ਚਿੰਨਾਸਵਾਮੀ ਸਟੇਡੀਅਮ ਬੈਂਗਲੁਰੂ ਵਿਚ ਆਈ.ਪੀ.ਐਲ. ਦੇ 18ਵੇਂ ਕ੍ਰਿਕਟ ਕੱਪ ਦੀ ਜੇਤੂ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਸਵਾਗਤ ਲਈ ਕਰਵਾਏ ਗਏ ਸਮਾਰੋਹ ਵਿਚ ਭਗਦੜ ਮਚਣ ਕਾਰਨ 11 ਲੋਕਾਂ ਦੇ ਮਾਰੇ ਜਾਣ ਅਤੇ ਕੁਝ 33 ਲੋਕਾਂ ਦੇ ਜ਼ਖ਼ਮੀ ਹੋ ਜਾਣ ਨਾਲ, ਜਿੱਥੇ ਡੇਢ ਮਹੀਨੇ ਤੱਕ ਚੱਲੇ ਆਈ.ਪੀ.ਐਲ. ਕ੍ਰਿਕਟ ਕੱਪ ਦੀ ਖ਼ੁਸ਼ੀ ਮਾਤਮ ਵਿਚ ਬਦਲ ਗਈ ਹੈ, ਉਥੇ ਇਸ ਨਾਲ ਕੌੜੀਆਂ ਯਾਦਾਂ ਦੀ ਪੀੜਾ ਵੀ ਸਦਾ ਲਈ ਜੁੜ ਗਈ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਇਹ ਜਿੱਤ 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਹੋਏ ਕ੍ਰਿਕਟ ਮੈਚ ਵਿਚ ਪਿਛਲੇ 18 ਸਾਲਾਂ ਵਿਚ ਪਹਿਲੀ ਵਾਰ ਹਾਸਿਲ ਕੀਤੀ ਸੀ, ਅਤੇ ਕ੍ਰਿਕਟ ਦੇ ਕਿੰਗ ਕਹੇ ਜਾਣ ਵਾਲੇ ਵਿਰਾਟ ਕੋਹਲੀ ਦੀ ਸ਼ਮੂਲੀਅਤ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਇਸੇ ਕਾਰਨ ਇਹ ਜਿੱਤ ਬੇਹੱਦ ਇਤਿਹਾਸਕ ਬਣ ਗਈ ਸੀ। ਸ਼ਾਇਦ ਇਸੇ ਲਈ ਇਹ ਵੱਡਾ ਸਮਾਗਮ ਰੱਖਿਆ ਗਿਆ ਸੀ, ਪਰ ਇਸ ਜਸ਼ਨ ਦੇ ਇਹੋ ਜਿਹੇ ਅੰਜਾਮ ਨੇ ਦੇਸ਼ ਦੇ ਕ੍ਰਿਕਟ ਇਤਿਹਾਸ ਦੀ ਕਿਤਾਬ ਵਿਚ ਇਕ ਲਾਲ ਪੰਨਾ ਵੀ ਜੋੜ ਦਿੱਤਾ ਹੈ, ਜਿਸ ਦੀਆਂ ਕੌੜੀਆਂ ਯਾਦਾਂ ਭਵਿੱਖ ਵਿਚ ਦੇਰ ਤੱਕ ਕ੍ਰਿਕਟ ਪ੍ਰੇਮੀਆਂ ਨੂੰ ਦੁੱਖ ਦਿੰਦੀਆਂ ਰਹਿਣਗੀਆਂ।
ਦੱਸਣਯੋਗ ਹੈ ਕਿ ਆਈ.ਪੀ.ਐਲ. ਕ੍ਰਿਕਟ ਕੱਪ ਮਤਲਬ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਮੈਚ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਵਲੋਂ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਇਕ ਦਿਨ ਪਹਿਲਾਂ ਹੀ ਹਰਾਇਆ ਸੀ। ਦੇਸ਼ ਭਰ ਦੇ 13 ਵੱਡੇ ਸ਼ਹਿਰਾਂ ਦੇ ਕ੍ਰਿਕਟ ਸਟੇਡੀਅਮਾਂ ਵਿਚ ਹੋਏ ਕੁਲ 74 ਮੈਚਾਂ ਵਾਲੀ ਇਸ ਪ੍ਰਤੀਯੋਗਤਾ ਨੇ ਲਗਾਤਾਰ 42 ਦਿਨ ਤੱਕ ਦੇਸ਼ ਦੇ ਕਰੋੜਾਂ ਲੋਕਾਂ ਨੂੰ ਇਕ ਪਾਸੇ ਜਿਥੇ ਟੈਲੀਵਿਜ਼ਨ ਸੈੱਟਾਂ ਅਤੇ ਮਬਾਈਲ ਫੋਨਾਂ ਨਾਲ ਜੋੜੀ ਰੱਖਿਆ, ਉਥੇ ਕਰੋੜਾਂ ਲੋਕਾਂ ਨੇ ਬਹੁਤ ਮਹਿੰਗੀਆਂ ਟਿਕਟਾਂ ਖਰੀਦ ਕੇ, ਖਚਾਖਚ ਭਰੇ ਸਟੇਡੀਅਮਾਂ ਵਿਚ ਅੱਧੀ-ਅੱਧੀ ਰਾਤ ਤੱਕ ਬੈਠ ਕੇ ਮੈਚਾਂ ਦਾ ਆਨੰਦ ਮਾਣਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮਤਲਬ (ਬੀ.ਸੀ.ਸੀ.ਆਈ) ਵਲੋਂ ਕਰਵਾਈ ਜਾਂਦੀ ਦੁਨੀਆ ਦੀ ਇਸ ਸਭ ਤੋਂ ਵੱਡੀ ਕ੍ਰਿਕਟ ਪ੍ਰਤੀਯੋਗਤਾ ਵਿਚ ਇਸ ਸਾਲ ਕੁੱਲ ਦਸ ਟੀਮਾਂ ਨੇ ਹਿੱਸਾ ਲਿਆ ਸੀ। ਆਈ.ਪੀ.ਐਲ. ਦੁਨੀਆ ਦਾ ਸਭ ਤੋਂ ਅਮੀਰ ਅਤੇ ਖਿਡਾਰੀਆਂ ਨੂੰ ਅਮੀਰ ਬਣਾਉਣ ਵਾਲਾ ਕ੍ਰਿਕਟ ਕੱਪ ਹੈ।
ਇਸ ਦੀ ਸ਼ੁਰੂਆਤ ਸਾਲ 2008 ਵਿਚ ਹੋਈ ਸੀ ਅਤੇ ਮੌਜੂਦਾ ਆਯੋਜਨ ਆਈ.ਪੀ.ਐਲ. ਦਾ 18ਵਾਂ ਸੈਸ਼ਨ ਸੀ। ਵਿਸ਼ਵ ਵਿਚ ਕ੍ਰਿਕਟ 'ਚ ਵੀਹ ਓਵਰਾਂ ਵਾਲੇ ਮੈਚਾਂ ਦੀ ਸ਼ੁਰੂਆਤ ਸਾਲ 2002 ਵਿਚ ਬੈਨਸਨ ਐਂਡ ਹੈਜਸ ਕੱਪ ਦੀ ਸਮਾਪਤੀ ਤੋਂ ਬਾਅਦ ਕ੍ਰਿਕਟਰ ਐਂਡ੍ਰਿਊ ਸਟਰਾਸ ਦੀਆਂ ਕੋਸ਼ਿਸ਼ਾਂ ਨਾਲ ਹੋਈ ਸੀ। ਕ੍ਰਿਕਟ ਵਿਚ ਅੱਜ ਭਾਰਤ ਸਭ ਤੋਂ ਵੱਡਾ ਆਯੋਜਕ ਦੇਸ਼ ਬਣ ਗਿਆ ਹੈ। ਭਾਰਤ ਦੀ ਵੱਡੀ ਆਬਾਦੀ ਅਤੇ ਇਸ ਆਬਾਦੀ ਦੇ ਕ੍ਰਿਕਟ ਪ੍ਰੇਮ ਦਾ ਹੀ ਇਹ ਸਿੱਟਾ ਹੈ ਕਿ ਅਰਬਾਂ-ਖਰਬਾਂ ਰੁਪਏ ਦੀ ਖੇਡ ਵਿਚ ਖਿਡਾਰੀਆਂ, ਬੀ.ਸੀ.ਸੀ.ਆਈ. ਅਤੇ ਸਪਾਂਸਰਾਂ ਤੇ ਮੀਡੀਆ ਸਾਰਿਆਂ ਦੇ ਵਾਰੇ ਨਿਆਰੇ ਹੋ ਜਾਂਦੇ ਹਨ।
ਕ੍ਰਿਕਟ ਦੀ ਸਭ ਤੋਂ ਮਕਬੂਲ ਅਤੇ ਆਨੰਦ ਦੇਣ ਵਾਲੀ ਇਹ ਖੇਡ, ਪੰਜ ਦਿਨਾਂ ਟੈੱਸਟ ਮੈਚਾਂ ਤੋਂ ਉਲਟ ਪਹਿਲਾਂ ਜਦੋਂ 50-50 ਓਵਰ ਵਾਲੇ ਇਕ ਦਿਨਾਂ ਅਤੇ ਫਿਰ 20-20 ਓਵਰਾਂ ਵਾਲੇ ਟੀ-ਟਵੰਟੀ ਮੈਚਾਂ ਦਾ ਆਯੋਜਨ ਹੋਣਾ ਸ਼ੁਰੂ ਹੋਇਆ, ਤਾਂ ਇੰਝ ਲੱਗਿਆ ਕਿ ਕਿਤੇ ਇਹ ਫਟਾਫਟ ਆਯੋਜਨ ਟੈੱਸਟ ਕ੍ਰਿਕਟ ਨੂੰ ਤਹਿਸ-ਨਹਿਸ ਨਾ ਕਰ ਦੇਣ, ਪਰ ਇਹ ਸ਼ਾਇਦ ਇਸ ਖੇਡ ਦਾ ਆਕਰਸ਼ਨ ਹੀ ਹੈ ਕਿ, ਟੀ-ਟਵੰਟੀ ਦਾ ਜਲਵਾ ਤਾਂ ਵਧਿਆ ਹੀ ਹੈ, ਟੈੱਸਟ ਕ੍ਰਿਕਟ ਮੈਚਾਂ ਦਾ ਰੁਮਾਂਚ ਵੀ ਨਹੀਂ ਘਟਿਆ।
ਹੁਣ ਤੱਕ ਹੋਏ ਕੁਲ 18 ਆਈ.ਪੀ.ਐਲ. ਸੈਸ਼ਨਾਂ ਵਿਚ ਪੰਜ-ਪੰਜ ਵਾਰ ਮੁੰਬਈ ਇੰਡੀਅਨਜ਼ ਅਤੇ ਚੇੱਨਈ ਸੁਪਰ ਕਿੰਗਜ਼ ਦੀਆਂ ਟੀਮਾਂ ਜਿੱਤੀਆਂ ਹਨ, ਜਦੋਂ ਕਿ ਤਿੰਨ ਵਾਰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਇਕ-ਇਕ ਵਾਰ ਰਾਜਸਥਾਨ ਰਾਇਲਜ਼, ਡੈਕਨ ਚਾਰਜਜ਼, ਸਨਰਾਈਜ਼ਰਜ਼ ਹੈਦਰਾਬਾਦ, ਗੁਜਰਾਤ ਟਾਈਟਨਜ਼ ਨੇ ਟ੍ਰਾਫੀ ਜਿੱਤੀ ਹੈ। ਇਸ ਵਾਰ ਦੇ 18ਵੇਂ ਸਮਾਗਮ ਵਿਚ ਏ ਅਤੇ ਬੀ. ਗਰੁਪਾਂ ਵਿਚ ਪੰਜ-ਪੰਜ ਟੀਮਾਂ ਸ਼ਾਮਿਲ ਸਨ। ਕੁਆਲੀਫਾਇਰ ਇਕ, ਦੋ ਅਤੇ ਐਲਮੀਨੇਟਰ ਤੱਕ ਚਾਰ ਟੀਮਾਂ ਬਚੀਆਂ ਸਨ-ਪੰਜਾਬ ਸੁਪਰ ਕਿੰਗਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ, ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਜ਼। ਇਨ੍ਹਾਂ ਵਿਚੋਂ ਪੰਜਾਬ ਕਿੰਗਜ਼ ਦੀ ਟੀਮ ਇਕ ਕੁਆਲੀਫਾਇਰ ਹਾਰ ਜਾਣ ਦੇ ਬਾਵਜੂਦ, ਐਲਮੀਨੇਟਰ ਵਿਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ, ਪਰ ਫਾਈਨਲ ਵਿਚ ਪੰਜਾਬ ਕਿੰਗਜ਼ ਦੀ ਕਿਸਮਤ ਧੋਖਾ ਦੇ ਗਈ ਅਤੇ ਟ੍ਰਾਫੀ ਦੀ ਮਜ਼ਬੂਤ ਦਾਵੇਦਾਰ ਪੰਜਾਬ ਦੀ ਇਹ ਟੀਮ 6 ਦੌੜਾਂ ਨਾਲ ਰਾਇ੍ ਚੈਲੇਂਜਰਜ਼ ਬੈਂਗਲੁਰੂ ਤੋਂ ਹਾਰ ਗਈ। ਇਸ ਜਿੱਤ ਨੂੰ ਮਨਾਉਣ ਲਈ ਹੀ ਬੈਂਗਲੁਰੂ ਦੇ ਚਿੰਨਾਸੁਆਮੀ ਸਟੇਡੀਅਮ ਵਿਚ ਟੀਮ ਲਈ ਸਵਾਗਤੀ ਸਮਾਗਮ ਰੱਖਿਆ ਗਿਆ ਸੀ।
ਬਿਨਾਂ ਸ਼ੱਕ ਆਰ.ਸੀ.ਬੀ. ਦੀਆਂ ਖੁਸ਼ੀਆਂ ਫਿੱਕੀਆਂ ਪਈਆਂ ਹਨ, ਪਰ ਅਸੀਂ ਸਮਝਦੇ ਹਾਂ ਕਿ ਇਸ ਘਟਨਾ ਦੇ ਬਾਵਜੂਦ ਖੇਡ ਦੀ ਭਾਵਨਾ ਢਹਿ-ਢੇਰੀ ਨਹੀਂ ਹੋਣੀ ਚਾਹੀਦੀ। ਇਹੋ ਜਿਹੇ ਹਾਦਸੇ ਭਵਿੱਖ ਵਿਚ ਚੌਕਸੀ ਬਣਾਏ ਰੱਖਣ ਦਾ ਵੀ ਸੰਦੇਸ਼ ਦਿੰਦੇ ਹਨ। ਜਸ਼ਨ ਦੇ ਸਮਾਰੋਹ ਵਿਚ ਭੀੜ ਵਧ ਗਈ, ਪਰ ਜਿੱਤ ਦੇ ਉਤਸ਼ਾਹ ਵਾਲੇ ਇੰਨੇ ਵੱਡੇ ਪੱਧਰ 'ਤੇ ਸਮਾਗਮ ਲਈ ਚੰਗੀ ਵਿਵਸਥਾ ਨਹੀਂ ਕੀਤੀ ਗਈ ਸੀ। ਜਿਸ ਕਾਰਨ ਇਹ ਹਾਦਸਾ ਹੋ ਗਿਆ। ਬਿਨਾਂ ਸ਼ੱਕ ਖੇਡ ਦੇ ਜਸ਼ਨ 'ਤੇ ਇਹ ਇਕ ਵੱਡਾ ਜ਼ਖ਼ਮ ਹੈ। ਦੇਸ਼ ਦੀਆਂ ਸੰਵੇਦਨਾਵਾਂ ਇਸ ਘਟਨਾ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਨਾਲ ਹਨ।
ਜਿੱਤ ਦਾ ਜਸ਼ਨ ਤੇ ਦੁਰਘਟਨਾ ਦਾ ਗ਼ਮ
ਅਜੀਤ ਡੈਸਕ
05-06-2025