ਇਤਿਹਾਸ ਦੀਆਂ ਕਿਤਾਬਾਂ ਅਨੁਸਾਰ ਪੁਰਾਤਨ ਸਮਿਆਂ ਵਿਚ ਭਾਰਤ ਨੂੰ ਮਹਾਨ ਦੇਸ਼ ਮੰਨਿਆ ਜਾਂਦਾ ਸੀ ਅਤੇ ਇਸ ਨੂੰ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ। ਪਰ ਵਿਦੇਸ਼ੀ ਜਰਵਾਣਿਆਂ ਨੇ ਇਸ 'ਤੇ ਲਗਾਤਾਰ ਹਮਲੇ ਕਰਕੇ ਇਸ ਦੇ ਇਤਿਹਾਸਕ ਸੁਨਹਿਰੀ ਪੰਨਿਆਂ ਨੂੰ ਧੂੜ ਨਾਲ ਭਰ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਵੀ ਇਨ੍ਹਾਂ ਪੰਨਿਆਂ ਵਿਚਲੀ ਧੂੜ ਨੂੰ ਸਾਫ਼ ਨਹੀਂ ਕੀਤਾ ਜਾ ਸਕਿਆ। ਅੱਜ ਭਾਰਤ ਦੇ ਇਕ ਵਾਰ ਫਿਰ ਮਹਾਨ ਦੇਸ਼ ਬਣਨ ਦਾ ਸੁਪਨਾ ਵੇਖਿਆ ਜਾ ਰਿਹਾ ਹੈ। ਆਉਂਦੇ ਦਹਾਕਿਆਂ ਵਿਚ ਇਸ ਨੂੰ ਦੁਨੀਆ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣਾਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਇਸ ਦੇਸ਼ ਦੀ ਹੋਣੀ ਲਗਾਤਾਰ ਸੰਤਾਪ ਭੋਗਦੀ ਆ ਰਹੀ ਹੈ।
ਅੱਜ ਵੀ ਵੱਡੇ ਯਤਨਾਂ ਦੇ ਬਾਵਜੂਦ ਕਰੋੜਾਂ ਲੋਕ ਗੁਰਬਤ ਭਰੀ ਬੇਹੱਦ ਸਤਹੀ ਜ਼ਿੰਦਗੀ ਜੀਅ ਰਹੇ ਹਨ। ਇਸ ਵੱਡੇ ਅਤੇ ਵਿਸ਼ਾਲ ਦੇਸ਼ ਲਈ ਹਾਲੇ ਤੱਕ ਵੀ ਪੁਖ਼ਤਾ ਅਤੇ ਸਖ਼ਤ ਯੋਜਨਾਬੰਦੀ ਨਹੀਂ ਕੀਤੀ ਜਾ ਰਹੀ। ਨਿੱਤ ਦਿਨ ਸਰਹਾਲ ਵਾਂਗ ਵਧਦੀ ਇਸ ਦੀ ਆਬਾਦੀ ਤੋਂ ਵੀ ਅਜਿਹਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ। ਜੇ ਬੇਨਿਯਮੀ ਆਬਾਦੀ ਇਸੇ ਤਰ੍ਹਾਂ ਵਧਦੀ ਜਾਏਗੀ ਤਾਂ ਦੇਸ਼ 'ਤੇ ਉਸੇ ਤਰ੍ਹਾਂ ਭਾਰ ਵੀ ਵਧਦਾ ਜਾਏਗਾ। ਇਸ ਦੇ ਵਿਕਾਸ ਅਤੇ ਉੱਨਤੀ ਦੀਆਂ ਗੱਲਾਂ ਸਤਹੀ ਪੱਧਰ 'ਤੇ ਖੋਖਲੀਆਂ ਬਣੀਆਂ ਨਜ਼ਰ ਆਉਣਗੀਆਂ। ਵਧਦੀ ਆਬਾਦੀ ਨਾਲ ਨੌਜਵਾਨਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਉਨ੍ਹਾਂ ਲਈ ਰੁਜ਼ਗਾਰ ਕਿਵੇਂ ਪੈਦਾ ਕੀਤਾ ਜਾਣਾ ਹੈ, ਇਸ ਦੀ ਚਿੰਤਾ ਸਾਡੀਆਂ ਸਰਕਾਰਾਂ ਅਤੇ ਸਮਾਜ ਦੇ ਮੁਹਤਬਰਾਂ ਨੂੰ ਨਹੀਂ ਹੈ। ਬੇਰੁਜ਼ਗਾਰੀ ਦਾ ਤਾਪ ਝੱਲ ਰਹੇ ਨੌਜਵਾਨਾਂ ਦੇ ਦ੍ਰਿਸ਼ ਬੇਹੱਦ ਤਰਸਯੋਗ ਜਾਪਣ ਲੱਗੇ ਹਨ। ਅੱਜ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਉਹ ਆਪਣੀ ਜੀਵਨ ਤੋਰ ਨੂੰ ਜਾਰੀ ਰੱਖਣ ਲਈ ਹਰ ਤਰ੍ਹਾਂ ਦਾ ਅੱਕ ਚੱਬਣ ਲਈ ਤਿਆਰ ਹਨ। ਇਸੇ ਕੜੀ ਵਿਚ ਹੀ ਉਨ੍ਹਾਂ ਦੀ ਵਿਦੇਸ਼ਾਂ ਨੂੰ ਲਾਈ ਜਾ ਰਹੀ ਦੌੜ ਹੈ। 'ਮਰਦਾ ਕੀ ਨਹੀਂ ਕਰਦਾ', ਉਹ ਕਿਸੇ ਵੀ ਤਰ੍ਹਾਂ ਇੱਥੋਂ ਨਿਕਲਣ ਨੂੰ ਸਿਰਫ਼ ਤਰਜੀਹ ਹੀ ਨਹੀਂ ਦੇ ਰਹੇ, ਸਗੋਂ ਤੜਫ਼ਦੇ ਨਜ਼ਰ ਆ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਵੀ ਇਸ ਦੌੜ ਵਿਚ ਸ਼ਾਮਿਲ ਹੋਣ ਲਈ ਤੱਤਪਰ ਦਿਖਾਈ ਦੇ ਰਹੇ ਹਨ। ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਭਾਰਤੀ ਨੌਜਵਾਨਾਂ ਨੂੰ ਆਪਣੇ ਫ਼ੌਜੀ ਜਹਾਜ਼ਾਂ ਵਿਚ ਲੱਦ ਕੇ ਇੱਥੇ ਭੇਜਿਆ, ਉਹ ਬੇਇੱਜ਼ਤ ਹੋਣ ਦਾ ਸੰਤਾਪ ਭੁੱਲਣ ਵਾਲਾ ਨਹੀਂ ਹੈ। ਉਸ ਤੋਂ ਬਾਅਦ ਵੀ ਲਗਾਤਾਰ ਇਹ ਖ਼ਬਰਾਂ ਮਿਲ ਰਹੀਆਂ ਹਨ ਕਿ ਨੌਜਵਾਨ ਕੋਈ ਵੀ ਹੀਲਾ-ਵਸੀਲਾ ਬਣਾ ਕੇ ਵਿਦੇਸ਼ਾਂ ਨੂੰ ਜਾਣ ਲਈ ਤੱਤਪਰ ਹਨ। ਜਾਅਲੀ ਪਾਸਪੋਰਟ ਬਣਾ ਕੇ ਨੌਜਵਾਨਾਂ ਨੂੰ ਭੁਚਲਾ ਦੇ ਵਿਦੇਸ਼ ਭੇਜਣ ਵਾਲੇ ਏਜੰਟਾਂ ਨੂੰ ਲਗਾਤਾਰ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਅਤੇ ਹਰ ਪਾਸਿਓਂ ਇਹ ਅਪੀਲਾਂ ਵੀ ਕੀਤੀਆਂ ਜਾਂਦੀਆਂ ਹਨ ਕਿ ਇਨ੍ਹਾਂ ਏਜੰਟਾਂ ਦੇ ਜਾਲ ਵਿਚ ਨਾ ਫਸਿਆ ਜਾਏ, ਪਰ ਹਨੇਰੇ ਭਵਿੱਖ ਵਿਚ ਕਦਮਾਂ ਦੀ ਇਹ ਟੋਹ ਰੁਕਦੀ ਨਜ਼ਰ ਨਹੀਂ ਆ ਰਹੀ। ਉਦਾਹਰਨ ਵਜੋਂ ਘਰ ਦੀ ਗਰੀਬੀ ਦੂਰ ਕਰਨ ਲਈ ਇਕ ਨੌਜਵਾਨ ਪਿਛਲੇ 10 ਮਹੀਨਿਆਂ ਤੋਂ ਮੋਰਾਕੋ ਵਿਚ ਫਸਿਆ ਰਿਹਾ। ਉਸ ਨੂੰ ਏਜੰਟ ਨੇ ਸਪੇਨ ਭੇਜਣ ਦਾ ਝਾਂਸਾ ਦਿੱਤਾ ਸੀ। ਇਸ ਲਈ ਉਸ ਦੇ ਲੋੜਵੰਦ ਮਾਪਿਆਂ ਨੇ ਕੋਈ ਔੜ-ਪੋਹੜ ਕਰਕੇ ਸੰਬੰਧੀਆਂ ਤੇ ਰਿਸ਼ਤੇਦਾਰਾਂ ਕੋਲੋਂ 13 ਲੱਖ ਰੁਪਏ ਇਕੱਠੇ ਕਰਕੇ ਏਜੰਟ ਨੂੰ ਦਿੱਤੇ, ਜਿਸ ਨੇ ਉਸ ਨੂੰ ਜੈਪੁਰ ਤੋਂ ਸਪੇਨ ਲਈ ਜਹਾਜ਼ ਚਾੜ੍ਹਿਆ ਪਰ ਸਪੇਨ ਦੀ ਥਾਂ ਉਸ ਨੂੰ ਮੋਰਾਕੋ ਵਿਚ ਫਸਾ ਦਿੱਤਾ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਇਸ ਨੌਜਵਾਨ ਸਮੇਤ 10 ਹੋਰ ਫਸੇ ਪੰਜਾਬੀ ਵੀ ਵਾਪਸ ਆਉਣ ਵਿਚ ਕਾਮਯਾਬ ਹੋਏ ਹਨ। ਇਸੇ ਅਪ੍ਰੈਲ ਦੇ ਮਹੀਨੇ ਲਾਊਸ ਵਿਚ ਧੋਖੇ ਨਾਲ ਗ਼ੈਰ ਕਾਨੂੰਨੀ ਕੰਮਾਂ ਵਿਚ ਫਸਾਏ ਗਏ 17 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਇਸ ਦੀ ਜਾਣਕਾਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਦਿੱਤੀ ਅਤੇ ਨਾਲ ਹੀ ਵਿਦੇਸ਼ ਮੰਤਰਾਲੇ ਵਲੋਂ ਇਹ ਬਿਆਨ ਵੀ ਜਾਰੀ ਕੀਤਾ ਗਿਆ ਕਿ ਦੱਖਣ ਪੂਰਬੀ ਏਸ਼ੀਆਈ ਮੁਲਕਾਂ ਵਿਚ ਨੌਕਰੀਆਂ ਦੇ ਮੌਕੇ ਲੱਭ ਰਹੇ ਭਾਰਤੀਆਂ ਨੂੰ ਨੌਕਰੀ ਦੇਣ ਵਾਲੀਆਂ ਕੰਪਨੀਆਂ ਦੇ ਪਿਛੋਕੜ ਦੀ ਵੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ।
ਇਨ੍ਹਾਂ ਖ਼ਬਰਾਂ ਨਾਲ ਹੀ ਹੁਣ ਇਕ ਹੋਰ ਬੇਹੱਦ ਦਿਲਚੀਰਵੀਂ ਖ਼ਬਰ ਮਿਲ ਰਹੀ ਹੈ ਕਿ ਡੌਂਕੀ ਰਾਹੀਂ ਆਸਟ੍ਰੇਲੀਆ ਜਾਣ ਲਈ ਨਿਕਲੇ ਤਿੰਨ ਨੌਜਵਾਨਾਂ ਨੂੰ ਈਰਾਨ ਵਿਚ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਉਸ ਤੋਂ ਬਾਅਦ ਉਹ ਲਗਾਤਾਰ ਇਨ੍ਹਾਂ ਦੀਆਂ ਮਾਰਧਾੜ ਕਰਨ ਵਾਲੀਆਂ ਤਸਵੀਰਾਂ ਪਰਿਵਾਰਾਂ ਨੂੰ ਭੇਜਦੇ ਰਹੇ ਹਨ ਅਤੇ ਉਨ੍ਹਾਂ ਨੂੰ ਛੱਡਣ ਲਈ ਇਨ੍ਹਾਂ ਅਗਵਾਕਾਰਾਂ ਵਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਸੰਬੰਧਿਤ ਏਜੰਟ ਨੇ ਉਨ੍ਹਾਂ ਨੂੰ ਦਿੱਲੀ ਤੋਂ ਦੁਬਈ ਭੇਜਿਆ ਅਤੇ ਕਿਹਾ ਕਿ ਈਰਾਨ ਵਿਚ ਕੁਝ ਸਮੇਂ ਲਈ ਰੁਕਣਾ ਪਵੇਗਾ, ਜਿੱਥੇ ਉਨ੍ਹਾਂ ਨੂੰ ਗ਼ੈਰ ਸਮਾਜਿਕ ਅਨਸਰਾਂ ਵਲੋਂ ਅਗਵਾ ਕਰ ਲਿਆ ਗਿਆ। ਇਸ ਸੰਬੰਧੀ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਈਰਾਨ ਸਥਿਤ ਭਾਰਤੀ ਦੂਤਘਰ ਨਾਲ ਕੇਂਦਰ ਸਰਕਾਰ ਰਾਹੀਂ ਇਨ੍ਹਾਂ ਦੀ ਰਿਹਾਈ ਲਈ ਸੰਪਰਕ ਬਣਾਇਆ ਹੋਇਆ ਹੈ। ਇਸ ਦੇ ਨਾਲ ਹੀ ਧਾਲੀਵਾਲ ਨੇ ਪੰਜਾਬੀ ਪਰਿਵਾਰਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗਲਤ ਢੰਗ-ਤਰੀਕਿਆਂ ਨਾਲ ਵਿਦੇਸ਼ਾਂ ਵਿਚ ਭੇਜਣ ਦਾ ਯਤਨ ਨਾ ਕਰਨ। ਪਰ ਪੰਜਾਬ ਦੇ ਬਹੁਤੇ ਨੌਜਵਾਨਾਂ ਦੀ ਇਹ ਸੰਤਾਪ ਭਰੀ ਅਜਿਹੀ ਹੋਣੀ ਹੈ, ਜਿਸ ਦਾ ਕੋਈ ਸਿਰਾ ਨਜ਼ਰ ਨਹੀਂ ਆ ਰਿਹਾ। ਸ਼ਾਇਦ ਅਜਿਹਾ ਸੰਤਾਪ ਆਉਂਦੇ ਲੰਮੇ ਸਮੇਂ ਤੱਕ ਪੰਜਾਬ ਅਤੇ ਦੇਸ਼ ਨੂੰ ਭੋਗਣਾ ਪਵੇਗਾ।
-ਬਰਜਿੰਦਰ ਸਿੰਘ ਹਮਦਰਦ