰਕ ਫੂਡ ਖਾਣ ਵਾਲੇ ਬੱਚਿਆਂ ਵਿਚ ਚਿੜਚਿੜਾਪਨ, ਥਕਾਵਟ, ਧਿਆਨ ਦੀ ਕਮੀ ਅਤੇ ਪੜ੍ਹਾਨ ਵਿਚ ਦਿਲਚਸਪੀ ਘਟਣ ਵਰਗੀਆਂ ਸਮੱਸਿਆਵਾਂ ਆਮ ਦੇਖੀਆਂ ਜਾ ਰਹੀਆਂ ਹਨ। ਲੰਮੇ ਸਮੇਂ ਤੱਕ ਇਹ ਆਦਤ ਰਹਿਣ ਨਾਲ ਮੋਟਾਪਾ, ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ, ਜੋ ਅੱਗੇ ਚਲ ਕੇ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਕੂਲਾਂ ਅਤੇ ਘਰਾਂ ਵਿਚ ਬੱਚਿਆਂ ਨੂੰ ਸਿਹਤਮੰਦ ਘਰੇਲੂ ਭੋਜਨ ਵੱਲ ਪ੍ਰੇਰਿਤ ਕਰਨਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ।

-ਸੁਖਵਿੰਦਰ ਸਿੰਘ ਹੈਪੀ,
-ਮੋਰਿੰਡਾ।

ਭਾਵਨਾਵਾਂ ਦਾ ਸਨਮਾਨ, ਵਿਕਾਸ ਦੀ ਪਹਿਲ

ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ ਵੱਖ-ਵੱਖ ਧਰਮ, ਭਾਸ਼ਾਵਾਂ ਅਤੇ ਵਿਚਾਰਾਂ ਦੇ ਲੋਕ ਇਕੱਠੇ ਵਸਦੇ ਹਨ। ਇਹੀ ਵਿਭਿੰਨਤਾ ਭਾਰਤ ਦੀ ਅਸਲ ਤਾਕਤ ਹੈ। ਹਰ ਨਾਗਰਿਕ ਨੂੰ ਆਪਣੀ ਆਸਥਾ ਅਤੇ ਸੋਚ 'ਤੇ ਮਾਣ ਕਰਨ ਦਾ ਪੂਰਾ ਹੱਕ ਹੈ ਅਤੇ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਦੇਸ਼ ਦੀ ਤਰੱਕੀ ਕਿਸੇ ਇਕ ਧਾਰਮਿਕ ਪਹਿਚਾਣ ਨਾਲ ਨਹੀਂ ਸਗੋਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਨਿਆਂ ਨਾਲ ਬਣਦੀ ਹੈ। ਜਦੋਂ ਸਭ ਲਈ ਬਰਾਬਰ ਵਿਕਾਸ ਹੋਵੇ ਅਤੇ ਕਿਸੇ ਦੀ ਭਾਵਨਾ ਨੂੰ ਕੋਈ ਠੇਸ ਨਹੀਂ ਪਹੁੰਚਦੀ, ਤਦ ਹੀ ਸਮਾਜ ਮਜ਼ਬੂਤ ਬਣਦਾ ਹੈ। ਭਾਵਨਾਵਾਂ ਦਾ ਸਨਮਾਨ ਕਰਦਿਆਂ ਵਿਕਾਸ ਨੂੰ ਪਹਿਲ ਦੇਣਾ ਹੀ ਇਕ ਖ਼ੁਸ਼ਹਾਲ ਅਤੇ ਇਕਜੁੱਟ ਭਾਰਤ ਲਈ ਸੁਨਹਿਰੀ ਰਾਹ ਹੈ।

-ਮੰਜੂ ਰਾਇਕਾ
ਭਿੰਡਰਾਂ ਸੰਗਰੂਰ।

ਨੌਜਵਾਨ ਪੀੜ੍ਹੀ ਕਿੱਧਰ ਨੂੰ?

ਅੱਜ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਨੌਜਵਾਨ ਪੀੜ੍ਹੀ ਤਰ੍ਹਾਂ-ਤਰ੍ਹਾਂ ਦੀਆਂ ਅਜਿਹੀਆਂ ਵੀਡੀਓਜ਼ ਦੇਖਦੀਆਂ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਡੇ ਲਈ ਫਾਇਦੇਮੰਦ ਹਨ ਕੀ ਨਹੀਂ? ਪਿਛੇ ਜਿਹੇ ਇਕ ਛੋਟੀ ਉਮਰ ਦੇ ਬੱਚੇ ਨੇ ਆਪਣੇ ਮਾਂ-ਬਾਪ ਦੀ ਜਮ੍ਹਾਂ ਕੀਤੀ ਸਾਰੀ ਪੂੰਜੀ ਹੀ ਗੁਆ ਦਿੱਤੀ। ਕੋਰੋਨਾ ਮਹਾਂਮਾਰੀ ਸਮੇਂ ਤਾਲਾਬੰਦੀ ਦੌਰਾਨ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋਈ। ਕਿਉਂਕਿ ਕੋਈ ਹੋਰ ਬਦਲ ਨਹੀਂ ਸੀ। ਹੁਣ ਕਿਤਾਬਾਂ ਪੜ੍ਹਨ ਦਾ ਰੁਝਾਨ ਦਿਨੋ-ਦਿਨ ਬੱਚਿਆਂ ਅੰਦਰ ਘਟਦਾ ਜਾ ਰਿਹਾ ਹੈ। ਹੁਣ ਤਾਂ ਬੱਚੇ ਜੋ ਸਿਲੇਬਸ ਕਿਤਾਬਾਂ ਵਿਚ ਦਿੱਤਾ ਹੁੰਦਾ ਹੈ, ਉਹ ਵੀ ਮੋਬਾਈਲਾਂ 'ਤੇ ਖੋਜ ਕਰਕੇ ਪੜ੍ਹ ਰਹੇ ਹਨ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਅੱਜ ਨੌਜਵਾਨਾਂ ਅੰਦਰ ਬਜ਼ੁਰਗਾਂ ਪ੍ਰਤੀ ਸਤਿਕਾਰ ਬਹੁਤ ਘੱਟ ਗਿਆ ਹੈ। ਨੌਜਵਾਨ ਪੀੜ੍ਹੀ ਨੂੰ ਟੋਕਾ-ਟਾਕੀ ਬਿਲਕੁਲ ਵੀ ਪਸੰਦ ਨਹੀਂ ਹੈ। ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਨੂੰ ਬਿਨਾਂ ਦੱਸੇ ਜੋ ਵੀ ਫੈਸਲੇ ਲੈਣੇ ਹੁੰਦੇ ਹਨ, ਲੈਂਦੀ ਹੈ। ਮਾਂ-ਬਾਪ ਨੂੰ ਬੱਚਿਆਂ ਨਾਲ ਨੇੜਤਾ ਬਣਾਉਣੀ ਚਾਹੀਦੀ ਹੈ, ਤਾਂ ਜੋ ਕੱਲ੍ਹ ਨੂੰ ਉਹ ਕੋਈ ਅਜਿਹਾ ਕਦਮ ਨਾ ਚੁੱਕਣ ਕਿ ਮਾਂ-ਬਾਪ ਨੂੰ ਸ਼ਰਮਿੰਦਾ ਹੋਣਾ ਪਵੇ।

-ਸੰਜੀਵ ਸਿੰਘ ਸੈਣੀ, ਮੋਹਾਲੀ।

 

Ad Position 22
No active advertisement
ਪਿਛਲੀ ਖ਼ਬਰ ਲੰਮੀ ਉਮਰ ਇੰਝ ਹਾਸਿਲ ਕਰੋ ਅਗਲੀ ਖ਼ਬਰ ਪੰਜਾਬ ਨੂੰ ਵਿਕਾਸ ਕੇਂਦਰਿਤ ਨੀਤੀਆਂ ਦੀ ਲੋੜ
Ad Position 24